ਜੈਪੁਰ : ਸਰਕਾਰੀ ਹਸਪਤਾਲ ’ਚ ਕੈਂਸਰ ਦਾ ਇਲਾਜ ਕਰਵਾ ਰਹੇ 10 ਸਾਲਾ ਬੱਚੇ ਦੇ ਅੰਗੂਠੇ ਨੂੰ ਚੂਹੇ ਨੇ ਕਥਿਤ ਤੌਰ ’ਤੇ ਕੱਟ ਲਿਆ। ਹਸਪਤਾਲ ਦੇ ਅਧਿਕਾਰੀ ਨੇ ਸਨਿੱਚਰਵਾਰ ਦੱਸਿਆ ਕਿ ਬੱਚੇ ਦੀ ਮੌਤ ਹੋ ਗਈ ਹੈ। ਹਾਲਾਂਕਿ ਸਟੇਟ ਕੈਂਸਰ ਇੰਸਟੀਚਿਊਟ, ਜਿੱਥੇ ਮੁੰਡੇ ਨੂੰ 11 ਦਸੰਬਰ ਨੂੰ ਦਾਖਲ ਕਰਵਾਇਆ ਗਿਆ ਸੀ, ਨੇ ਕਿਹਾ ਕਿ ਮੌਤ ਸੈਪਟਸੀਮੀਆ ਸਦਮਾ ਅਤੇ ਉੱਚ ਸੰਕਰਮਣ ਕਾਰਨ ਹੋਈ ਹੈ, ਨਾ ਕਿ ਚੂਹੇ ਦੇ ਕੱਟਣ ਨਾਲ। ਰਾਜਸਥਾਨ ਸਰਕਾਰ ਨੇ ਮਾਮਲੇ ਦੀ ਜਾਂਚ ਲਈ ਕਮੇਟੀ ਦਾ ਗਠਨ ਕੀਤਾ ਹੈ। ਹਸਪਤਾਲ ਦੇ ਸੁਪਰਡੈਂਟ ਡਾ. ਸੰਦੀਪ ਜਸੂਜਾ ਨੇ ਕਿਹਾ ਕਿ ਬੱਚੇ ਨੂੰ ਬੁਖਾਰ ਅਤੇ ਨਿਮੋਨੀਆ ਵੀ ਸੀ। ਸ਼ੁੱਕਰਵਾਰ ਨੂੰ ਹਾਈ ਇਨਫੈਕਸ਼ਨ ਸੈਪਟੀਸੀਮੀਆ ਸਦਮੇ ਕਾਰਨ ਉਸ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਮੈਡੀਕਲ ਸਿੱਖਿਆ ਸਕੱਤਰ ਅੰਬਰੀਸ਼ ਕੁਮਾਰ ਨੇ ਸਵਾਈ ਮਾਨ ਸਿੰਘ ਮੈਡੀਕਲ ਕਾਲਜ ਦੇ ਪਿ੍ਰੰਸੀਪਲ ਤੋਂ ਰਿਪੋਰਟ ਮੰਗੀ ਹੈ।
ਇਕ ਸਥਾਨਕ ਅਖਬਾਰ ਵਿਚ ਛਪੀ ਖਬਰ ਮੁਤਾਬਕ ਦਾਖਲ ਹੋਣ ਤੋਂ ਕੁਝ ਦੇਰ ਬਾਅਦ ਹੀ ਬੱਚਾ ਰੋਣ ਲੱਗ ਪਿਆ। ਜਦੋਂ ਉਸ ਦੇ ਪਰਵਾਰਕ ਮੈਂਬਰਾਂ ਨੇ ਉਸ ਦੇ ਹੇਠਾਂ ਪਏ ਕੰਬਲ ਨੂੰ ਹਟਾਇਆ ਤਾਂ ਉਨ੍ਹਾਂ ਨੇ ਚੂਹੇ ਦੇ ਕੱਟਣ ਕਾਰਨ ਉਸ ਦੇ ਪੈਰ ਦੀ ਇੱਕ ਉਂਗਲੀ ਵਿੱਚੋਂ ਖੂਨ ਵਗਦਾ ਦੇਖਿਆ। ਉਨ੍ਹਾਂ ਨਰਸਿੰਗ ਸਟਾਫ ਨੂੰ ਸੂਚਿਤ ਕੀਤਾ, ਜਿਨ੍ਹਾਂ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਪੱਟੀ ਬੰਨ੍ਹ ਦਿੱਤੀ।
ਜਸੂਜਾ ਨੇ ਦੱਸਿਆ ਕਿ ਚੂਹੇ ਦੇ ਕੱਟਣ ਦੀ ਸੂਚਨਾ ਮਿਲਦੇ ਹੀ ਉਨ੍ਹਾ ਬੱਚੇ ਦਾ ਇਲਾਜ ਸ਼ੁਰੂ ਕਰ ਦਿੱਤਾ ਸੀ।