ਨਾਗਪੁਰ (ਮਹਾਰਾਸ਼ਟਰ) : ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਵਰ ਸੈਕਟਰ ਨੂੰ ਧੱਕੇ ਨਾਲ ਨਿੱਜੀ ਕੰਪਨੀਆਂ ਦੇ ਹੱਥਾਂ ਵਿੱਚ ਦੇਣ ਅਤੇ ਪ੍ਰੀਪੇਡ ਸਮਾਰਟ ਮੀਟਰ ਲਗਾਉਣ ਦੀ ਲੋਕ ਅਤੇ ਮੁਲਾਜ਼ਮ ਵਿਰੋਧੀ ਨੀਤੀ ਖਿਲਾਫ ਕੁੱਲ ਹਿੰਦ ਬਿਜਲੀ ਫੈਡਰੇਸ਼ਨ (ਐੱਫ ਈ) ਦੀ ਸਥਾਨਕ ਐੱਚ ਐੱਲ ਪਰਵਾਨਾ ਯਾਦਗਾਰੀ ਭਵਨ ਵਿੱਚ 14 ਅਤੇ 15 ਦਸੰਬਰ ਨੂੰ ਹੋਈ ਦੋ ਰੋਜ਼ਾ ਜਨਰਲ ਕੌਂਸਲ ਮੀਟਿੰਗ, ਜਿਸ ਵਿੱਚ ਦੇਸ਼ ਦੇ ਵੱਖ-ਵੱਖ 21 ਸੂਬਿਆਂ ਤੋਂ (ਐੱਫ ਈ) ਨਾਲ ਸੰਬੰਧਤ ਪਾਵਰ ਵਰਕਰ ਫੈਡਰੇਸ਼ਨਾਂ ਦੇ ਤਕਰੀਬਨ 100 ਦੇ ਲਗਭਗ ਪ੍ਰਤੀਨਿਧਾਂ ਤੋਂ ਇਲਾਵਾ ਗੁਆਢੀ ਦੇਸ਼ ਨੇਪਾਲ ਦੀ ਪਾਵਰ ਵਰਕਰ ਫੈਡਰੇਸ਼ਨ ਦੇ ਪ੍ਰਧਾਨ ਸ਼ਿਵਰਾਜ ਭੱਟਾਰਾਏ ਅਤੇ ਜਨਰਲ ਸਕੱਤਰ ਰਮੇਸ਼ਵਰ ਪ੍ਰਸ਼ਾਦ ਪਾਂਡੇਲ ਨੇ ਮੁੱਖ ਮਹਿਮਾਨ ਦੇ ਤੌਰ ’ਤੇ ਹਿੱਸਾ ਲਿਆ, ਨੇ ਦੇਸ਼ ਭਰ ਵਿੱਚ ਜ਼ੋਰਦਾਰ ਸੰਘਰਸ਼ਾਂ ਰਾਹੀਂ ਆਵਾਜ਼ ਬੁਲੰਦ ਕਰਨ ਦਾ ਫੈਸਲਾ ਕੀਤਾ।
ਦੋ ਰੋਜ਼ਾ ਮੀਟਿੰਗ ਦੀ ਪ੍ਰਧਾਨਗੀ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਐੱਸ ਮੂਰਥੀ (ਤਾਮਿਲਨਾਡੂ), ਮੀਤ ਪ੍ਰਧਾਨ ਭਰਤ ਝਾਅ (ਬਿਹਾਰ) ਮੀਤ ਪ੍ਰ੍ਰਧਾਨ ਗੁਰਪ੍ਰੀਤ ਸਿੰਘ ਗੰਡੀਵਿੰਡ (ਪੰਜਾਬ) ’ਤੇ ਅਧਾਰਤ ਸਾਂਝੇ ਪ੍ਰਧਾਨਗੀ ਮੰਡਲ ਨੇ ਕੀਤੀ। ਮੀਟਿੰਗ ਵਿੱਚ 10 ਅਤੇ 11 ਫਰਵਰੀ ਨੂੰ ਹੈਦਰਾਬਾਦ ਵਿਖੇ ਹੋਈ ਜਥੇਬੰਦਕ ਕਾਨਫਰੰਸ ਅਤੇ 10 ਤੇ 11 ਅਗਸਤ ਨੂੰ ਜੈਪੁਰ ਵਿੱਚ ਹੋਈ ਵਰਕਿੰਗ ਕਮੇਟੀ ਮੀਟਿੰਗ ਤੋਂ ਹੁਣ ਤੱਕ ਦੀ ਜਥੇਬੰਦਕ ਰਿਪੋਰਟ ਕੌਮੀ ਜਨਰਲ ਸਕੱਤਰ ਮੋਹਨ ਸ਼ਰਮਾ ਨੇ ਪੇਸ਼ ਕੀਤੀ, ਜਿਸ ’ਤੇ ਦੇਸ਼ ਦੇ ਵੱਖ-ਵੱਖ ਸੂਬਿਆਂ ਨਾਲ ਸੰਬੰਧਤ 25 ਡੈਲੀਗੇਟਾਂ ਨੇ ਭਖਵੀਂ ਬਹਿਸ ਕਰਦੇ ਹੋਏ ਸੂਬਿਆਂ ਵਿੱਚ ਪਾਵਰ ਸੈਕਟਰ ਦੇ ਕਾਮਿਆਂ ਦੀਆਂ ਮੁਸ਼ਕਲਾਂ ਤੋਂ ਇਲਾਵਾ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਉੱਤਰ ਪ੍ਰਦੇਸ ਅਤੇ ਚੰਡੀਗੜ੍ਹ ਦੇ ਬਿਜਲੀ ਪ੍ਰਬੰਧਨ ਦਾ ਕੰਮ ਨਿੱਜੀ ਕੰਪਨੀਆਂ ਦੇ ਹੱਥਾਂ ਵਿੱਚ ਸੌਂਪਣ ਦੀ ਜ਼ੋਰਦਾਰ ਨਿੰਦਾ ਕੀਤੀ। ਮੀਟਿੰਗ ਵਿੱਚ ਚੰਡੀਗੜ੍ਹ ਅਤੇ ਉੱਤਰ ਪ੍ਰਦੇਸ਼ ਦੇ ਸਰਕਾਰੀ ਪਾਵਰ ਸੈਕਟਰ ਨੂੰ ਧੱਕੇ ਨਾਲ ਪੂੰਜੀਪਤੀਆਂ ਦੇ ਹਵਾਲੇ ਕਰਨ ਖਿਲਾਫ ਸਾਰੇ ਦੇਸ਼ ਵਿੱਚ 19 ਅਤੇ 22 ਦਸੰਬਰ ਨੂੰ ਸਮੁੱਚੀਆਂ ਟਰੇਡ ਯੂਨੀਅਨਾਂ ਅਤੇ ਇੰਜੀਨੀਅਰ ਐਸੋਸੀਏਸ਼ਨਾਂ ਨਾਲ ਰਲ ਕੇ ਸਾਂਝੇ ਤੌਰ ’ਤੇ ਸੰਘਰਸ ਕਰਕੇ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਜ਼ੋਰਦਾਰ ਅਵਾਜ਼ ਬੁਲੰਦ ਕਰਨ ਦਾ ਮਤਾ ਪਾਸ ਕੀਤਾ। ਮੀਟਿੰਗ ਵਿੱਚ ਬਿਜਲੀ ਫੈਡਰੇਸ਼ਨ (ਐੱਫ ਈ) ਨੂੰ ਹੋਰ ਮਜ਼ਬੂਤ ਕਰਨ ਲਈ ਦੇਸ਼ ਪੱਧਰ ’ਤੇ ਪੰਜ ਜ਼ੋਨਲ ਕਮੇਟੀਆਂ ਬਣਾਉਣ, ਕਾਕੋਰੀ ਕਾਂਡ ਦੇ ਸ਼ਤਾਬਦੀ ਵਰ੍ਹੇ ਨੂੰ ਪੂਰਾ ਸਾਲ ਨਿੱਜੀਕਰਨ ਖਿਲਾਫ ਮੀਟਿੰਗਾਂ, ਰੈਲੀਆਂ ਕਰਕੇ ਮਨਾਉਣ ਅਤੇ ਐੱਫ ਈ ਦੇ ਸੰਸਥਾਪਕ ਏ ਬੀ ਬਰਧਨ ਦੇ ਜਨਮ ਸ਼ਤਾਬਦੀ ਵਰ੍ਹੇ ਨੂੰ ਸਮਰਪਿਤ 25 ਸਤੰਬਰ 2024 ਤੋਂ 24 ਸਤੰਬਰ 2025 ਤੱਕ ਦੇਸ਼ ਭਰ ਵਿੱਚ ਪਾਵਰ ਸੈਕਟਰ ਦੇ ਕਾਮਿਆਂ ਨੂੰ ਵੱਡੇ ਪੱਧਰ ’ਤੇ ਲਾਮਬੰਦ ਕਰਦੇ ਹੋਏ ਜੋਸ਼ੋ-ਖਰੋਸ਼ ਨਾਲ ਮਨਾਉਣ ਦਾ ਫੈਸਲਾ ਕੀਤਾ।
ਮੀਟਿੰਗ ਵਿੱਚ ਹਾਜ਼ਰ ਆਗੂਆਂ ਦਰਸ਼ਨ ਲਾਲ , ਕਿ੍ਸ਼ਨਾ ਗੋਇਲ , ਮੋਹਨ ਲਾਲ ਵਰਮਾ, ਰਮਾਇਣ ਤਿਵਾੜੀ, ਕੇਸ਼ਵ, ਸ਼ੇਖਰ, ਲਕਸ਼ਮੀ ਚੰਦ, ਕਵਿਤਾ ਰਾਜ, ਅਰੁਨ ਚਤਰਾਜ ਤੇ ਮਹਿੰਦਰਾ ਰਾਏ ਆਦਿ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਬਿਜਲੀ ਫੈਡਰੇਸ਼ਨ ਨੂੰ ਮਜ਼ਬੂਤ ਕਰਨ ਦਾ ਅਹਿਦ ਲਿਆ।