ਜਲੰਧਰ (ਸ਼ੈਲੀ ਐਲਬਰਟ)-ਨਵਾਂਸ਼ਹਿਰ ਦੀ ਪੁਲਸ ਚੌਕੀ ਆਸਰੋਂ ’ਤੇ ਬੀਤੀ 2 ਦਸੰਬਰ ਨੂੰ ਹੋਏ ਹੈਂਡ ਗ੍ਰਨੇਡ ਹਮਲੇ ਦੇ ਕੁਝ ਦਿਨ ਉਪਰੰਤ ਹੀ ਕਾਊਂਟਰ ਇੰਟੈਲੀਜੈਂਸ ਜਲੰਧਰ ਨੇ ਨਵਾਂ ਸ਼ਹਿਰ ਜ਼ਿਲ੍ਹਾ ਪੁਲਸ ਨਾਲ ਸਾਂਝੇ ਅਪ੍ਰੇਸ਼ਨ ਵਿੱਚ ਹਮਲੇ ਦੇ ਮਾਸਟਰਮਾਇੰਡ ਅੱਤਵਾਦੀ ਮਡਿਊਲ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਤਿੰਨ ਮੈਂਬਰਾਂ ਨੂੰ ਗਿ੍ਰਫਤਾਰ ਕਰ ਲਿਆ ਹੈ। ਡੀ ਜੀ ਪੀ ਪੰਜਾਬ ਗੌਰਵ ਯਾਦਵ ਨੇ ਫੜੇ ਗਏ ਵਿਅਕਤੀਆਂ ਦੀ ਪਛਾਣ ਯੁਗਪ੍ਰੀਤ ਸਿੰਘ ਉਰਫ਼ ਯੁਵੀ ਵਾਸੀ ਮੁਹੱਲਾ ਕਾਜ਼ੀਆਂ, ਜਸਕਰਨ ਸਿੰਘ ਉਰਫ਼ ਸ਼ਾਹ ਵਾਸੀ ਮੁਹੱਲਾ ਜਗੋਤੀਆਂ ਅਤੇ ਹਰਜੋਤ ਸਿੰਘ ਉਰਫ਼ ਜੋਤ ਵਾਸੀ ਦੁੱਗਲਾਂ ਮੁਹੱਲਾ, ਰਾਹੋਂ ਵਜੋਂ ਕੀਤੀ ਹੈ। ਉਨ੍ਹਾ ਦੇ ਕਬਜ਼ੇ ’ਚੋਂ ਦੇਸੀ ਪਿਸਤੌਲ, ਇੱਕ ਰਿਵਾਲਵਰ ਸਮੇਤ ਛੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।
ਯਾਦਵ ਨੇ ਦੱਸਿਆ ਕਿ ਗਿ੍ਰਫ਼ਤਾਰ ਕੀਤੇ ਗਏ ਮੁਲਜ਼ਮ ਜਰਮਨੀ, ਯੂ ਕੇ ਅਤੇ ਹੋਰ ਦੇਸ਼ਾਂ ਵਿੱਚ ਸਥਿਤ ਹੈਂਡਲਰਾਂ ਵੱਲੋਂ ਚਲਾਏ ਜਾ ਰਹੇ ਕੇ ਜ਼ੈੱਡ ਐੱਫ ਮਡਿਊਲ ਦੇ ਮੈਂਬਰ ਹਨ ਅਤੇ ਉਨ੍ਹਾਂ ਨੂੰ ਪੰਜਾਬ ਅਤੇ ਹਰਿਆਣਾ ਵਿੱਚ ਪੁਲਸ ਅਦਾਰਿਆਂ ਅਤੇ ਘੱਟ ਗਿਣਤੀ ਆਗੂਆਂ ਨੂੰ ਨਿਸ਼ਾਨਾ ਬਣਾਉਣ ਦਾ ਕੰਮ ਸੌਂਪਿਆ ਗਿਆ ਸੀ।ਮਡਿਊਲ ਨੂੰ ਪਿਛਲੇ ਛੇ ਮਹੀਨਿਆਂ ਵਿੱਚ ਘੱਟੋ-ਘੱਟ 4.5 ਲੱਖ ਰੁਪਏ ਦੀ ਫੰਡਿੰਗ ਪ੍ਰਾਪਤ ਹੋਈ ਹੈ।ਉਹਨਾ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗਿ੍ਰਫ਼ਤਾਰ ਕੀਤੇ ਗਏ ਵਿਅਕਤੀਆਂ ਨੇ 28 ਨਵੰਬਰ ਨੂੰ ਜਲੰਧਰ ਦੇ ਜੀ ਟੀ ਰੋਡ ਸਥਿਤ ਇੱਕ ਡੈੱਡ ਲੈਟਰ ਬਾਕਸ ਤੋਂ ਹੈਂਡ ਗ੍ਰਨੇਡ ਪ੍ਰਾਪਤ ਕੀਤਾ ਸੀ ਅਤੇ 2 ਦਸੰਬਰ ਨੂੰ ਪੁਲਸ ਚੌਕੀ ਆਸਰੋਂ ਨੂੰ ਨਿਸ਼ਾਨਾ ਬਣਾਇਆ ਸੀ। ਦੱਸਣਯੋਗ ਹੈ ਕਿ ਡੀ ਐੱਲ ਬੀ ਇੱਕ ਗੁਪਤ ਟਿਕਾਣਾ ਹੁੰਦਾ ਹੈ, ਜੋ ਵਿਅਕਤੀਗਤ ਤੌਰ ’ਤੇ ਮਿਲੇ ਬਿਨਾਂ ਦੋ ਵਿਆਕਤੀਆਂ ਵਿਚਕਾਰ ਜਾਣਕਾਰੀ ਜਾਂ ਵਸਤੂਆਂ ਦੇ ਆਦਾਨ-ਪ੍ਰਦਾਨ ਲਈ ਵਰਤਿਆ ਜਾਂਦਾ ਹੈ। ਏ ਆਈ ਜੀ ਸੀ ਆਈ ਜਲੰਧਰ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਖੁਫੀਆ ਜਾਣਕਾਰੀ ਅਤੇ ਵਿਅਕਤੀਗਤ ਸੂਚਨਾ ਦੇ ਆਧਾਰ ’ਤੇ ਕੀਤੇ ਗਏ ਅਪ੍ਰੇਸ਼ਨ ਵਿੱਚ ਸੀ ਆਈ ਜਲੰਧਰ ਦੀ ਟੀਮ ਨੇ ਨਵਾਂ ਸ਼ਹਿਰ ਪੁਲਸ ਨਾਲ ਮਿਲ ਕੇ ਨਵਾਂ ਸ਼ਹਿਰ ਦੇ ਰੇਲਵੇ ਕਰਾਸਿੰਗ ਨੇੜੇ ਇੱਕ ਵਿਸ਼ੇਸ਼ ਨਾਕਾ ਲਗਾਇਆ ਅਤੇ ਉਕਤ ਮੁਲਜ਼ਮਾਂ ਨੂੰ ਉਸ ਸਮੇਂ ਕਾਬੂ ਕੀਤਾ, ਜਦੋਂ ਉਹ ਆਪਣੇ ਸਪਲੈਂਡਰ ਮੋਟਰਸਾਈਕਲ ’ਤੇ ਨਵਾਂਸ਼ਹਿਰ ਬੱਸ ਸਟੈਂਡ ਵੱਲ ਆ ਰਹੇ ਸਨ। ਉਨ੍ਹਾ ਦੱਸਿਆ ਕਿ ਪੁਲਸ ਟੀਮਾਂ ਨੇ ਉਨ੍ਹਾਂ ਦਾ ਮੋਟਰਸਾਈਕਲ ਵੀ ਜ਼ਬਤ ਕਰ ਲਿਆ ਹੈ। ਉਨ੍ਹਾ ਦੱਸਿਆ ਕਿ ਇਸ ਅੱਤਵਾਦੀ ਮਡਿਊਲ ਦੇ ਹੋਰ ਮੈਂਬਰਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਫੜਨ ਲਈ ਅਗਲੇ-ਪਿਛਲੇ ਸੰਬੰਧ ਸਥਾਪਤ ਕਰਨ ਲਈ ਹੋਰ ਜਾਂਚ ਜਾਰੀ ਹੈ। ਇਸ ਸੰਬੰਧੀ ਥਾਣਾ ਸਿਟੀ ਨਵਾਂਸ਼ਹਿਰ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ।