ਪਾਤੜਾਂ (ਭੁਪਿੰਦਰਜੀਤ ਮੌਲਵੀਵਾਲਾ)
ਕਿਸਾਨੀ ਮੰਗਾਂ ਨੂੰ ਲੈ ਕੇ ਮਰਨ ਵਰਤ ’ਤੇ ਚੱਲ ਰਹੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਮੋਦੀ ਸਰਕਾਰ ਨੂੰ ਵਾਅਦੇ ਚੇਤੇ ਕਰਾਉਣ ਲਈ ਆਪਣੇ ਖੂਨ ਨਾਲ ਅੰਗੂਠਾ ਲਾ ਕੇ ਪਹਿਲਾ ਤੇ ਆਖਰੀ ਖਤ ਭੇਜਿਆ ਹੈ। ਉਹਨਾ ਖਤ ਵਿੱਚ ਮੋਦੀ ਸਰਕਾਰ ਨੂੰ ਸਮੇਂ-ਸਮੇਂ ਕਿਸਾਨਾਂ ਨਾਲ ਕੀਤੇ ਵਾਅਦੇ ਚੇਤੇ ਕਰਵਾਉਦਿਆਂ ਲਿਖਿਆ ਕਿ ਇਹ ਕਿਸਾਨੀ ਮੰਗਾਂ ਸਾਡੀਆਂ ਆਪਣੀਆਂ ਨਿੱਜੀ ਮੰਗਾਂ ਨਹੀਂ, ਸਗੋਂ ਸਮੁੱਚੇ ਦੇਸ਼ ਦੇ ਕਿਸਾਨਾਂ ਦੀਆਂ ਹਨ। ਮੋਦੀ ਸਰਕਾਰ ਤੀਜੀ ਵਾਰ ਵੀ ਕਿਸਾਨਾਂ ਦੀ ਆਰਥਕ ਹਾਲਤ ਸੁਧਾਰਨ ਦੇ ਵਾਅਦੇ ਨਾਲ ਸੱਤਾ ਵਿੱਚ ਆਈ ਹੈ, ਪਰ ਜਿਵੇਂ ਮੋਦੀ ਸਰਕਾਰ ਨੇ ਪਿਛਲੇ ਦੋ ਵਾਰ ਜਿੱਤ ਕੇ ਵੀ ਕਿਸਾਨਾਂ ਨੂੰ ਕੋਈ ਆਰਥਕ ਪੈਕੇਜ ਨਹੀਂ ਦਿੱਤਾ, ਉਸੇ ਤਰ੍ਹਾਂ ਹੁਣ ਤੀਜੇ ਕਾਰਜਕਾਲ ਵਿੱਚ ਵੀ ਮੋਦੀ ਸਰਕਾਰ ਆਪਣੀ ਹੈਂਕੜਬਾਜ਼ੀ ਦੇ ਚਲਦਿਆਂ ਅਜੇ ਤੱਕ ਐੱਮ ਐੱਸ ਪੀ ਸਣੇ ਕਿਸੇ ਵੀ ਕਿਸਾਨੀ ਮੰਗ ਨੂੰ ਅਮਲ ਵਿੱਚ ਨਹੀਂ ਲਿਆ ਰਹੀ।
ਉਹਨਾ ਯਾਦ ਕਰਾਇਆ ਕਿ ਉਹਨਾ ਦਾ ਇਹ ਧਰਨਾ ਸਮੁੱਚੇ ਦੇਸ਼ ਦੇ ਕਿਸਾਨਾਂ ਦੇ ਹਿੱਤ ’ਚ ਜਾਰੀ ਹੈ, ਕਿਉਕਿ ਮੋਦੀ ਸਰਕਾਰ ਕੇਵਲ ਅੰਬਾਨੀਆਂ, ਅਡਾਨੀਆਂ ਦੇ ਹੱਕਾਂ ਦੀ ਪੂਰਤੀ ਕਰਦਿਆਂ ਕਿਸਾਨੀ ਨੂੰ ਕੁਚਲਣ ’ਤੇ ਤੁਲੀ ਹੋਈ ਹੈ, ਜਿਸ ਦਾ ਉਹ ਮਰਦੇ ਦਮ ਤੱਕ ਵਿਰੋਧ ਕਰਨਗੇ ਅਤੇ ਕਿਸਾਨਾਂ ਦੀਆਂ ਮੰਗਾਂ ਮੰਨਣ ਤੱਕ ਧਰਨੇ ’ਤੇ ਬੈਠੇ ਰਹਿਣਗੇ। ਡੱਲੇਵਾਲ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ। ਇਸ ਦੌਰਾਨ ਅਮਰੀਕਾ ਤੋਂ ਆਏ ਕੈਂਸਰ ਸਪੈਸ਼ਲਿਸਟ ਕਰਨ ਜਗਵਾਨੀ ਨੇ ਚੈੱਕਅੱਪ ਕੀਤਾ।
ਡਾਕਟਰਾਂ ਨੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਕਿਸੇ ਵੇਲੇ ਵੀ ਉਨ੍ਹਾ ਦੇ ਗੁਰਦੇ ਫੇਲ੍ਹ ਹੋ ਸਕਦੇ ਹਨ ਤੇ ਦਿਲ ਦਾ ਦੌਰਾ ਪੈ ਸਕਦਾ ਹੈ ਜਾਂ ਲੀਵਰ ਨੂੰ ਗੰਭੀਰ ਨੁਕਸਾਨ ਹੋ ਸਕਦਾ ਹੈ।





