ਨਵੀਂ ਦਿੱਲੀ : ਵਿਰੋਧੀ ਧਿਰ ਦੇ ਕਈ ਸੰਸਦ ਮੈਂਬਰਾਂ ਨੇ ਅਡਾਨੀ ਮੁੱਦੇ ਨੂੰ ਲੈ ਕੇ ਵੀਰਵਾਰ ਤਖਤੀਆਂ ਲੈ ਕੇ ਸੰਸਦ ਕੰਪਲੈਕਸ ਵਿੱਚ ਪ੍ਰਦਰਸਨ ਕੀਤਾ, ਜਿਨ੍ਹਾਂ ਉਤੇ ‘ਦੇਸ਼ ਬਿਕਨੇ ਨਹੀਂ ਦੇਂਗੇ’ ਲਿਖਿਆ ਹੋਇਆ ਸੀ। ਇਸ ਦੌਰਾਨ ਨਾਅਰੇਬਾਜ਼ੀ ਵੀ ਕੀਤੀ ਗਈ।
ਕਾਂਗਰਸ ਦੀ ਜਨਰਲ ਸਕੱਤਰ ਪਿ੍ਰਅੰਕਾ ਗਾਂਧੀ ਵਾਡਰਾ ਸਣੇ ਕਾਂਗਰਸ, ਡੀ ਐੱਮ ਕੇ ਅਤੇ ਖੱਬੀਆਂ ਪਾਰਟੀਆਂ ਦੇ ਸੰਸਦ ਮੈਂਬਰਾਂ ਸਮੇਤ ਹੋਰਨਾਂ ਨੇ ਸੰਸਦ ਭਵਨ ਦੇ ਮਕਰ ਦੁਆਰ ਦੀਆਂ ਪੌੜੀਆਂ ਤੇ ਸੰਵਿਧਾਨ ਸਦਨ ਦੇ ਸਾਹਮਣੇ ਖੜ੍ਹ ਕੇ ਪ੍ਰਦਰਸ਼ਨ ਕਰਦਿਆਂ ਮੋਦੀ ਅਤੇ ਅਡਾਨੀ ਦੀ ਮਿਲੀਭੁਗਤ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਮਾਮਲੇ ਦੀ ਸਾਂਝੀ ਸੰਸਦੀ ਕਮੇਟੀ ਤੋਂ ਜਾਂਚ ਦੀ ਮੰਗ ਕੀਤੀ।
ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਬੁੱਧਵਾਰ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਮੁੱਖ ਸੰਸਦ ਭਵਨ ’ਚ ਦਾਖਲ ਹੋਣ ਸਮੇਂ ਤਿਰੰਗਾ ਇੱਕ ਕਾਰਡ ਦੇ ਰੂਪ ’ਚ ਭੇਟ ਕੀਤਾ।
ਮੰਗਲਵਾਰ ਨੂੰ ਸੰਸਦ ਮੈਂਬਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਦਯੋਗਪਤੀ ਗੌਤਮ ਅਡਾਨੀ ਦੇ ਵਿਅੰਗ ਚਿੱਤਰਾਂ ਵਾਲੇ ਗੂੜ੍ਹੇ ਨੀਲੇ ‘ਝੋਲੇ’ ਫੜੇ ਹੋਏ ਸਨ ਅਤੇ ਇਕ ਪਾਸੇ ‘ਮੋਦੀ-ਅਡਾਨੀ ਭਾਈ-ਭਾਈ’ ਲਿਖਿਆ ਹੋਇਆ ਸੀ।



