ਨਾਮਵਰ ਸੱਜਣਾਂ ਦੀ ਮੌਜੂਦਗੀ ’ਚ ‘ਸੁਲਘਦੇ ਸਵਾਲਾਂ ਦਾ ਪਰਿਵਾਰ’ ਦੀ ਘੁੰਢ-ਚੁਕਾਈ
ਸ਼ਾਹਕੋਟ (ਗਿਆਨ ਸੈਦਪੁਰੀ)
‘ਨਵਾਂ ਜ਼ਮਾਨਾ’ ਦੀ ਸੰਚਾਲਕ ਸੰਸਥਾ ‘ਅਰਜਨ ਸਿੰਘ ਗੜਗੱਜ ਫਾਊਂਡੇਸ਼ਨ’ ਦੇ ਸਕੱਤਰ ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ ਦੀ ਕਿਤਾਬ ‘ਸੁਲਘਦੇ ਸਵਾਲਾਂ ਦਾ ਪਰਿਵਾਰ’ ਦੀ ਘੁੰਡ ਚੁਕਾਈ ਮੌਕੇ ਵਿਦਵਾਨ ਲੇਖਕਾਂ ਨੇ ਭਾਵਪੂਰਤ ਚਰਚਾ ਕੀਤੀ। ਸ਼ਨੀਵਾਰ ਨੂੰ ਸਥਾਨਕ ਪ੍ਰੈੱਸ ਕਲੱਬ ਵਿੱਚ ਹੋਏ ਸਮਾਗਮ ਦੇ ਸਬੱਬ ਨਾਲ ਸਾਹਿਤ, ਸਿਆਸਤ ਅਤੇ ਸਮਾਜਿਕ ਮਸਲਿਆਂ ਬਾਰੇ ਗਹਿਰ-ਗੰਭੀਰ ਅਤੇ ਮੁੱਲਵਾਨ ਗੱਲਾਂ ਹੋਈਆਂ।
ਸ਼ੋ੍ਰਮਣੀ ਪੱਤਰਕਾਰ ਤੇ ਲੇਖਕ ਕੁਲਦੀਪ ਸਿੰਘ ਬੇਦੀ ਨੇ ਲੇਖਕ ਤੇ ਕਿਤਾਬ ਬਾਰੇ ਚਰਚਾ ਕਰਦਿਆਂ ਕਿਹਾ ਕਿ ‘ਸੁਲਘਦੇ ਸਵਾਲਾਂ ਦਾ ਪਰਿਵਾਰ’ ਵਿੱਚ ਸ਼ੁਗਲੀ ਹੁਰਾਂ ਸਵਾਲਾਂ ਨੂੰ ਸਾਡੇ ਅੱਗੇ ਇਸ ਆਸ ਨਾਲ ਰੱਖ ਦਿੱਤਾ ਹੈ ਤਾਂ ਕਿ ਅਸੀਂ ਇਨ੍ਹਾਂ ਨੂੰ ਸੁਲਝਾਉਣ ਲਈ ਆਪਣੀ ਸਮਰੱਥਾ ਅਨੁਸਾਰ ਯੋਗਦਾਨ ਪਾ ਸਕੀਏ। ਉਨ੍ਹਾ ਕਿਹਾ ਕਿ ਐਡਵੋਕੇਟ ਸ਼ੁਗਲੀ ਆਪਣੀ ਲੇਖਣੀ ਰਾਹੀਂ ਚੇਤਨਾ ਦਾ ਛੱਟਾ ਦੇ ਰਹੇ ਹਨ। ਇਨ੍ਹਾ ਦੇ ਲੇਖਾਂ ਦੀ ਇਹ ਵੀ ਇੱਕ ਵਿਸ਼ੇਸ਼ਤਾ ਹੈ ਕਿ ਇੱਕ ਲੇਖ ਵਿੱਚੋਂ 5-7 ਲੇਖ ਹੋਰ ਨਿਕਲ ਸਕਦੇ ਹਨ। ਇਨ੍ਹਾਂ ਲੇਖਾਂ ਨੂੰ ਛਪਣ ਦੇ ਸੰਦਰਭ ਵਿੱਚ ਉਨ੍ਹਾ ਕਿਹਾ ਕਿ ‘ਨਵਾਂ ਜ਼ਮਾਨਾ’ ਤੋਂ ਬਿਨਾਂ ਹੋਰ ਕਿਸੇ ਅਖ਼ਬਾਰ ਦੀ ਜੁਰਅੱਤ ਨਹੀਂ ਕਿ ਅਜਿਹੇ ਸੁਲਘਦੇ ਸਵਾਲਾਂ ਨੂੰ ਉਠਾ ਸਕੇ।
ਉੱਘੇ ਚਿੰਤਕ ਸਤਨਾਮ ਸਿੰਘ ਮਾਣਕ ਨੇ ਕਿਤਾਬ ਦੀ ਚਰਚਾ ਅਜੋਕੇ ਦੌਰ ਦੇ ਸੰਦਰਭ ਵਿੱਚ ਕੀਤੀ। ਉਨ੍ਹਾ ਕਿਹਾ ਕਿ ਲੇਖਕ ਬੜੀ ਹੀ ਡਰ ਵਾਲੀ ਸਥਿਤੀ ਵਿੱਚੋਂ ਲੰਘ ਰਹੇ ਹਨ। ਦੇਸ਼ ਇੱਕ ਹੋਰ ਵੰਡ ਵੱਲ ਵਧ ਰਿਹਾ ਹੈ। ਇਨ੍ਹਾਂ ਸਮਿਆਂ ਵਿੱਚ ਲੇਖਕਾਂ ਦੇ ਬੋਲਣ ਤੇ ਲਿਖਣ ਦੀ ਬੜੀ ਲੋੜ ਹੈ। ਉਨ੍ਹਾ ਕਿਹਾ ਕਿ 2014 ਤੋਂ ਪਹਿਲਾਂ ਤੇ ਬਾਅਦ ਦੇ ਇਤਿਹਾਸ ਵਿੱਚ ਬੜਾ ਫਰਕ ਹੋਵੇਗਾ। ਸ਼ੁਗਲੀ ਹੁਰਾਂ ਦੀ ਕਿਤਾਬ ਵਿੱਚ ਲੇਖਾਂ ਦੀ ਮਹੱਤਤਾ ਦੀ ਗੱਲ ਕਰਦਿਆਂ ਉਨ੍ਹਾ ਕਿਹਾ ਕਿ ਇਹ ਖੋਜ ਦੇ ਕਾਰਜਾਂ ਦਾ ਹਿੱਸਾ ਬਣਨਗੇ। ਕੀਤੇ ਜਾ ਰਹੇ ਸਮਾਗਮ ਦੀ ਗੱਲ ਕਰਦਿਆਂ ਮਾਣਕ ਨੇ ਕਿਹਾ ਕਿ ਅਜਿਹੇ ਸਮਾਗਮਾਂ ਵਿੱਚ ਜੁੜੇ ਸਾਹਿਤਕਾਰਾਂ ਪਾਸੋਂ ਰੌਸ਼ਨੀ ਵੀ ਮਿਲਦੀ ਹੈ ਤੇ ਸਕੂਨ ਵੀ। ਡਾ. ਹਰਜਿੰਦਰ ਸਿੰਘ ਅਟਵਾਲ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਕਿਤਾਬ ਵਿੱਚ ਛਪੇ ਲੇਖ ਦਸਤਾਵੇਜ਼ੀ ਮਹੱਤਤਾ ਰੱਖਦੇ ਹਨ। ਇਨ੍ਹਾਂ ਵਿੱਚ ਰਾਜਨੀਤੀ ਕੇਂਦਰ ਬਿੰਦੂ ਹੈ। ਪਾਠਕ ਨੂੰ ਸ਼ੁਗਲੀ ਹੁਰਾਂ ਵੱਲੋਂ ਕੀਤੀ ਤਨਜ਼ ਤੇ ਲਾਈਆਂ ਚੋਭਾਂ ਵਧੇਰੇ ਖਿੱਚ ਪਾਉਂਦੀਆਂ ਹਨ। ਇਨ੍ਹਾਂ ਲੇਖਾਂ ਦੇ ਪਹਿਲਾਂ ‘ਨਵਾਂ ਜ਼ਮਾਨਾ’ ਵਿੱਚ ਛਪ ਚੁੱਕੇ ਹੋਣ ਦੇ ਹਵਾਲੇ ਨਾਲ ਡਾ. ਅਟਵਾਲ ਨੇ ਕਿਹਾ ਕਿ ਇਹ ਅਖ਼ਬਾਰ ਲੋਕਾਂ ਦੀ ਸੋਚ ਨੂੰ ਵਿਗਿਆਨਕ ਬਣਾਉਣ ਲਈ ਪ੍ਰੇਰਿਤ ਕਰਦਾ ਹੈ। ਉਨ੍ਹਾ ਸ਼ੁਗਲੀ ਹੁਰਾਂ ਨਾਲ ਆਪਣੀਆਂ ਸਾਂਝਾਂ ਨੂੰ ਵੀ ਚੇਤੇ ਕੀਤਾ।
ਉੱਘੇ ਵਿਦਵਾਨ ਤੇ ਲੇਖਕ ਜਸ ਮੰਡ ਨੇ ਕਿਹਾ ਕਿ ਸ਼ੁਗਲੀ ਹੁਰੀਂ ਔਖੇ ਮਸਲਿਆਂ ਨੂੰ ਸੌਖੇ ਤਰੀਕੇ ਨਾਲ ਪੇਸ਼ ਕਰਦੇ ਹਨ। ਇਨ੍ਹਾ ਦੀ ਲਿਖਣ ਸਮਰੱਥਾ ਅਤੇ ‘ਜਵਾਨ’ ਦਿਸਣ ਦਾ ਰਾਜ਼ ਇਹ ਹੈ ਕਿ ਇਹ ਕਦੇ ਵੀ ਸੇਵਾ-ਮੁਕਤ ਨਹੀਂ ਹੁੰਦੇ। ਮੰਡ ਨੇ ਕਿਹਾ ਕਿ ਸਾਫ਼ ਮੱਥੇ ਤੋਂ ਬਿਨਾਂ ਵਧੀਆ ਲਿਖਿਆ ਨਹੀਂ ਜਾਂਦਾ।
ਐੱਨ ਆਰ ਆਈ ਸਭਾ ਦੇ ਉਪ ਚੇਅਰਮੈਨ ਸਤਨਾਮ ਚਾਨਾ ਨੇ ਕਿਹਾ ਕਿ ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ ਖੁਦ ਇੱਕ ਕਿਤਾਬ ਹਨ। ਅਸੀਂ ਕਹਿ ਸਕਦੇ ਹਾਂ ਕਿ ਇੱਕ ਕਿਤਾਬ ਵੱਲੋਂ ਇੱਕ ਕਿਤਾਬ ਲਿਖੀ ਗਈ ਹੈ। ਉਨ੍ਹਾ ਕਿਹਾ ਕਿ ਲੇਖਕ ਸ਼ੁਗਲੀ ਹੁਰੀਂ ਸਮਾਜ ਦੀਆਂ ਘੁੰਢੀਆਂ ਚੰਗੀ ਤਰ੍ਹਾਂ ਜਾਣਦੇ ਹਨ। ਇਹ ਅਸਲ ’ਚ ਸਮਾਜ ਵਿਗਿਆਨੀ ਹਨ। ਸੰਬੰਧਤ ਕਿਤਾਬ ਵਿੱਚ ਲੇਖਕ ਨੇ ਉਲਝੇ ਹੋਏ ਮਸਲਿਆਂ ਦੀ ਫਿਕਰਮੰਦੀ ਜ਼ਾਹਰ ਕੀਤੀ ਹੈ। ਉੱਘੇ ਕਹਾਣੀਕਾਰ ਭਗਵੰਤ ਰਸੂਲਪੁਰੀ ਨੇ ਘੁੰਡ ਚੁਕਾਈ ਸਮਾਗਮ ਨੂੰ ਜਸ਼ਨ ਦਾ ਨਾਂਅ ਦਿੱਤਾ। ਉਨ੍ਹਾ ਕਿਹਾ ਕਿ ਕਾਨੂੰਨੀ ਮਾਹਰ ਹੋਣ ਕਰਕੇ ਸਮਾਜਿਕ ਤੇ ਸਿਆਸੀ ਨੁਕਤਿਆਂ ਦੀ ਗੱਲ ਕਰਦਿਆਂ ਸ਼ੁਗਲੀ ਹੁਰਾਂ ਕਾਨੂੰਨੀ ਪੱਖ ਨੂੰ ਵੀ ਧਿਆਨ ਵਿੱਚ ਰੱਖਿਆ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਕਾਮਰੇਡ ਰਣਜੀਤ ਸਿੰਘ ਔਲਖ ਨੇ ਕਿਹਾ ਕਿ ਸ਼ੁਗਲੀ (ਮੰਡ) ਪਰਵਾਰ ਹਰੇਕ ਖੇਤਰ ਵਿੱਚ ਖੁਸ਼ਬੂ ਖਿਲਾਰ ਰਿਹਾ ਹੈ। ਸਮਾਗਮ ਨੂੰ ਪ੍ਰੈੱਸ ਕਲੱਬ ਜਲੰਧਰ ਵੱਲੋਂ ਮਿਹਰ ਮਲਿਕ, ਐਡਵੋਕੇਟ ਅਮਰੀਕ ਸਿੰਘ ਸੈਣੀ, ਐਡਵੋਕੇਟ ਗੁਰਜੀਤ ਸਿੰਘ ਕਾਹਲੋਂ, ਐਡਵੋਕੇਟ ਪਰਮਿੰਦਰ ਸਿੰਘ ਢੀਂਗਰਾ ਤੇ ਰੰਗਕਰਮੀ ਨੀਰਜ ਕੌਸ਼ਿਕ ਨੇ ਵੀ ਸੰਬੋਧਨ ਕੀਤਾ।
ਕਿਤਾਬ ਦੇ ਲੇਖਕ ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ ਨੇ ਆਪਣੀ ਗੱਲ ਸ਼ੁਗਲ ਨਾਲ ਸ਼ੁਰੂ ਕਰਦਿਆਂ ਕਿਹਾ ਕਿ ਉਨ੍ਹਾ ਨੂੰ ਅੱਜ ਪਤਾ ਲੱਗਾ ਹੈ ਕਿ ਉਹ ਸਿਆਣੇ ਵੀ ਹਨ। ਆਪਣੀ ਲਿਖਣ ਪ੍ਰਕਿਰਿਆ ਬਾਰੇ ਗੱਲ ਕਰਦਿਆਂ ਉਨ੍ਹਾ ਕਿਹਾ ਕਿ ਉਹ ਛੁੱਟੀ ਵਾਲੇ ਦਿਨ ਦੋ ਲੇਖ ਲਿਖ ਕੇ ਹੀ ਰੋਟੀ ਖਾਂਦੇ ਹਨ। ਉਨ੍ਹਾ ਕਿਹਾ ਕਿ ਜੋ ਆਲੇ-ਦੁਆਲੇ ਵਾਪਰ ਰਿਹਾ ਹੈ, ਉਸੇ ਨੂੰ ਹੀ ਉਹ ਕਾਗਜ਼ਾਂ ’ਤੇ ਉਤਾਰ ਦਿੰਦੇ ਹਨ।
ਐਡਵੋਕੇਟ ਰਜਿੰਦਰ ਸਿੰਘ ਮੰਡ ਨੇ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਲੇਖਕਾਂ ਤੇ ਸਰੋਤਿਆਂ ਦਾ ਧੰਨਵਾਦ ਕੀਤਾ। ਸਟੇਜ ਸੰਚਾਲਨ ਪ੍ਰੋ. ਗੋਪਾਲ ਸਿੰਘ ਬੁੱਟਰ ਨੇ ਬਾਖੂਬੀ ਕੀਤਾ।