ਲੁਧਿਆਣਾ : ਬਿਜਲੀ ਕਾਮਿਆਂ ਦੀ ਸਿਰਮੌਰ ਜਥੇਬੰਦੀ ਪੀ ਐੱਸ ਈ ਬੀ ਇੰਪਲਾਈਜ਼ ਫੈਡਰੇਸ਼ਨ ਏਟਕ ਪੰਜਾਬ ਰਜਿਸਟਰਡ ਨੰਬਰ-41 ਨੇ ਸਾਬਕਾ ਸੂਬਾ ਪ੍ਰਧਾਨ ਮਰਹੂਮ ਕਾਮਰੇਡ ਭਗਵਾਨ ਸਿੰਘ ਅਣਖੀ ਦੀ 33 ਵੀਂ ਬਰਸੀ, ਜੋ 18 ਦਸੰਬਰ ਨੂੰ ਅਣਖੀ ਯਾਦਗਾਰੀ ਭਵਨ ਫੈਕਟਰੀ ਏਰੀਆ ਪਟਿਆਲਾ ਵਿਖੇ ਮਨਾਈ ਜਾ ਰਹੀ ਹੈ, ਦੀਆਂ ਤਿਆਰੀਆਂ ਸਬੰਧੀ ਜਥੇਬੰਦੀ ਦੀ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਗੰਡੀਵਿੰਡ ਦੀ ਪ੍ਰਧਾਨਗੀ ਹੇਠ ਕੀਤੀ। ਭਰਵੀਂ ਮੀਟਿੰਗ ਵਿੱਚ ਸੂਬਾ ਕਮੇਟੀ ਅਹੁਦੇਦਾਰਾਂ, ਸਰਕਲਾਂ ਦੇ ਪ੍ਰਧਾਨ / ਸਕੱਤਰਾਂ /ਖਜ਼ਾਨਚੀਆਂ ਤੋਂ ਇਲਾਵਾ ਵਿਸ਼ੇਸ਼ ਤੌਰ ’ਤੇ ਪੰਜਾਬ ਏਟਕ ਦੇ ਪ੍ਰਧਾਨ ਬੰਤ ਸਿੰਘ ਬਰਾੜ ਅਤੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ, ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ ਨੇ ਵੀ ਹਿੱਸਾ ਲਿਆ। ਮੀਟਿੰਗ ਦੇ ਸ਼ੁਰੂ ਵਿੱਚ ਜਥੇਬੰਦੀ ਦੇ ਮੁਹਾਲੀ ਸਰਕਲ ਦੇ ਆਗੂ ਪ੍ਰਮੋਦ ਰਾਣਾ, ਮਜ਼ਦੂਰਾਂ ਦੇ ਆਗੂ ਕਰਤਾਰ ਸਿੰਘ ਬੁਆਣੀ, ਨਵਾਂ ਸ਼ਹਿਰ ਸਰਕਲ ਦੇ ਆਗੂ ਹਸ਼ਮਤ ਅਲੀ ਦੇ ਪਿਤਾ ਸ੍ਰੀ ਇਬਰਾਹਿਮ ਸਮੇਤ ਹੋਰ ਵਿਛੋੜਾ ਦੇ ਗਈਆਂ ਰੂਹਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਅਰਪਿਤ ਕੀਤੀ ਗਈ। ਮੀਟਿੰਗ ਦੇ ਏਜੰਡੇ ਜਨਰਲ ਸਕੱਤਰ ਸਰਿੰਦਰਪਾਲ ਲਹੌਰੀਆ ਨੇ ਪੇਸ਼ ਕੀਤੇ, ਜਿਨ੍ਹਾਂ ’ਤੇ ਵੱਖ-ਵੱਖ ਆਗੂਆਂ ਨੇ ਭਖਵੀਂ ਬਹਿਸ ਕਰਦੇ ਹੋਏ ਮਰਹੂਮ ਆਗੂ ਕਾਮਰੇਡ ਭਗਵਾਨ ਸਿੰਘ ਅਣਖੀ ਦੀ 33 ਵੀਂ ਬਰਸੀ ’ਤੇ ਹਰੇਕ ਸਾਲ ਦੀ ਤਰ੍ਹਾਂ ਵਹੀਰਾਂ ਘੱਤ ਕੇ ਪਟਿਆਲਾ ਪਹੁੰਚਣ ਦਾ ਅਹਿਦ ਲਿਆ। ਮੀਟਿੰਗ ਵਿੱਚ ਕਾਮਰੇਡ ਅਣਖੀ ਦੀ ਨਿੱਘੀ ਯਾਦ ਵਿੱਚ 18 ਦਸੰਬਰ ਨੂੰ ਬਰਸੀ ਮੌਕੇ ਨਵੇਂ ਸਾਲ 2025 ਦੀ ਡਾਇਰੀ ਅਤੇ ‘ਬਿਜਲੀ ਉਜਾਲਾ’ ਅੰਕ ਰਿਲੀਜ਼ ਕਰਨ ਦਾ ਵੀ ਫੈਸਲਾ ਕੀਤਾ ਗਿਆ। ਮੀਟਿੰਗ ਵਿੱਚ ਕੇਂਦਰ ਦੀ ਮੋਦੀ ਸਰਕਾਰ ਅਤੇ ਯੂ ਟੀ ਪ੍ਰਸ਼ਾਸਨ ਵੱਲੋਂ ਮੁਨਾਫ਼ੇ ਵਾਲੇ ਸਰਕਾਰੀ ਅਦਾਰੇ ਚੰਡੀਗੜ੍ਹ ਬਿਜਲੀ ਬੋਰਡ ਨੂੰ ਕੌਡੀਆਂ ਦੇ ਭਾਅ 871 ਕਰੋੜ ਰੁਪਏ ਵਿੱਚ ਨਿੱਜੀ ਕੰਪਨੀ ਨੂੰ ਸੌਂਪਣ ਖਿਲਾਫ਼ ਵਰਕਿੰਗ ਪ੍ਰਧਾਨ ਗੁਰਵਿੰਦਰ ਸਿੰਘ ਹਜ਼ਾਰਾ ਨੇ ਮਤਾ ਪੇਸ਼ ਕੀਤਾ, ਜਿਸ ਨੂੰ ਹਾਜ਼ਰੀਨ ਨੇ ਹਾਕਮਾਂ ਖਿਲਾਫ਼ ਨਾਅਰੇਬਾਜ਼ੀ ਕਰਕੇ ਪਾਸ ਕੀਤਾ। ਬੰਤ ਸਿੰਘ ਬਰਾੜ ਨੇ ਆਪਣੇ ਵਿਚਾਰ ਹਾਜ਼ਰੀਨ ਨਾਲ ਸਾਂਝੇ ਕਰਦੇ ਹੋਏ ਪੂੰਜੀਪਤੀਆਂ ਦੀ ਦਲਾਲ ਮੋਦੀ ਸਰਕਾਰ ਵੱਲੋਂ ਅੰਨ੍ਹੇਵਾਹ ਪਬਲਿਕ ਸੈਕਟਰ ਦੇ ਅਦਾਰਿਆਂ ਨੂੰ ਨਿੱਜੀ ਹੱਥਾਂ ਵਿੱਚ ਦੇਣ ਦੀ ਜਜ਼ਰਦਾਰ ਨਿੰਦਾ ਕਰਦਿਆਂ ਕਿਰਤੀ ਵਰਗ ਨੂੰ ਇਕਜੁੱਟਤਾ ਨਾਲ ਤਿੱਖੇ ਸੰਘਰਸ਼ ਕਰਨ ਦਾ ਸੱਦਾ ਦਿੱਤਾ। ਨਿਰਮਲ ਸਿੰਘ ਧਾਲੀਵਾਲ ਨੇ ਪੰਜਾਬ ਦੀ ਮਾਨ ਸਰਕਾਰ ਦੀ ਮੁਲਾਜ਼ਮ ਅਤੇ ਪੈਨਸ਼ਨਰ ਵਿਰੋਧੀ ਨੀਤੀ ’ਤੇ ਵਿਸਥਾਰ ਨਾਲ ਚਰਚਾ ਕਰਦੇ ਹੋਏ ਆਗੂਆਂ ਨੂੰ ਸਮੁੱਚੀ ਮੁਲਾਜ਼ਮ ਅਤੇ ਪੈਨਸ਼ਨਰ ਲਹਿਰ ਨੂੰ ਇਕੱਠਾ ਕਰਕੇ ਤਿੱਖੇ ਸੰਘਰਸ਼ ਕਰਨ ’ਤੇ ਜ਼ੋਰ ਦਿੱਤਾ। ਮੀਟਿੰਗ ਵਿੱਚ ਪਾਵਰ ਮੈਨੇਜਮੈਂਟ ਦੀ ਵਾਜਿਬ ਮਸਲਿਆਂ ਨੂੰ ਜਾਣਬੁੱਝ ਕੇ ਲਮਕਾਉਣ ਦੀ ਘਟੀਆ ਨੀਤੀ ਦੀ ਨਿੰਦਾ ਕਰਦੇ ਹੋਏ ਆਗੂਆਂ ਨੇ ਲੰਮੇ ਸਮੇਂ ਤੋਂ ਅਦਾਰੇ ਵਿੱਚ ਕੰਮ ਕਰ ਰਹੇ ਮੀਟਰ ਰੀਡਰਾਂ, ਖਜ਼ਾਨਚੀਆਂ, ਬਿੱਲ ਵੰਡਕਾਂ ਦੀਆਂ ਸੇਵਾਵਾਂ ਤੁਰੰਤ ਰੈਗੂਲਰ ਕਰਨ , ਆਰ ਟੀ ਐੱਮ ਤੋਂ ਸਹਾਇਕ ਲਾਈਨਮੈਨ ਦੀਆਂ ਤਰੱਕੀਆਂ ਪਹਿਲ ਦੇ ਅਧਾਰ ’ਤੇ ਕਰਨ, ਕਰਮਚਾਰੀਆਂ ਦੀਆਂ ਸਿਆਸੀ ਅਧਾਰ ’ਤੇ ਕੀਤੀਆਂ ਜਾ ਰਹੀਆਂ ਬਦਲੀਆਂ ’ਤੇ ਰੋਕ ਲਗਾ ਕੇ ਬਦਲੀਆਂ ਕਰਨ ਦੀ ਇਕਸਾਰ ਨੀਤੀ ਬਣਾਉਣ, ਵਰਕਚਾਰਜ ਤੋਂ ਸਹਾਇਕ ਲਾਈਨਮੈਨ ਦੀ ਤਰੱਕੀ ਹੋਣ ’ਤੇ ਸੱਤਵਾਂ ਤਨਖਾਹ ਕਮਿਸ਼ਨ ਲਗਾ ਕੇ ਕਾਮਿਆਂ ਨਾਲ ਕੀਤਾ ਜਾ ਰਿਹਾ ਧੱਕਾ ਬੰਦ ਕਰਨ, ਸੇਵਾਦਾਰ ਤੋਂ ਐੱਲ ਡੀ ਸੀ ਦੀ ਤਰੱਕੀ ਹੋਣ ਉਪਰੰਤ ਤਨਖਾਹਾਂ ਨੂੰ ਲੱਗ ਰਹੇ ਖੋਰੇ ਨੂੰ ਬੰਦ ਕਰਨ , ਆਈ ਟੀ ਆਈ ਅਤੇ ਅਪ੍ਰੈਂਟਸ਼ਿਪ ਪਾਸ ਕਰ ਚੁੱਕੇ ਨੌਜਵਾਨਾਂ ਨੂੰ ਖਾਲੀ ਅਸਾਮੀਆਂ ’ਤੇ ਤੁਰੰਤ ਭਰਤੀ ਕਰਨ, ਨਵੇਂ ਭਰਤੀ ਹੋ ਚੁੱਕੇ ਸਾਰੇ ਸਹਾਇਕ ਲਾਈਨਮੈਨਾਂ ਨੂੰ ਨਿਯੁਕਤੀ ਪੱਤਰ ਜਾਰੀ ਕਰਨ, ਸੀ ਆਰ ਏ 249/267/281 ਰਾਹੀਂ ਭਰਤੀ ਹੋਏ ਕਰਮਚਾਰੀਆਂ ਦਾ ਕੰਟਰੈਕਟ ਪੀਰਡ ਰੈਗੂਲਰ ਕਰਨ ਸਮੇਤ ਸਾਰੇ ਪੈਂਡਿੰਗ ਵਾਜਿਬ ਮਸਲੇ ਹੱਲ ਕਰਨ ’ਤੇ ਜ਼ੋਰ ਦਿੱਤਾ। ਮੀਟਿੰਗ ਵਿੱਚ ਸੂਬਾਈ ਆਗੂਆਂ ਬਲਜੀਤ ਕੁਮਾਰ, ਦਰਸ਼ਨ ਲਾਲ, ਬਲਵਿੰਦਰ ਸਿੰਘ ਉਦੀਪੁਰ, ਮਨਜੀਤ ਸਿੰਘ ਬਾਸਰਕੇ, ਗੁਰਧਿਆਨ ਸਿੰਘ ਤੇ ਦਵਿੰਦਰ ਸਿੰਘ ਰੋਪੜ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ।





