ਮੁਕੇਰੀਆਂ : ਐੱਸ ਡੀ ਐੱਮ ਕੰਵਲਜੀਤ ਸਿੰਘ ਅਤੇ ਡੀ ਐੱਸ ਪੀ ਕੁਲਵਿੰਦਰ ਸਿੰਘ ਵਿਰਕ ਨੇ ਆਜ਼ਾਦੀ ਦਿਵਸ ਮੌਕੇ ਪਰੇਡ ਤੋਂ ਸਲਾਮੀ ਲੈਣ ਵੇਲੇ ਕਥਿਤ ਜਾਲ੍ਹੀ ਨੰਬਰ ਵਾਲੀ ਜਿਪਸੀ ਦੀ ਸਵਾਰੀ ਕੀਤੀ। ਸੂਤਰਾਂ ਮੁਤਾਬਕ ਇਹ ਜਿਪਸੀ ਪੁਲਸ ਦੇ ਸਾਬਕਾ ਮੁਲਾਜ਼ਮ ਦੀ ਹੈ, ਜਿਹੜੀ ਕਿ ਕਈ ਗਣਤੰਤਰ ਦਿਵਸ ਤੇ ਆਜ਼ਾਦੀ ਦਿਵਸ ਮੌਕੇ ਪ੍ਰਸ਼ਾਸਨ ਵੱਲੋਂ ਉਧਾਰੀ ਮੰਗੀ ਜਾਂਦੀ ਰਹੀ ਹੈ। ਆਰੀਆ ਸਕੂਲ ਵਿਚ ਕਰਵਾਏ ਸਮਾਗਮ ’ਚ ਸਲਾਮੀ ਲੈਣ ਲਈ ਜਿਪਸੀ ਪੀ ਬੀ 11-ਜੇ-0011 ਦੀ ਵਰਤੋਂ ਕੀਤੀ ਗਈ। ਇਹ ਨੰਬਰ ਅਪਰੈਲ 1997 ਮਾਡਲ ਚੇਤਕ ਸਕੂਟਰ ਦਾ ਹੈ। ਆਰ ਟੀ ਏ ਪਟਿਆਲਾ ਬਬਨਦੀਪ ਸਿੰਘ ਮੁਤਾਬਕ ਇਹ ਨੰਬਰ ਸਤਵਿੰਦਰ ਸਿੰਘ ਦੇ ਨਾਂਅ ’ਤੇ ਪਟਿਆਲਾ ਵਿਖੇ ਰਜਿਸਟਰਡ ਹੈ। ਐੱਸ ਡੀ ਐੱਮ ਨੇ ਕਿਹਾ ਕਿ ਉਨ੍ਹਾ ਨੂੰ ਪਤਾ ਨਹੀਂ ਕਿ ਇਹ ਜਿਪਸੀ ਕਿਸ ਦੀ ਹੈ। ਡੀ ਐੱਸ ਪੀ ਨੇ ਕਿਹਾ ਕਿ ਸਰਕਾਰ ਵੱਲੋਂ ਅਜਿਹੇ ਸਮਾਗਮਾਂ ਮੌਕੇ ਜਿਪਸੀ ਮੁਹੱਈਆ ਨਹੀਂ ਕਰਵਾਈ ਜਾਂਦੀ। ਇਸ ਲਈ ਕਿਸੇ ਜਾਣਕਾਰ ਕੋਲੋਂ ਸਮਾਗਮ ਵਾਸਤੇ ਲਈ ਸੀ। ਉਨ੍ਹਾ ਸਪੱਸ਼ਟ ਕੀਤਾ ਕਿ ਜਿਪਸੀ ’ਤੇ ਜਾਲ੍ਹੀ ਨੰਬਰ ਹੋਣ ਬਾਰੇ ਉਨ੍ਹਾ ਨੂੰ ਕੋਈ ਜਾਣਕਾਰੀ ਨਹੀਂ ਅਤੇ ਉਹ ਮਾਮਲੇ ਦੀ ਜਾਂਚ ਕਰਨਗੇ।