ਪਰ ਕੰਗਣਾ ਦੀ ਰਾਇ ’ਚ ਵਿਆਹਾਂ ਦੇ 99 ਫੀਸਦੀ ਕੇਸਾਂ ’ਚ ਮਰਦ ਹੀ ਕਸੂਰਵਾਰ ਹੁੰਦੇ
ਬੇਂਗਲੁਰੂ : ਅਦਾਕਾਰਾ ਤੇ ਭਾਜਪਾ ਦੀ ਲੋਕ ਸਭਾ ਮੈਂਬਰ ਕੰਗਣਾ ਰਣੌਤ ਨੇ ਬੁੱਧਵਾਰ ਕਿਹਾ ਕਿ ਬੇਂਗਲੁਰੂ ਦੇ ਆਰਟੀਫਿਸ਼ਿਅਲ ਇੰਟੈਲੀਜੈਂਸ ਇੰਜੀਨੀਅਰ ਅਤੁਲ ਸੁਭਾਸ਼, ਜਿਸ ਨੇ 9 ਦਸੰਬਰ ਨੂੰ ਖੁਦਕੁਸ਼ੀ ਕਰ ਲਈ, ਦੀ ਵੀਡੀਓ ਦਿਲ ਤੋੜਨ ਵਾਲੀ ਹੈ, ਪਰ ਵਿਆਹ ਨਾਲ ਸੰਬੰਧਤ ਬਹੁਤੇ ਮਾਮਲਿਆਂ ਵਿਚ ਬੰਦੇ ਹੀ ਜ਼ਿੰਮੇਵਾਰ ਹੁੰਦੇ ਹਨ।
ਬਿਹਾਰ ਦੇ 34 ਸਾਲਾ ਅਤੁਲ ਸੁਭਾਸ਼ ਨੇ ਪਤਨੀ ਤੇ ਉਸ ਦੇ ਪਰਵਾਰ ’ਤੇ ਪ੍ਰੇਸ਼ਾਨ ਕਰਨ ਦਾ ਦੋਸ਼ ਲਾ ਕੇ ਖੁਦਕੁਸ਼ੀ ਕਰ ਲਈ ਸੀ। ਉਸ ਦੀ ਲਾਸ਼ ਬੇਂਗਲੁਰੂ ਦੇ ਮੰਜੂਨਾਥ ਲੇਆਊਟ ਏਰੀਆ ਵਿਚਲੀ ਉਸ ਦੀ ਰਿਹਾਇਸ਼ ’ਚ ਲਟਕਦੀ ਮਿਲੀ। ਬੇਂਗਲੁਰੂ ਵਿੱਚ ਪ੍ਰਾਈਵੇਟ ਫਰਮ ਵਿੱਚ ਕੰਮ ਕਰਦਾ ਸੁਭਾਸ਼ 24 ਸਫਿਆਂ ਦਾ ਖੁਦਕੁਸ਼ੀ ਨੋਟ ਛੱਡ ਗਿਆ ਹੈ, ਜਿਸ ਵਿੱਚ ਉਸ ਨੇ ਪਤਨੀ, ਉਸ ਦੇ ਘਰਦਿਆਂ ਤੇ ਯੂ ਪੀ ਦੀ ਇੱਕ ਜੱਜ ਤੋਂ ਤੰਗ ਆ ਕੇ ਖੁਦਕੁਸ਼ੀ ਕਰਨ ਦੀ ਗੱਲ ਕਹੀ ਹੈ। ਕੰਗਣਾ ਨੇ ਕਿਹਾ ਹੈ ਕਿ ਇਸ ਘਟਨਾ ਤੋਂ ਬਾਅਦ ਸਾਰਾ ਦੇਸ਼ ਸੁੰਨ ਹੈ। ਜਾਲ੍ਹੀ ਨਾਰੀਵਾਦ ਨਿੰਦਣਯੋਗ ਹੈ। ਕਰੋੜਾਂ ਰੁਪਏ ਵਸੂਲਣ ਦੀ ਗੱਲ ਹੈ, ਪਰ ਕੰਗਣਾ ਨੇ ਨਾਲ ਹੀ ਇਹ ਵੀ ਕਿਹਾ ਕਿ ਵਿਆਹਾਂ ਦੇ 99 ਫੀਸਦੀ ਮਾਮਲਿਆਂ ਵਿੱਚ ਮਰਦ ਹੀ ਗਲਤ ਹੁੰਦੇ ਹਨ। ਇਸੇ ਕਰਕੇ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ।
ਸੁਭਾਸ਼ ਨੇ ਵੀਡੀਓ ਵਿੱਚ ਦੱਸਿਆ ਕਿ ਉਹ ਖੁਦਕੁਸ਼ੀ ਕਿਉ ਕਰ ਰਿਹਾ ਹੈ। ਉਸ ਨੇ ਕਿਹਾਮੈਂ ਮਹਿਸੂਸ ਕਰਦਾ ਹਾਂ ਕਿ ਖੁਦਕੁਸ਼ੀ ਕਰ ਲੈਣੀ ਚਾਹੀਦੀ ਹੈ, ਕਿਉਕਿ ਮੈਂ ਜੋ ਪੈਸਾ ਕਮਾਉਦਾ ਹਾਂ, ਉਹ ਮੇਰੇ ਦੁਸ਼ਮਣਾਂ ਨੂੰ ਤਕੜੇ ਕਰ ਰਿਹਾ ਹੈ। ਉਹੀ ਪੈਸਾ ਮੈਨੂੰ ਤਬਾਹ ਕਰਨ ਲਈ ਵਰਤਿਆ ਜਾਵੇਗਾ ਅਤੇ ਇਹ ਚੱਕਰ ਚਲਦਾ ਰਹੇਗਾ। ਮੇਰੇ ਟੈਕਸਾਂ ਦੇ ਪੈਸੇ ਨਾਲ ਇਹ ਕੋਰਟ ਤੇ ਪੁਲਸ ਸਿਸਟਮ ਮੈਨੂੰ, ਮੇਰੇ ਪਰਵਾਰ ਤੇ ਹੋਰ ਚੰਗੇ ਲੋਕਾਂ ਨੂੰ ਪ੍ਰੇਸ਼ਾਨ ਕਰੇਗਾ। ਸੋ, ਇਸ ਪੈਸੇ ਦੀ ਸਪਲਾਈ ਖਤਮ ਕਰ ਦੇਣੀ ਚਾਹੀਦੀ ਹੈ। ਸੁਭਾਸ਼ ਨੇ ਇਹ ਵੀ ਕਿਹਾ ਕਿ ਉਸ ਦੀ ਲਾਸ਼ ਕੋਲ ਪਤਨੀ ਤੇ ਉਸ ਦੇ ਪਰਵਾਰ ਨੂੰ ਨਾ ਆਉਣ ਦਿੱਤਾ ਜਾਵੇ। ਉਸ ਨੇ ਪਰਵਾਰ ਨੂੰ ਕਿਹਾ ਕਿ ਜੇ ਉਸ ਨੂੰ ਤੰਗ-ਪ੍ਰੇਸ਼ਾਨ ਕਰਨ ਵਾਲੇ ਦੋਸ਼ੀ ਨਾ ਪਾਏ ਗਏ ਤਾਂ ਉਸ ਦੇ ਫੁੱਲ ਕੋਰਟ ਦੇ ਬਾਹਰ ਗਟਰ ਵਿੱਚ ਸੁੱਟ ਦਿਓ।
ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਯੂ ਪੀ ਦੇ ਜੌਨਪੁਰ ਦੀ ਪਤਨੀ ਨਿਕਿਤਾ ਸਿੰਘਾਨੀਆ, ਉਸ ਦੀ ਮਾਤਾ ਨਿਸ਼ਾ ਸਿੰਘਾਨੀਆ, ਭਰਾ ਅਨੁਰਾਗ ਸਿੰਘਾਨੀਆ ਤੇ ਅੰਕਲ ਸੁਸ਼ੀਲ ਸਿੰਘਾਨੀਆ ਖਿਲਾਫ ਖੁਦਕੁਸ਼ੀ ਲਈ ਉਕਸਾਉਣ ਦਾ ਕੇਸ ਦਰਜ ਕਰ ਲਿਆ ਗਿਆ ਹੈ। ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਤੇ ਅਜੇ ਕਈ ਗਿ੍ਰਫਤਾਰੀ ਨਹੀਂ ਕੀਤੀ।
ਸੁਭਾਸ਼ ਦੇ ਭਰਾ ਬਿਕਾਸ ਨੇ ਪੁਲਸ ਕੋਲ ਲਿਖਵਾਈ ਰਿਪੋਰਟ ਵਿੱਚ ਕਿਹਾ ਹੈ ਕਿ ਨਿਕਿਤਾ ਤੇ ਸੁਭਾਸ਼ ਦਾ ਵਿਆਹ 2019 ਵਿੱਚ ਹੋਇਆ ਸੀ ਤੇ ਉਨ੍ਹਾਂ ਦਾ ਇਕ ਬੱਚਾ ਹੈ। ਚੌਹਾਂ ਮੁਲਜ਼ਮਾਂ ਨੇ ਤਲਾਕ ਦਾ ਮਾਮਲਾ ਹੱਲ ਕਰਨ ਲਈ ਤਿੰਨ ਕਰੋੜ ਮੰਗੇ। ਇਸ ਤੋਂ ਇਲਾਵਾ ਨਿਕਿਤਾ ਨੇ ਚਾਰ ਸਾਲਾ ਬੱਚੇ ਨੂੰ ਮਿਲਣ ਦੀ ਆਗਿਆ ਦੇਣ ਲਈ 30 ਲੱਖ ਰੁਪਏ ਮੰਗੇ।
ਸੁਭਾਸ਼ ਨੇ ਖੁਦਕੁਸ਼ੀ ਨੋਟ ਵਿੱਚ ਜਿਸ ਜੱਜ ਦਾ ਜ਼ਿਕਰ ਕੀਤਾ ਹੈ, ਉਹ ਜੌਨਪੁਰ ਦੀ ਫੈਮਿਲੀ ਕੋਰਟ ਦੀ ਜੱਜ ਰੀਤਾ ਕੌਸ਼ਿਕ ਹੈ। ਸੁਭਾਸ਼ ਨੇ ਉਸ ’ਤੇ ਹੱਕ ਵਿਚ ਫੈਸਲਾ ਕਰਨ ਲਈ ਪੰਜ ਲੱਖ ਰੁਪਏ ਮੰਗਣ ਦਾ ਦੋਸ਼ ਲਾਇਆ ਹੈ। ਉਸਨੇ ਕਿਹਾ ਕਿ ਕੋਰਟ ਦੇ ਕਲਰਕ ਨੇ 2022 ਵਿੱਚ ਤਿੰਨ ਲੱਖ ਰੁਪਏ ਮੰਗੇ। ਨਾਂਹ ਕਰਨ ’ਤੇ ਉਸ ਨੂੰ 80 ਹਜ਼ਾਰ ਰੁਪਏ ਮਹੀਨਾ ਗੁਜ਼ਾਰਾ ਭੱਤਾ ਦੇਣ ਦਾ ਹੁਕਮ ਸੁਣਾ ਦਿੱਤਾ ਗਿਆ।
ਸੁਭਾਸ਼ ਦੇ ਅੰਕਲ ਪਵਨ ਕੁਮਾਰ ਨੇ ਕਿਹਾ ਕਿ ਪਤਨੀ ਤੇ ਜੱਜ ਨੇ ਪੈਸੇ ਖਾਤਰ ਸੁਭਾਸ਼ ਨੂੰ ਪ੍ਰੇਸ਼ਾਨ ਕੀਤਾ। ਪਹਿਲਾਂ ਸਹੁਰਿਆਂ ਨੇ ਚਾਰ ਸਾਲ ਦੇ ਬੱਚੇ ਨੂੰ ਪਾਲਣ ਲਈ 40 ਹਜ਼ਾਰ ਮਹੀਨਾ ਮੰਗੇ, ਜਿਹੜੇ ਸੁਭਾਸ਼ ਦਿੰਦਾ ਰਿਹਾ। ਫਿਰ ਮੰਗ ਦੁੱਗਣੀ ਤੋਂ ਇੱਕ ਲੱਖ ਰੁਪਏ ਤੱਕ ਪੁੱਜ ਗਈ। ਉਸ ਦੀ ਪਤਨੀ ਨੇ ਇੱਥੋਂ ਤੱਕ ਕਿਹਾ ਕਿ ਜੇ ਪੈਸੇ ਨਹੀਂ ਦੇ ਸਕਦਾ ਤਾਂ ਮਰ ਜਾ। ਇਹ ਕਹਿਣ ਵੇਲੇ ਜੱਜ ਹੱਸ ਪਈ ਸੀ। ਇਸ ਨੇ ਸੁਭਾਸ਼ ਦਾ ਦਿਲ ਤੋੜ ਦਿੱਤਾ। ਪਿਛਲੇ ਛੇ ਮਹੀਨਿਆਂ ਤੋਂ ਉਸ ਦੇ ਦਿਮਾਗ ਵਿੱਚ ਖੁਦਕੁਸ਼ੀ ਦਾ ਖਿਆਲ ਆ ਰਿਹਾ ਸੀ।