9.3 C
Jalandhar
Sunday, December 22, 2024
spot_img

ਫੁਲਕਿਆਂ ਦੀ ਭਾਜੀ ਜੰਗਲੀ ਕੁੱਕੜ ਨਾਲ ਮੋੜੀ

ਸ਼ਿਮਲਾ : ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਦੀ ਕੁਫਰੀ ’ਚ ਇੱਕ ਸਮਾਗਮ ’ਚ ਸ਼ਮੂਲੀਅਤ ਕਾਰਨ ਵਿਵਾਦ ਪੈਦਾ ਹੋ ਗਿਆ ਹੈ, ਕਿਉਂਕਿ ਉਸ ’ਚ ਮਹਿਮਾਨਾਂ ਨੂੰ ਪਰੋਸੇ ਖਾਣੇ ’ਚ 1972 ਦੇ ਜੰਗਲੀ ਜੀਵ ਸੁਰੱਖਿਆ ਐਕਟ ਦੇ ਤਹਿਤ ਬੈਨ ਜੰਗਲੀ ਕੁੱਕੜ ਕਥਿਤ ਤੌਰ ’ਤੇ ਸ਼ਾਮਲ ਸੀ।
ਇਹ ਘਟਨਾ ਜਾਨਵਰ ਕਲਿਆਣ ਸੰਗਠਨ ਵੱਲੋਂ ਵੀਡੀਓ ਰਾਹੀਂ ਸਾਂਝੀ ਕਰਨ ਤੋਂ ਬਾਅਦ ਜਾਨਵਰਾਂ ਦੇ ਅਧਿਕਾਰ ਸਮੂਹਾਂ ਅਤੇ ਭਾਰਤੀ ਜਨਤਾ ਪਾਰਟੀ ਨੇ ਵਿਆਪਕ ਨਿੰਦਾ ਕੀਤੀ ਹੈ ਅਤੇ ਜ਼ਿੰਮੇਵਾਰ ਲੋਕਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਸ਼ਿਮਲਾ ਜ਼ਿਲ੍ਹੇ ਚੋਪਾਲ ਇਲਾਕੇ ਦੇ ਪਿੰਡ ਕੁਪਵੀ ’ਚ ਜਨਤਕ ਸਮਾਗਮ ’ਚ ਸੁੱਖੂ ਨੇ ਰਾਤ ਦੇ ਖਾਣੇ ’ਚ ਸ਼ਿਰਕਤ ਕੀਤੀ, ਜਿੱਥੇ ਖਾਣੇ ਦੀ ਸੂਚੀ ’ਚ ਜੰਗਲੀ ਕੁੱਕੜ, ਬੀਚੂ ਬੂਟੀ (ਸਥਾਨਕ ਜੜੀ-ਬੂਟੀ), ਮੱਕੀ ਅਤੇ ਕਣਕ ਤੋਂ ਬਣੀਆਂ ਰੋਟੀਆਂ ਸ਼ਾਮਲ ਸਨ। ਹਾਲਾਂਕਿ ਭੁੰਜੇ ਬੈਠ ਕੇ ਖਾਣਾ ਖਾਣ ਵਾਲੇ ਸੁੱਖੂ ਨੇ ਜੰਗਲੀ ਕੁੱਕੜ ਦਾ ਸੇਵਨ ਨਹੀਂ ਕੀਤਾ, ਪਰ ਇਸ ਨੂੰ ਰਾਜ ਦੇ ਸਿਹਤ ਮੰਤਰੀ ਧਨੀ ਰਾਮ ਸ਼ਾਂਡਿਲ ਅਤੇ ਹੋਰ ਮਹਿਮਾਨਾਂ ਨੂੰ ਪਰੋਸਣ ਲਈ ਕਿਹਾ। ਹਿਮਾਚਲ ’ਚ 3000 ਫੁੱਟ ਤੋਂ ਉੱਪਰ ਦੀ ਉਚਾਈ ’ਤੇ ਪਾਏ ਜਾਣ ਵਾਲੇ ਜੰਗਲੀ ਕੁੱਕੜ ਦਾ ਸ਼ਿਕਾਰ ਕਰਨਾ ਸਜ਼ਾਯੋਗ ਅਪਰਾਧ ਹੈ।
ਭਾਜਪਾ ਦੇ ਸੂਬਾਈ ਬੁਲਾਰੇ ਚੇਤਨ ਭਾਰਤੀ ਨੇ ਮੰਗ ਕੀਤੀ ਕਿ ਸੁੱਖੂ ਜਨਤਕ ਤੌਰ ’ਤੇ ਮੁਆਫੀ ਮੰਗਣ ਅਤੇ ਜੰਗਲੀ ਕੁੱਕੜ ਪਰੋਸਣ ਵਾਲੇ ਲੋਕਾਂ ਖਿਲਾਫ ਸਖਤ ਕਾਰਵਾਈ ਕਰਨ। ਸੁੱਖੂ ’ਤੇ ਹਮਲੇ ਦਾ ਕੋਈ ਵੀ ਮੌਕਾ ਨਾ ਗੁਆਉਣ ਵਾਲੇ ਸਾਬਕਾ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਵੀ ਇਸ ਘਟਨਾ ਦੀ ਨਿਖੇਧੀ ਕਰਦਿਆਂ ਇਸ ਨੂੰ ਅਸਵੀਕਾਰਨਯੋਗ ਦੱਸਿਆ ਅਤੇ ਸਰਕਾਰ ਨੂੰ ਇਸ ਮੁੱਦੇ ਨੂੰ ਜਲਦੀ ਹੱਲ ਕਰਨ ਦੀ ਅਪੀਲ ਕੀਤੀ। ਉਨ੍ਹਾ ਕਿਹਾ ਕਿ ਜਦੋਂ ਭਾਜਪਾ ਸਰਕਾਰ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਹੱਲ ਕਰਨ ਲਈ ਜਨ ਮੰਚ ਪੋ੍ਰਗਰਾਮਾਂ ਵਿੱਚ ਫੁਲਕੇ ਵਰਤਾਉਦੀ ਸੀ ਤਾਂ ਕਾਂਗਰਸੀ ਦੋਸ਼ ਲਾਉਦੇ ਸਨ ਕਿ ਭਾਜਪਾ ਹਕੂਮਤ ਫੁਲਕਿਆਂ ’ਤੇ ਖਾਣੇ ’ਤੇ ਕਰੋੜਾਂ ਰੁਪਏ ਖਰਚ ਰਹੀ ਹੈ, ਜਦਕਿ ਆਪ ਜੰਗਲੀ ਕੁੱਕੜ ਚਰੁੰਡ ਰਹੇ ਹਨ।
ਠਾਕੁਰ ਨੇ ਕਿਹਾ ਜੰਗਲੀ ਕੁੱਕੜ ਵਰਗੀ ਸੁਰੱਖਿਅਤ ਪ੍ਰਜਾਤੀ ਦਾ ਸੇਵਨ ਕਰਨ ਲਈ ਜੇਲ੍ਹ ਅਤੇ ਜੁਰਮਾਨੇ ਦੀ ਸਜ਼ਾ ਹੈ। ਫਿਲਹਾਲ ਸਰਕਾਰ ਅਤੇ ਪ੍ਰਸ਼ਾਸਨ ਨੇ ਇਸ ਮਾਮਲੇ ਨੂੰ ਲੈ ਕੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ।

Related Articles

Latest Articles