ਨਵੀਂ ਦਿੱਲੀ : ਭਾਜਪਾ ਦੇ ਸੀਨੀਅਰ ਆਗੂ ਲਾਲ ਕਿ੍ਰਸ਼ਨ ਅਡਵਾਨੀ ਨੂੰ ਸਿਹਤ ਵਿਗੜਨ ਕਾਰਨ ਸਨਿੱਚਰਵਾਰ ਅਪੋਲੋ ਹਸਪਤਾਲ ਲਿਜਾਣਾ ਪਿਆ। ਡਾਕਟਰਾਂ ਅਨੁਸਾਰ ਉਨ੍ਹਾ ਦੀ ਹਾਲਤ ਸਥਿਰ ਹੈ ਤੇ ਉਹ ਡਾਕਟਰਾਂ ਦੀ ਨਿਗਰਾਨੀ ਹੇਠ ਹਨ। ਉਨ੍ਹਾ ਨੂੰ ਤਿੰਨ ਮਹੀਨੇ ਪਹਿਲਾਂ ਵੀ ਅਪੋਲੋ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।
ਫਰੈਂਕੋਇਸ ਬੇਰੋ ਫਰਾਂਸ ਦੇ ਨਵੇਂ ਪ੍ਰਧਾਨ ਮੰਤਰੀ
ਪੈਰਿਸ : ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਨੇ ਫਰੈਂਕੋਇਸ ਬੇਰੋ ਨੂੰ ਨਵਾਂ ਪ੍ਰਧਾਨ ਮੰਤਰੀ ਨਾਮਜ਼ਦ ਕੀਤਾ ਹੈ। ਮੈਕਰੋਂ ਦੇ ਦਫਤਰ ਨੇ ਕਿਹਾ ਕਿ ਬੇਰੋ ਨੂੰ ਹੁਣ ਸਰਕਾਰ ਬਣਾਉਣ ਦਾ ਕੰਮ ਸੌਂਪਿਆ ਗਿਆ ਹੈ। ਉਹ 2025 ਦਾ ਬਜਟ ਵੀ ਤਿਆਰ ਕਰਨਗੇ। ਇਸ ਤੋਂ ਪਹਿਲਾਂ ਮਿਸ਼ੇਲ ਬਾਰਨੀਅਰ 4 ਦਸੰਬਰ ਨੂੰ ਭਰੋਸੇ ਦਾ ਵੋਟ ਹਾਸਲ ਕਰਨ ਵਿਚ ਨਾਕਾਮ ਰਹੇ ਸਨ। 1952 ’ਚ ਜਨਮੇ ਬੇਰੋ ਨੇ 2007 ’ਚ ਕੇਂਦਰਵਾਦੀ ਪਾਰਟੀ ਡੈਮੋਕ੍ਰੇਟਿਕ ਮੂਵਮੈਂਟ ਦੀ ਸਥਾਪਨਾ ਕੀਤੀ ਸੀ। ਉਹ 2002, 2007 ਅਤੇ 2012 ’ਚ ਤਿੰਨ ਵਾਰ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਵਜੋਂ ਮੈਦਾਨ ਵਿਚ ਨਿੱਤਰੇ ਸਨ।
ਜੱਦ੍ਹਾ ਜਾ ਰਹੇ ਜਹਾਜ਼ ਦਾ ਕਰਾਚੀ ’ਚ ਹੰਗਾਮੀ ਉਤਾਰਾ
ਕਰਾਚੀ : ਨਵੀਂ ਦਿੱਲੀ ਤੋਂ ਸਾਊਦੀ ਅਰਬ ਦੇ ਜੱਦ੍ਹਾ ਜਾ ਰਹੇ ਇੰਡੀਗੋ ਦੇ ਜਹਾਜ਼ ਦੀ ਸ਼ਨੀਵਾਰ ਪਾਕਿਸਤਾਨ ਦੇ ਕਰਾਚੀ ਸ਼ਹਿਰ ਦੇ ਜਿਨਾਹ ਹਵਾਈ ਅੱਡੇ ’ਤੇ ਐਮਰਜੈਂਸੀ ਲੈਂਡਿੰਗ ਕਰਾਉਣੀ ਪਈ। ਜਹਾਜ਼ ਪਾਕਿਸਤਾਨੀ ਹਵਾਈ ਖੇਤਰ ’ਚ ਵੜਿਆ ਹੀ ਸੀ ਕਿ 55 ਸਾਲਾ ਯਾਤਰੀ ਦੀ ਹਾਲਤ ਗੰਭੀਰ ਹੋ ਗਈ। ਉਸ ਨੂੰ ਪਹਿਲਾਂ ਜਹਾਜ਼ ਵਿੱਚ ਆਕਸੀਜਨ ਦਿੱਤੀ ਗਈ, ਪਰ ਉਹ ਠੀਕ ਨਾ ਹੋਇਆ। ਇਸ ਤੋਂ ਬਾਅਦ ਪਾਇਲਟ ਨੇ ਕਰਾਚੀ ਹਵਾਈ ਅੱਡੇ ਦੇ ਏਅਰ ਟ੍ਰੈਫਿਕ ਕੰਟਰੋਲ ਨਾਲ ਸੰਪਰਕ ਕਰਕੇ ਉਤਰਨ ਦੀ ਇਜਾਜ਼ਤ ਮੰਗੀ ਤੇ ਯਾਤਰੀ ਨੂੰ ਇਲਾਜ ਮੁਹੱਈਆ ਕਰਾਉਣ ਤੋਂ ਬਾਅਦ ਜਹਾਜ਼ ਨਵੀਂ ਦਿੱਲੀ ਪਰਤ ਆਇਆ।
ਥਾਣੇ ’ਚ ਧਮਾਕੇ ਤੋਂ ਦੋ ਦਿਨ ਬਾਅਦ ਮਾਮਲਾ ਦਰਜ
ਬਟਾਲਾ : ਇੱਥੋਂ ਥੋੜ੍ਹੀ ਦੂਰੀ ’ਤੇ ਅੱਡਾ ਅਲੀਵਾਲ ’ਚ ਬਣੇ ਥਾਣਾ ਘਣੀਏ ਕੇ ਬਾਂਗਰ ’ਤੇ 12 ਦਸੰਬਰ ਦੀ ਦੇਰ ਰਾਤ ਨੂੰ ਹੋਏ ਗਰਨੇਡ ਹਮਲੇ ਦੀ ਘਟਨਾ ’ਤੇ ਦੋ ਦਿਨ ਪਰਦਾ ਪਾਉਣ ਪਿੱਛੋਂ ਪੁਲਸ ਨੇ ਆਖਰ ਅਣਪਛਾਤੇ ਹਮਲਾਵਰਾਂ ਖਿਲਾਫ ਸੰਗੀਨ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਮਾਮਲਾ ਥਾਣਾ ਘਣੀਏ ਕੇ ਬਾਂਗਰ ਦੇ ਮੁਖੀ ਗੁਰਮਿੰਦਰ ਸਿੰਘ ਦੇ ਬਿਆਨ ’ਤੇ ਦਰਜ ਕੀਤਾ ਗਿਆ ਹੈ। ਥਾਣਾ ਮੁਖੀ ਨੇ ਦੱਸਿਆ ਕਿ 12 ਦਸੰਬਰ ਦੀ ਰਾਤ ਨੂੰ ਉਹ ਇਲਾਕੇ ’ਚ ਗਸ਼ਤ ’ਤੇ ਸਨ ਤੇ ਉਹਨਾ ਨੂੰ ਡਿਊਟੀ ’ਤੇ ਤਾਇਨਾਤ ਮੁਨਸ਼ੀ ਨੇ ਫੋਨ ਕਰਕੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਨੇ ਥਾਣੇ ਵਿੱਚ ਧਮਾਕਾਖੇਜ ਸਮੱਗਰੀ ਸੁੱਟ ਕੇ ਧਮਾਕਾ ਕੀਤਾ, ਜਿਸ ਨਾਲ ਥਾਣੇ ਦੀ ਬਿਲਡਿੰਗ ਦੇ ਸ਼ੀਸ਼ੇ ਟੁੱਟ ਗਏ, ਪਰ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਹੈ।