ਨਵੀਂ ਦਿੱਲੀ : ਮਸ਼ਹੂਰ ਤਬਲਾ ਵਾਦਕ ਜ਼ਾਕਿਰ ਹੁਸੈਨ (73) ਦਾ ਅਮਰੀਕਾ ਦੇ ਸਾਨ ਫਰਾਂਸਿਸਕੋ ਦੇ ਹਸਪਤਾਲ ’ਚ ਦੇਹਾਂਤ ਹੋ ਗਿਆ। ਪਰਵਾਰ ਨੇ ਸੋਮਵਾਰ ਦੱਸਿਆ ਕਿ ਮੌਤ ਇਡੀਓਪੈਥਿਕ ਪਲਮਨਰੀ ਫਾਈਬਰੋਸਿਸ ਕਾਰਨ ਹੋਈ। ਉਹ ਪਿਛਲੇ ਦੋ ਹਫਤਿਆਂ ਤੋਂ ਹਸਪਤਾਲ ’ਚ ਸਨ ਅਤੇ ਹਾਲਤ ਵਿਗੜਨ ਤੋਂ ਬਾਅਦ ਇਨਟੈਨਸਿਵ ਕੇਅਰ ਯੂਨਿਟ ’ਚ ਸ਼ਿਫਟ ਕੀਤਾ ਗਿਆ ਸੀ।
ਪਰਵਾਰ ਨੇ ਦੱਸਿਆ ਕਿ ਵੈਂਟੀਲੇਸ਼ਨ ਮਸ਼ੀਨ ਦੇ ਬੰਦ ਹੋਣ ਤੋਂ ਬਾਅਦ ਉਹ ਬਹੁਤ ਸ਼ਾਂਤੀ ਨਾਲ ਚਲੇ ਗਏ। ਆਪਣੀ ਪੀੜ੍ਹੀ ਦੇ ਸਭ ਤੋਂ ਮਹਾਨ ਤਬਲਾ ਵਾਦਕ ਵਜੋਂ ਜਾਣੇ ਜਾਂਦੇ ਹੁਸੈਨ ਦੇ ਪਿੱਛੇ ਪਤਨੀ ਐਂਟੋਨੀਆ ਮਿਨੇਕੋਲਾ ਅਤੇ ਧੀਆਂ ਅਨੀਸ਼ਾ ਕੁਰੈਸ਼ੀ ਅਤੇ ਇਸਾਬੇਲਾ ਕੁਰੈਸ਼ੀ ਹਨ। 9 ਮਾਰਚ 1951 ਨੂੰ ਜਨਮੇ ਜ਼ਾਕਿਰ ਪ੍ਰਸਿੱਧ ਤਬਲਾ ਮਾਸਟਰ ਉਸਤਾਦ ਅੱਲਾ ਰੱਖਾ ਦੇ ਪੁੱਤਰ ਸਨ। ਪਰਵਾਰ ਨੇ ਆਪਣੇ ਬਿਆਨ ’ਚ ਕਿਹਾ ਕਿ ਜ਼ਾਕਿਰ ਦੁਨੀਆ ਭਰ ਦੇ ਅਣਗਿਣਤ ਸੰਗੀਤ ਪ੍ਰੇਮੀਆਂ ਦੁਆਰਾ ਪਾਲੀ ਗਈ ਇੱਕ ਅਸਾਧਾਰਨ ਵਿਰਾਸਤ ਛੱਡ ਗਏ ਹਨ, ਜਿਸ ਦਾ ਪ੍ਰਭਾਵ ਆਉਣ ਵਾਲੀਆਂ ਪੀੜ੍ਹੀਆਂ ਲਈ ਗੂੰਜਦਾ ਰਹੇਗਾ।
ਛੇ ਦਹਾਕਿਆਂ ਦੇ ਕੈਰੀਅਰ ’ਚ ਹੁਸੈਨ ਨੇ ਕਈ ਮਸ਼ਹੂਰ ਕੌਮਾਂਤਰੀ ਅਤੇ ਭਾਰਤੀ ਕਲਾਕਾਰਾਂ ਨਾਲ ਕੰਮ ਕੀਤਾ।
…ਮੇਰੀ ਜ਼ਿੰਦਗੀ ਬਣਾ ਗਏ
ਮੁੰਬਈ : 59 ਸਾਲਾ ਹਰੀਦਾਸ ਵਟਕਰ ਲਈ ਤਬਲਾ ਬਣਾਉਣਾ ਪਹਿਲਾਂ ਵਰਗੀ ਗੱਲ ਨਹੀਂ ਰਹੇਗੀ। ਉਸ ਨੇ ਦੱਸਿਆਮੈਂ ਪਹਿਲਾਂ ਉਸਤਾਦ ਜ਼ਾਕਿਰ ਹੁਸੈਨ ਦੇ ਪਿਤਾ ਅੱਲਾ ਰੱਖਾ ਲਈ ਤਬਲਾ ਬਣਾਉਦਾ ਸੀ ਤੇ 1998 ਤੋਂ ਜ਼ਾਕਿਰ ਹੁਸੈਨ ਲਈ ਬਣਾਉਣ ਲੱਗਾ। ਕੰਜੁਰ ਮਾਰਗ ਸਥਿਤ ਆਪਣੀ ਵਰਕਸ਼ਾਪ ਵਿੱਚ ਵਟਕਰ ਤੋਂ ਪੁੱਛਿਆ ਗਿਆ ਕਿ ਉਸ ਨੇ ਜ਼ਾਕਿਰ ਲਈ ਕਿੰਨੇ ਤਬਲੇ ਬਣਾਏ ਤਾਂ ਉਸ ਨੇ ਕਿਹਾ ਕਿ ਅਨੇਕਾਂ। ਉਸ ਨੇ ਕਿਹਾਮੈਂ ਉਨ੍ਹਾ ਲਈ ਤਬਲੇ ਬਣਾਏ ਤੇ ਉਨ੍ਹਾ ਮੇਰੀ ਜ਼ਿੰਦਗੀ ਬਣਾਈ। ਵਟਕਰ ਦੇ ਦਾਦਾ ਕੇਰੱਪਾ ਰਾਮਚੰਦਰ ਵਟਕਰ ਤੇ ਪਿਤਾ ਰਾਮਚੰਦਰ ਕੇਰੱਪਾ ਵਟਕਰ ਵੀ ਤਬਲੇ ਬਣਾਉਦੇ ਸਨ ਤੇ ਦੋਨੋਂ ਬੇਟੇ ਕਿਸ਼ੋਰ ਤੇ ਮਨੋਜ ਵੀ ਤਬਲੇ ਬਣਾਉਦੇ ਹਨ।





