ਫਿਨਲੈਂਡ ਤੋਂ ਪਰਤੇ ਅਧਿਆਪਕਾਂ ਨੂੰ ਸੂਬੇ ਦੀ ਸਿੱਖਿਆ ਕ੍ਰਾਂਤੀ ਦੇ ਮੋਢੀ ਬਣਨ ਦਾ ਸੱਦਾ

0
144

ਚੰਡੀਗੜ੍ਹ (ਗੁਰਜੀਤ ਬਿੱਲਾ)
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਫਿਨਲੈਂਡ ਤੋਂ ਸਿਖਲਾਈ ਲੈ ਕੇ ਪਰਤੇ ਅਧਿਆਪਕਾਂ ਨੂੰ ਸੂਬੇ ਦੀ ਸਿੱਖਿਆ ਕ੍ਰਾਂਤੀ ਦਾ ਮੋਢੀ ਬਣਨ ਦਾ ਸੱਦਾ ਦਿੱਤਾ ਹੈ। ਫਿਨਲੈਂਡ ਵਿਖੇ ਸਿਖਲਾਈ ਹਾਸਲ ਕਰਨ ਤੋਂ ਬਾਅਦ ਪਹੁੰਚੇ ਪ੍ਰਾਇਮਰੀ ਅਧਿਆਪਕਾਂ ਨਾਲ ਸ਼ੁੱਕਰਵਾਰ ਇੱਥੇ ਆਪਣੇ ਸਰਕਾਰੀ ਨਿਵਾਸ ਉੱਤੇ ਵਿਚਾਰ-ਚਰਚਾ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਅੱਜ ਇਤਿਹਾਸਕ ਦਿਨ ਹੈ ਕਿਉਕਿ ਇਹ ਅਧਿਆਪਕ ਫਿਨਲੈਂਡ ਤੋਂ ਆਲਮੀ ਪੱਧਰ ਦੀ ਸਿੱਖਿਆ ਹਾਸਲ ਕਰਕੇ ਆਪਣੇ ਵਿਲੱਖਣ ਤਜਰਬੇ ਸਾਂਝੇ ਕਰ ਰਹੇ ਹਨ। ਉਨ੍ਹਾ ਅਧਿਆਪਕਾਂ ਨੂੰ ਵਿਦਿਆਰਥੀਆਂ ਲਈ ਰੋਲ ਮਾਡਲ ਬਣਨ ਦਾ ਸੱਦਾ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਨੇਕ ਕਾਰਜ ਲਈ ਫਿਨਲੈਂਡ ਭੇਜਿਆ ਗਿਆ ਸੀ। ਮਾਨ ਨੇ ਕਿਹਾ ਕਿ ਅਧਿਆਪਕਾਂ ਨੂੰ ਦੇਸ਼ ਲਈ ਮਜ਼ਬੂਤ ਨੀਂਹ ਰੱਖਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਕਿਹਾ ਕਿ ਨਵਾਂ ਹੁਨਰ ਹਾਸਲ ਕਰਨ ਵਾਲੇ ਇਹ ਅਧਿਆਪਕ ਹੁਣ ਸੂਬੇ ਅਤੇ ਦੇਸ਼ ਦਾ ਸਰਮਾਇਆ ਬਣਨਗੇ।ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੇ ਸਿੱਖਿਆ ਪ੍ਰਣਾਲੀ ਵਿੱਚ ਇਕ ਹੋਰ ਮੀਲ ਪੱਥਰ ਕਾਇਮ ਕੀਤਾ ਹੈ ਕਿਉਕਿ ਪਹਿਲੀ ਵਾਰ ਸਾਡੇ 72 ਪ੍ਰਾਇਮਰੀ ਅਧਿਆਪਕਾਂ ਨੇ ਫਿਨਲੈਂਡ ਵਿੱਚ ਪੇਸ਼ੇਵਰ ਸਿਖਲਾਈ ਹਾਸਲ ਕੀਤੀ ਹੈ। ਉਨ੍ਹਾ ਕਿਹਾ ਕਿ ਇਹ ਸਿਰਫ਼ ਇੱਕ ਨਵੇਂ ਦੇਸ਼ ਦੀ ਯਾਤਰਾ ਨਹੀਂ ਸੀ, ਸਗੋਂ ਇਹ ਪੰਜਾਬ ਵਿੱਚ ਸਿੱਖਿਆ ਦੇ ਭਵਿੱਖ ਨੂੰ ਨਵੀਆਂ ਤਕਨੀਕਾਂ ਮੁਤਾਬਕ ਢਾਲਣ, ਵਧੀਆ ਅਭਿਆਸਾਂ ਅਤੇ ਨਵੀਨਤਾਕਾਰੀ ਤਰੀਕਿਆਂ ਦੀ ਖੋਜ ਕਰਨ ਦਾ ਵਿਲੱਖਣ ਮੌਕਾ ਸੀ। ਮਾਨ ਨੇ ਕਿਹਾ ਕਿ ਸਿੱਖਿਆ ਕਿਸੇ ਵੀ ਸਮਾਜ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ ਅਤੇ ਪੰਜਾਬ ਵਿੱਚ ਸੂਬਾ ਸਰਕਾਰ ਸਿੱਖਿਆ ਪ੍ਰਣਾਲੀ ਵਿੱਚ ਲਗਾਤਾਰ ਸੁਧਾਰ ਕਰਨ ਲਈ ਯਤਨਸ਼ੀਲ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਹਰੇਕ ਬੱਚੇ ਦਾ ਪਿਛੋਕੜ ਭਾਵੇਂ ਕੋਈ ਵੀ ਹੋਵੇ, ਉੱਚ ਪੱਧਰੀ ਸਿੱਖਿਆ ਪ੍ਰਾਪਤ ਕਰ ਸਕੇ।ਮੁੱਖ ਮੰਤਰੀ ਨੇ ਕਿਹਾ ਕਿ ਫਿਨਲੈਂਡ ਨੂੰ ਇਸ ਲਈ ਚੁਣਿਆ ਗਿਆ ਕਿਉਕਿ ਇਹ ਵਿਸ਼ਵ ਪੱਧਰ ’ਤੇ ਸਭ ਤੋਂ ਵੱਧ ਅਸਰਦਾਰ ਸਿੱਖਿਆ ਢਾਂਚੇ ਵਿੱਚੋਂ ਇੱਕ ਵਜੋਂ ਪ੍ਰਸਿੱਧ ਹੈ। ਉਨ੍ਹਾ ਉਮੀਦ ਜ਼ਾਹਰ ਕੀਤੀ ਕਿ ਇਨ੍ਹਾਂ ਅਧਿਆਪਕਾਂ ਦੀ ਨਿੱਖਰੀ ਹੋਈ ਮੁਹਾਰਤ ਉਨ੍ਹਾਂ ਦੀਆਂ ਰੁਚੀਆਂ ਦੇ ਮੱਦੇਨਜ਼ਰ ਵਿਦਿਆਰਥੀਆਂ ਦੇ ਭਵਿੱਖ ਨੂੰ ਸੰਵਾਰਨ ਵਿੱਚ ਮਦਦ ਕਰੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਸੂਬੇ ਦੇ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਨਾਲ ਲਿਖਿਆ ਜਾਣ ਵਾਲਾ ਦਿਨ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਇੱਕ ਪਾਸੇ ਸੂਬੇ ਦੀ ਸਿੱਖਿਆ ਪ੍ਰਣਾਲੀ ਨੂੰ ਮੁੜ ਸੁਰਜੀਤ ਕਰਨ ਅਤੇ ਦੂਜੇ ਪਾਸੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਇਹ ਪ੍ਰੋਗਰਾਮ ਸ਼ੁਰੂ ਕੀਤਾ ਹੈ।