ਬੇਂਗਲੁਰੂ : ਇੰਜੀਨੀਅਰ ਅਤੁਲ ਸੁਭਾਸ਼ ਵੱਲੋਂ ਕਥਿਤ ਤੌਰ ’ਤੇ ਸਹੁਰਿਆਂ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰਨ ਦੇ ਕੁਝ ਦਿਨਾਂ ਬਾਅਦ ਹੌਲਦਾਰ ਨੇ ਪਤਨੀ ਤੇ ਸਹੁਰੇ ਤੋਂ ਦੁਖੀ ਹੋ ਕੇ ਸ਼ੁੱਕਰਵਾਰ ਖੁਦਕੁਸ਼ੀ ਕਰ ਲਈ। 34 ਸਾਲਾ ਐੱਚ ਸੀ ਥਿਪੰਨਾ ਬੇਂਗਲੁਰੂ ਵਿੱਚ ਹੁਲੀਮਾਵੂ ਟਰੈਫਿਕ ਪੁਲਸ ਥਾਣੇ ’ਚ ਤਾਇਨਾਤ ਸੀ। ਉਸ ਦੀ ਲਾਸ਼ ਬੇਂਗਲੁਰੂ ਵਿੱਚ ਹੀਲਾਲੀਗੇ ਰੇਲਵੇ ਸਟੇਸ਼ਨ ਤੇ ਕਾਰਮੇਲਰਮ ਹੁਸਾਗੁਰੂ ਰੇਲਵੇ ਗੇਟ ਵਿਚਾਲੇ ਪਟੜੀ ਤੋਂ ਮਿਲੀ। ਉਸ ਵੇਲੇ ਉਹ ਪੁਲਸ ਵਰਦੀ ਵਿੱਚ ਸੀ। ਉਸ ਨੇ ਪਿੱਛੇ ਛੱਡੇ ਖੁਦਕੁਸ਼ੀ ਨੋਟ ਵਿੱਚ ਦੋਸ਼ ਲਾਇਆ ਹੈ ਕਿ ਪਤਨੀ ਤੇ ਸਹੁਰੇ ਤੋਂ ਦੁਖੀ ਹੋ ਕੇ ਉਸ ਨੇ ਇਹ ਕਦਮ ਚੁੱਕਿਆ। ਉਸ ਨੇ ਕਿਹਾ ਸਹੁਰੇ ਯਮੁਨੱਪਾ ਨੇ ਉਸ ਨੂੰ 12 ਦਸੰਬਰ ਦੀ ਸ਼ਾਮ 7 ਵੱਜ ਕੇ 26 ਮਿੰਟ ’ਤੇ ਫੋਨ ਕੀਤਾ ਤੇ 14 ਮਿੰਟ ਗੱਲਾਂ ਕਰਨ ਦੌਰਾਨ ਧਮਕਾਇਆ। ਉਸ ਨੇ ਅਗਲੀ ਸਵੇਰ ਸਹੁਰੇ ਨੂੰ ਫੋਨ ਕੀਤਾ ਤਾਂ ਉਸ ਨੇ ਕਿਹਾ ਕਿ ਮਰ ਜਾ, ਉਸ ਦੀ ਧੀ ਤੇਰੇ ਤੋਂ ਬਿਨਾਂ ਵਧੀਆ ਜੀ ਲਵੇਗੀ। ਉਸ ਨੇ ਗਾਲ੍ਹਾਂ ਵੀ ਕੱਢੀਆਂ।