ਅਕਾਲੀ ਦਲ ਨੂੰ ਹਰਿਆਣਾ ਗੁਰਦੁਆਰਾ ਕਮੇਟੀ ਚੋਣਾਂ ਲੜਨ ਤੋਂ ਰੋਕਣ ਦੀ ਸਾਜ਼ਿਸ਼ : ਚੀਮਾ

0
147

ਮੁਕਤਸਰ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਹਰਿਆਣਾ ਵਿੱਚ ਹੋ ਰਹੀਆਂ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਵਿਚ ਅਕਾਲੀ ਦਲ ਨੂੰ ਚੋਣ ਲੜਨ ਤੋਂ ਰੋਕਣ ਲਈ ਸਾਜ਼ਿਸ਼ ਰਚਣ ਦੀ ਨਿਖੇਧੀ ਕਰਦਿਆਂ ਐਲਾਨ ਕੀਤਾ ਕਿ ਪਾਰਟੀ ਇਸ ਅਨਿਆਂ ਖਿਲਾਫ ਕਾਨੂੰਨੀ ਲੜਾਈ ਲੜੇਗੀ।
ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾ ਕਿਹਾ ਕਿ ਹਰਿਆਣਾ ਸਰਕਾਰ ਨੇ ਇਕ ਨਵਾਂ ਨੋਟੀਫਿਕੇਸ਼ਨ ਜਾਰੀ ਕਰ ਕੇ ਲੋਕ ਪ੍ਰਤੀਨਿਧ ਐਕਟ ਦੀ ਧਾਰਾ 29-ਏ ਤਹਿਤ ਭਾਰਤੀ ਚੋਣ ਕਮਿਸ਼ਨ ਕੋਲ ਰਜਿਸਟਰਡ ਸਾਰੀਆਂ ਪਾਰਟੀਆਂ ਲਈ ਇਹ ਚੋਣਾਂ ਲੜਨ ’ਤੇ ਪਾਬੰਦੀ ਲਗਾ ਦਿੱਤੀ ਹੈ। ਨੋਟੀਫਿਕੇਸ਼ਨ ਵਿਚ ਕਿਹਾ ਗਿਆ ਹੈ ਕਿ ਕੋਈ ਵੀ ਅਜਿਹੀ ਪਾਰਟੀ ਚੋਣ ਲੜਨ ਵਾਸਤੇ ਸਮੂਹ ਨਹੀਂ ਬਣਾ ਸਕਦੀ ਤੇ ਨਾ ਹੀ ਚੋਣ ਨਿਸ਼ਾਨ ਵਾਸਤੇ ਅਪਲਾਈ ਕਰ ਸਕਦੀ ਹੈ। ਇਸ ਨੋਟੀਫਿਕੇਸ਼ਨ ਨੂੰ ਗੈਰਕਾਨੂੰਨੀ ਤੇ ਗੈਰ-ਸੰਵਿਧਾਨਕ ਕਰਾਰ ਦਿੰਦਿਆਂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪਹਿਲਾਂ ਵੀ ਦਿੱਲੀ ਸਰਕਾਰ ਨੇ ਅਜਿਹਾ ਹੀ ਨੋਟੀਫਿਕੇਸ਼ਨ ਜਾਰੀ ਕਰ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਚੋਣਾਂ ਲੜਨ ਤੋਂ ਰੋਕਣ ਦਾ ਯਤਨ ਕੀਤਾ ਸੀ, ਪਰ ਪਾਰਟੀ ਨੇ ਹਾਈ ਕੋਰਟ ਕੋਲ ਪਹੁੰਚ ਕੀਤੀ ਤੇ ਅਦਾਲਤ ਨੇ ਕਿਹਾ ਕਿ ਇਹ ਇਕ ਧਰਮ ਨਿਰਪੱਖ ਅਧਿਕਾਰ ਹੈ, ਜਿਸ ਨੂੰ ਖੋਹਿਆ ਨਹੀਂ ਜਾ ਸਕਦਾ।
ਡਾ. ਚੀਮਾ ਨੇ ਹਰਿਆਣਾ ਗੁਰਦੁਆਰਾ ਕਮਿਸ਼ਨ ਨੂੰ ਅਪੀਲ ਕੀਤੀ ਕਿ ਇਹ ਨੋਟੀਫਿਕੇਸ਼ਨ ਵਾਪਸ ਲਿਆ ਜਾਵੇ ਤੇ ਜੇ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਉਹ ਅਦਾਲਤ ਕੋਲ ਪਹੁੰਚ ਕਰਨਗੇ, ਕਿਉਂਕਿ ਇਹ ਲੋਕਤੰਤਰੀ ਹੱਕ ’ਤੇ ਹਮਲਾ ਹੈ। ਉਨ੍ਹਾ ਦੱਸਿਆ ਕਿ ਕਿਵੇਂ ਹਰਿਆਣਾ ਸਰਕਾਰ ਨੇ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜਨ ਵਾਸਤੇ ਐਕਟ ਲਿਆਂਦਾ ਅਤੇ ਹਰਿਆਣਾ ਵਿਚ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਇਸ ਵੱਲੋਂ ਬਣਾਈ ਕਮੇਟੀ ਹਵਾਲੇ ਕਰ ਦਿੱਤਾ। ਇਹ ਐਕਟ ਵੀ ਉਦੋਂ ਲਿਆਂਦਾ ਗਿਆ, ਜਦੋਂ ਗੁਰਦੁਆਰਾ ਐਕਟ 1925 ਹਾਲੇ ਵੀ ਲਾਗੂ ਹੈ। ਅਜਿਹੇ ਗੈਰਕਾਨੂੰਨੀ ਕਦਮ ਚੁੱਕਣ ਦੇ ਬਾਵਜੂਦ ਹਾਲੇ ਵੀ ਹਰਿਆਣਾ ਸਰਕਾਰ ਨੂੰ ਅਕਾਲੀ ਦਲ ਦਾ ਡਰ ਹੈ ਅਤੇ ਉਹ ਅਕਾਲੀ ਦਲ ਨੂੰ ਚੋਣਾਂ ਤੋਂ ਦੂਰ ਰੱਖਣ ਦਾ ਯਤਨ ਕਰ ਰਹੀ ਹੈ।