ਨਵੀਂ ਦਿੱਲੀ : ਪਿ੍ਰਅੰਕਾ ਗਾਂਧੀ ਨੇ ਸ਼ੁੱਕਰਵਾਰ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਭਲ ਤੇ ਮਨੀਪੁਰ ਦੀਆਂ ਹਿੰਸਕ ਘਟਨਾਵਾਂ ਤੋਂ ਪਸੀਜੇ ਨਹੀਂ ਗਏ ਤੇ ਇਹ ਨਹੀਂ ਸਮਝੇ ਕਿ ਸੰਵਿਧਾਨ ਸੰਘ ਦੀ ਰੂਲ ਬੁੱਕ ਨਹੀਂ। ਲੋਕ ਸਭਾ ਵਿੱਚ ਸੰਵਿਧਾਨ ’ਤੇ ਬਹਿਸ ਵਿੱਚ ਹਿੱਸਾ ਲੈਂਦਿਆਂ ਪਿ੍ਰਅੰਕਾ ਨੇ ਕਿਹਾ ਕਿ ਸੰਵਿਧਾਨ ਨਿਆ, ਏਕਤਾ ਤੇ ਪ੍ਰਗਟਾਵੇ ਦੀ ਆਜ਼ਾਦੀ ਦੀ ਰਾਖੀ ਕਰਨ ਵਾਲੀ ਢਾਲ ਹੈ, ਪਰ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੇ ਪਿਛਲੇ 10 ਸਾਲਾਂ ’ਚ ਇਸ ਨੂੰ ਤੋੜਨ ਦਾ ਹਰ ਜਤਨ ਕੀਤਾ ਹੈ।
ਕੇਰਲਾ ਦੇ ਵਾਇਨਾਡ ਹਲਕੇ ਤੋਂ ਜ਼ਿਮਨੀ ਚੋਣ ਜਿੱਤ ਕੇ ਪਹਿਲੀ ਵਾਰ ਲੋਕ ਸਭਾ ਦੀ ਮੈਂਬਰ ਬਣੀ ਪਿ੍ਰਅੰਕਾ ਨੇ ਸਦਨ ਵਿੱਚ ਪਹਿਲੀ ਤਕਰੀਰ ਕਰਦਿਆਂ ਕਿਹਾਪ੍ਰਧਾਨ ਮੰਤਰੀ ਸੰਵਿਧਾਨ ਨੂੰ ਮੱਥੇ ਨਾਲ ਲਾਉਦੇ ਹਨ, ਪਰ ਜਦੋਂ ਸੰਭਲ, ਹਾਥਰਸ ਤੇ ਮਨੀਪੁਰ ਤੋਂ ਨਿਆਂ ਲਈ ਚੀਖ-ਪੁਕਾਰ ਹੁੰਦੀ ਹੈ ਤਾਂ ਉਨ੍ਹਾ ਦੇ ਮੱਥੇ ’ਤੇ ਸ਼ਿਕਨ ਦੀ ਲਕੀਰ ਨਹੀਂ ਦਿੱਸਦੀ। ਜਾਪਦਾ ਹੈ ਕਿ ਪ੍ਰਧਾਨ ਮੰਤਰੀ ਨਹੀਂ ਸਮਝਦੇ ਕਿ ‘ਭਾਰਤ ਕਾ ਸੰਵਿਧਾਨ ਸੰਘ ਕਾ ਵਿਧਾਨ’ ਨਹੀਂ ਹੈ।
ਉਨ੍ਹਾ ਕਿਹਾ ਕਿ ਬਿਨਾਂ ਪ੍ਰੀਖਿਆ ਦੇ ਲੇਟਰਲ ਐਂਟਰੀ ਨਾਲ ਵੱਡੇ ਅਫਸਰ ਭਰਤੀ ਕਰਕੇ ਤੇ ਨਿੱਜੀਕਰਨ ਕਰਕੇ ਸਰਕਾਰ ਰਿਜ਼ਰਵੇਸ਼ਨ ਨੀਤੀ ਨੂੰ ਕਮਜ਼ੋਰ ਕਰ ਰਹੀ ਹੈ। ਲੋਕ ਸਭਾ ਦੇ ਨਤੀਜੇ ਜਿਹੋ ਜਿਹੇ ਆਏ, ਜੇ ਉਹੋ ਜਿਹੇ ਨਾ ਆਉਦੇ ਤਾਂ ਸਰਕਾਰ ਨੇ ਸੰਵਿਧਾਨ ਬਦਲਣ ਦਾ ਕੰਮ ਸ਼ੁਰੂ ਕਰ ਦੇਣਾ ਸੀ। ਸੱਚਾਈ ਇਹ ਹੈ ਕਿ ਉਹ (ਸੱਤਾਧਾਰੀ) ਸੰਵਿਧਾਨ ਦਾ ਇਸ ਕਰਕੇ ਗੁਣਗਾਨ ਕਰ ਰਹੇ ਹਨ, ਕਿਉਕਿ ਉਨ੍ਹਾਂ ਨੂੰ ਪਤਾ ਲੱਗ ਗਿਆ ਹੈ ਕਿ ਦੇਸ਼ ਦੇ ਲੋਕ ਸੰਵਿਧਾਨ ਨੂੰ ਜ਼ਿੰਦਾ ਰੱਖਣਗੇ। ਲੋਕ ਜਾਤ ਅਧਾਰਤ ਜਨਗਣਨਾ ਦੀ ਮੰਗ ਕਰ ਰਹੇ ਹਨ ਤੇ ਹੁਕਮਰਾਨ ਪਾਰਟੀ ਚੋਣ ਨਤੀਜਿਆਂ ਕਰਕੇ ਇਸ ਬਾਰੇ ਗੱਲ ਕਰਨ ਲੱਗ ਪਈ ਹੈ। ਜਦੋਂ ਸਮੁੱਚੀ ਆਪੋਜ਼ੀਸ਼ਨ ਨੇ ਜਾਤ ਅਧਾਰਤ ਜਨਗਣਨਾ ਦਾ ਸੱਦਾ ਦਿੱਤਾ ਸੀ ਤਾਂ ਉਹ ਮੱਝਾਂ-ਗਾਂਵਾਂ ਤੇ ਮੰਗਲਸੂਤਰ ਖੋਹ ਲੈਣ ਦੀਆਂ ਗੱਲਾਂ ਕਰਦੇ ਸੀ। ਪਿ੍ਰਅੰਕਾ ਨੇ ਕਿਹਾ ਕਿ ਸੰਵਿਧਾਨ ਰਾਸ਼ਟਰੀ ਏਕਤਾ ਦਾ ਸੁਨੇਹਾ ਦਿੰਦਾ ਹੈ ਤੇ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਵੰਡਪਾਊ ਸਿਆਸਤ ਕਰ ਰਹੀ ਹੈ। ਪਿ੍ਰਅੰਕਾ ਨੇ ਇਹ ਵੀ ਕਿਹਾ ਕਿ ਬੈਲਟ ਪੇਪਰ ਨਾਲ ਚੋਣਾਂ ਕਰਾ ਲਓ, ਸੱਚਾਈ ਸਾਹਮਣੇ ਆ ਜਾਵੇਗੀ। ਪਿ੍ਰਅੰਕਾ ਨੇ ਕਿਹਾ ਕਿ ਭਾਜਪਾ ਬੀਤੇ ਦੀਆਂ ਗੱਲਾਂ ਕਰਦੀ ਹੈ, ਉਹ ਇਹ ਦੱਸੇ ਕਿ ਉਸ ਨੇ ਕੀ ਕੀਤਾ ਹੈ। ਕੀ ਹਰ ਚੀਜ਼ ਲਈ ਨਹਿਰੂ ਜ਼ਿੰਮੇਵਾਰ ਹਨ? ਨਹਿਰੂ ਦਾ ਨਾਂਅ ਕਿਤਾਬਾਂ ਵਿੱਚੋਂ ਖੁਰਚਿਆ ਜਾ ਸਕਦਾ ਹੈ, ਪਰ ਆਜ਼ਾਦੀ ਦੇ ਸੰਘਰਸ਼ ਤੇ ਰਾਸ਼ਟਰ ਉਸਾਰੀ ਵਿੱਚ ਉਨ੍ਹਾ ਦੇ ਰੋਲ ਨੂੰ ਖੁਰਚਿਆ ਨਹੀਂ ਜਾ ਸਕਦਾ। ਪਿ੍ਰਅੰਕਾ ਨੇ ਕਿਹਾ ਕਿ ਮੋਦੀ ਸਰਕਾਰ ਰਾਸ਼ਟਰ ਦੇ ਵਸੀਲੇ ਤੇ ਦੌਲਤ ਸਨਅਤਕਾਰ ਗੌਤਮ ਅਡਾਨੀ ਹਵਾਲੇ ਕਰ ਰਹੀ ਹੈ। ਸਰਕਾਰ ਡਰ ਦਾ ਮਾਹੌਲ ਪੈਦਾ ਕਰ ਰਹੀ ਹੈ, ਬੋਲਣ ਦੀ ਆਜ਼ਾਦੀ ਦਾ ਗਲਾ ਘੁੱਟ ਰਹੀ ਹੈ, ਅਸਹਿਮਤੀ ਨੂੰ ਦਬਾਅ ਰਹੀ ਹੈ, ਆਪੋਜ਼ੀਸ਼ਨ ਆਗੂਆਂ ਨੂੰ ਨਿਸ਼ਾਨਾ ਬਣਾ ਰਹੀ ਹੈ ਅਤੇ ਚੁਣੀਆਂ ਹੋਈਆਂ ਸਰਕਾਰਾਂ ਨੂੰ ਡੇਗਣ ਲਈ ਧਨ ਦੀ ਵਰਤੋਂ ਕਰ ਰਹੀ ਹੈ। ਸੰਵਿਧਾਨ ਨੂੰ ਅਪਣਾਉਣ ਦੀ 75ਵੀਂ ਵਰ੍ਹੇਗੰਢ ’ਤੇ ਵਿਸ਼ੇਸ਼ ਚਰਚਾ ਦੀ ਸ਼ੁਰੂਆਤ ਕਰਦਿਆਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਕੁਝ ਲੋਕ ਸੋਚਦੇ ਹਨ ਕਿ ਸੰਵਿਧਾਨ ਉਨ੍ਹਾਂ ਬਣਾਇਆ ਹੈ, ਪਰ ਤੁਹਾਨੂੰ ਦੱਸ ਦੇਈਏ ਕਿ ਇਹ ਕਿਸੇ ਇੱਕ ਪਾਰਟੀ ਦਾ ਯੋਗਦਾਨ ਨਹੀਂ। ਰਾਹੁਲ ਗਾਂਧੀ ’ਤੇ ਨਿਸ਼ਾਨਾ ਲਾਉਦਿਆਂ ਉਨ੍ਹਾ ਕਿਹਾ ਕਿ ਕੁਝ ਨੇਤਾ ਸੰਵਿਧਾਨ ਦੀ ਕਾਪੀ ਆਪਣੀਆਂ ਜੇਬਾਂ ’ਚ ਰੱਖਦੇ ਹਨ, ਕਿਉਂਕਿ ਉਨ੍ਹਾਂ ਨੂੰ ਬਚਪਨ ਤੋਂ ਹੀ ਇਹੀ ਸਿੱਖਿਆ ਦਿੱਤੀ ਜਾਂਦੀ ਹੈ।