ਮੀਡੀਆ ਵਿੱਚ ਲੰਘੇ ਸ਼ੁੱਕਰਵਾਰ ਇੱੱਕ ਕਹਾਣੀ ਅੱਗ ਦੀ ਤਰ੍ਹਾਂ ਫੈਲੀ। ਯੂ ਪੀ ਦੇ ਸੰਭਲ ਪ੍ਰਸ਼ਾਸਨ ਨੇ ਦਾਅਵਾ ਕੀਤਾ ਕਿ ਸ਼ਹਿਰ ਵਿੱਚ ਫਿਰਕੂ ਦੰਗਿਆਂ ਦੇ ਬਾਅਦ 1978 ਤੋਂ ਬੰਦ ਇੱਕ ਮੰਦਰ ਨੂੰ ਸ਼ੁੱਕਰਵਾਰ ਫਿਰ ਤੋਂ ਖੋਲ੍ਹ ਦਿੱਤਾ ਗਿਆ। ਭਸਮ ਸ਼ੰਕਰ ਮੰਦਰ ਵਿੱਚ ਹਨੂੰਮਾਨ ਦੀ ਮੂਰਤੀ ਤੇ ਸ਼ਿਵਲਿੰਗ ਹੈ। ਐੱਸ ਡੀ ਐੱਮ ਵੰਦਨਾ ਮਿਸ਼ਰਾ ਨੇ ਦਾਅਵਾ ਕੀਤਾ ਕਿ ਇਲਾਕੇ ਦੇ ਮੁਆਇਨੇ ਦੌਰਾਨ ਉਨ੍ਹਾ ਦੀ ਨਜ਼ਰ ਇਸ ਮੰਦਰ ’ਤੇ ਪਈ। ਉਸ ਨੇ ਤੁਰੰਤ ਜ਼ਿਲ੍ਹਾ ਅਧਿਕਾਰੀਆਂ ਨੂੰ ਸੂਚਿਤ ਕੀਤਾ ਤੇ ਸਭ ਨੇ ਇਕੱਠੇ ਆ ਕੇ ਮੰਦਰ ਮੁੜ ਤੋਂ ਖੋਲ੍ਹਣ ਦਾ ਫੈਸਲਾ ਕੀਤਾ। ਐੱਸ ਡੀ ਐੱਮ ਦੇ ਇਸ ਬਿਆਨ ਨੂੰ ਕੁਝ ਟੀ ਵੀ ਚੈਨਲਾਂ, ਖਬਰ ਏਜੰਸੀ ਏ ਐੱਨ ਆਈ ਤੇ ਹਿੰਦੀ ਮੀਡੀਆ ਨੇ ਫੌਰਨ ਹਿੰਦੂ-ਮੁਸਲਮਾਨ ਵਿਵਾਦ ਦੇ ਰੂਪ ’ਚ ਪੇਸ਼ ਕਰ ਦਿੱਤਾ। ਸਾਰਾ ਝੂਠ ਉਦੋਂ ਬੇਨਕਾਬ ਹੋਇਆ, ਜਦੋਂ ਏ ਬੀ ਪੀ ਨਿਊਜ਼ ਚੈਨਲ ਦੇ ਰਿਪੋਰਟਰ ਨੇ ਮੰਦਰ ਬਣਵਾਉਣ ਵਾਲੇ ਰਸਤੋਗੀ ਪਰਵਾਰ ਦੇ ਹਰ ਉਮਰ ਦੇ ਲੋਕਾਂ ਨਾਲ ਗੱਲ ਕੀਤੀ। ਮੰਦਰ ਨੂੰ ਬਣਵਾਉਣ ਵਾਲੇ ਧਰਮਿੰਦਰ ਰਸਤੋਗੀ ਨੇ ਸਾਰੇ ਦਾਅਵਿਆਂ ਨੂੰ ਝੁਠਲਾਉਦਿਆਂ ਦੱਸਿਆ ਕਿ ਮੰਦਰ ਤਾਂ 2006 ਤੱਕ ਖੁੱਲ੍ਹਾ ਸੀ। ਚਾਬੀ ਉਨ੍ਹਾ ਕੋਲ ਸੀ ਤੇ ਮੰਦਰ ਦੇ ਆਲੇ-ਦੁਆਲੇ ਕੋਈ ਕਬਜ਼ਾ ਵੀ ਨਹੀਂ ਸੀ। ਮੰਦਰ ਦੇ ਨਾਲ ਦਾ ਕਮਰਾ ਵੀ ਉਨ੍ਹਾਂ ਬਣਵਾਇਆ ਸੀ। ਧਰਮਿੰਦਰ ਰਸਤੋਗੀ ਦੇ ਬੇਟੇ ਨੇ ਕਿਹਾ ਕਿ ਉਨ੍ਹਾ ਨੂੰ ਸਥਾਨਕ ਮੁਸਲਮਾਨਾਂ ਤੋਂ ਕਦੇ ਡਰ ਨਹੀਂ ਲੱਗਾ। ਮੰਦਰ ਦੇ ਨਾਲ ਕੋਈ ਕਬਜ਼ਾ ਨਹੀਂ ਹੋਇਆ। ਨਾਲ ਦਾ ਕਮਰਾ 2006 ਵਿੱਚ ਉਨ੍ਹਾਂ ਇੱਥੋਂ ਜਾਣ ਤੋਂ ਪਹਿਲਾਂ ਬਣਵਾਇਆ ਸੀ। ਪ੍ਰਦੀਪ ਵਰਮਾ ਨਾਂਅ ਦੇ ਸ਼ਖਸ ਨੇ ਕਿਹਾ ਕਿ ਉਹ 1993 ਤੱਕ ਉਸੇ ਗਲੀ ਵਿੱਚ ਰਹੇ। ਬਕਾਇਦਾ ਮੰਦਰ ਜਾਂਦੇ ਸਨ ਤੇ ਮੰਦਰ ਦੀਆਂ ਚਾਬੀਆਂ ਰਸਤੋਗੀ ਪਰਵਾਰ ਕੋਲ ਹੁੰਦੀਆਂ ਸਨ। ਮੁਹੰਮਦ ਸਲਮਾਨ ਨੇ ਕਿਹਾ ਕਿ ਇਲਾਕੇ ਦੇ ਮੁਸਲਮਾਨ ਤਾਂ ਮੰਦਰ ਦੇ ਬਾਹਰੀ ਹਿੱਸੇ ਦੀ ਪੇਂਟਿੰਗ ਕਰਕੇ ਮੰਦਰ ਦੀ ਦੇਖਭਾਲ ਕਰਦੇ ਸਨ। ਨਾਲ ਦਾ ਕਮਰਾ ਰਸਤੋਗੀ ਪਰਵਾਰ ਨੇ ਬਣਵਾਇਆ ਸੀ। ਮੁਹੰਮਦ ਸ਼ੋਏਬ ਨੇ ਕਿਹਾ ਕਿ ਤਮਾਮ ਨਿਊਜ਼ ਚੈਨਲ ਇਲਾਕੇ ਵਿੱਚੋਂ ਹਿਜ਼ਰਤ ਦੀ ਫਰਜ਼ੀ ਖਬਰ ਫੈਲਾ ਰਹੇ ਹਨ। 1998-2006 ਵਿੱਚ ਲੋਕਾਂ ਨੇ ਨਿੱਜੀ ਕਾਰਨਾਂ ਕਰਕੇ ਇਲਾਕਾ ਛੱਡਣਾ ਸ਼ੁਰੂ ਕੀਤਾ ਸੀ, 1976 ਦੇ ਦੰਗਿਆਂ ਦੇ ਬਾਅਦ ਨਹੀਂ, ਜਿਵੇਂ ਕਿ ਦਾਅਵਾ ਕੀਤਾ ਗਿਆ।
‘ਆਲਟ ਨਿਊਜ਼’ ਦੇ ਬਾਨੀ ਜ਼ੁਬੈਰ ਅਹਿਮਦ, ਜੋ ਪੇਸ਼ੇਵਰ ਫੈੱਕਟ ਚੈਕਰ ਹਨ, ਨੇ ਦੱਸਿਆ ਕਿ ਝੂਠੀ ਕਹਾਣੀ ਨੂੰ ਅੱਗੇ ਵਧਾਉਣ ਵਿੱਚ ਏ ਐੱਨ ਆਈ ਦੀ ਵੱਡੀ ਭੂਮਿਕਾ ਹੈ। ਇਸ ਨੇ ਟਵੀਟ ਕੀਤੇਮੰਦਰ ਲੱਭ ਲਿਆ, ਮੰਦਰ ਚਾਰ ਦਹਾਕਿਆਂ ਤੋਂ ਬੰਦ ਸੀ, ਕਬਜ਼ਾ ਕੀਤਾ ਗਿਆ ਸੀ, 1978 ਦੇ ਬਾਅਦ ਮੁੜ ਤੋਂ ਖੋਲ੍ਹਿਆ ਗਿਆ। ਇਨ੍ਹਾਂ ਟਵੀਟਾਂ ਦੀਆਂ ਰਸਤੋਗੀ ਪਰਵਾਰ ਤੇ ਸਥਾਨਕ ਮੁਸਲਮਾਨਾਂ ਨੇ ਧੱਜੀਆਂ ਉਡਾ ਦਿੱਤੀਆਂ ਹਨ। ਦਰਅਸਲ ਏ ਐੱਨ ਆਈ ਸਰਕਾਰ-ਪ੍ਰਸਤੀ ਲਈ ਬਦਨਾਮ ਹੋ ਚੁੱਕੀ ਹੈ। ਜੇ ਇਕ ਖਾਸ ਫਿਰਕੇ ਦਾ ਮੁਲਜ਼ਮ ਹੁੰਦਾ ਹੈ ਤਾਂ ਇਹ ਉਸ ਦਾ ਨਾਂਅ ਲੱਭ ਕੇ ਜ਼ਰੂਰ ਦਿੰਦੀ ਹੈ ਤੇ ਜੇ ਮੁਲਜ਼ਮ ਬਹੁਗਿਣਤੀ ਦਾ ਹੋਵੇ ਅਤੇ ਅਖੌਤੀ ਉਚ ਵਰਗ ਦਾ ਹੋਵੇ ਤਾਂ ਨਾਂਅ ਲੁਕੋ ਦਿੰਦੀ ਹੈ। ਏ ਐੱਨ ਆਈ ’ਤੇ ਦੋਸ਼ ਹੈ ਕਿ ਉਹ ਰਾਹੁਲ ਗਾਂਧੀ ਤੇ ਕਾਂਗਰਸ ਦੇ ਹੋਰਨਾਂ ਆਗੂਆਂ ਦੇ ਬਿਆਨ ਤੋੜ-ਮਰੋੜ ਕੇ ਪੇਸ਼ ਕਰਦੀ ਹੈ। ਹਾਲ ਹੀ ਵਿੱਚ ਉਸ ਨੇ ਦਿੱਲੀ ਅਸੰਬਲੀ ਚੋਣਾਂ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਵਿਚਾਲੇ ਸੀਟਾਂ ਦੀ ਵੰਡ ਦੀ ਕਹਾਣੀ ਚਲਾਈ ਸੀ, ਜਦਕਿ ਕੇਜਰੀਵਾਲ ਸ਼ੁਰੂ ਤੋਂ ਹੀ ਕਾਂਗਰਸ ਨਾਲ ਗੱਠਜੋੜ ਦਾ ਵਿਰੋਧ ਕਰਦੇ ਆ ਰਹੇ ਹਨ। ਬਦਕਿਸਮਤੀ ਹੈ ਕਿ ਏ ਐੱਨ ਆਈ ਦਾ ਨੈੱਟਵਰਕ ਬਹੁਤ ਵੱਡਾ ਹੈ ਤੇ ਉਸ ਵੱਲੋਂ ਦਿੱਤੀ ਖਬਰ ਅੱਗ ਵਾਂਗ ਫੈਲਦੀ ਹੈ। ਮੀਡੀਆ ’ਤੇ ਪਾਬੰਦੀਆਂ ਨਹੀਂ ਹਨ, ਮੀਡੀਆ ਨੂੰ ਖੁਦ ਹੀ ਜ਼ਬਤ ਵਿੱਚ ਰਹਿਣਾ ਪੈਂਦਾ ਹੈ। ਏ ਐੱਨ ਆਈ ਨੇ ਜੋ ਕੀਤਾ ਹੈ, ਉਸ ਵਿਰੁੱਧ ਕੋਈ ਕਾਰਵਾਈ ਨਹੀਂ ਹੋਣੀ, ਕਿਉਕਿ ਉਹ ਮੋਦੀ ਰਾਜ ਦਾ ਗੁਣਗਾਨ ਕਰਦੀ ਹੈ। ਭਲਾ ਇਸੇ ਵਿੱਚ ਹੈ ਕਿ ਲੋਕ ਕਿਸੇ ਵੀ ਖਬਰ ਨੂੰ ਸੱਚ ਮੰਨਣ ਤੋਂ ਪਹਿਲਾਂ ਉਸ ਦੀ ਤਸਦੀਕ ਜ਼ਰੂਰ ਕਰਿਆ ਕਰਨ, ਵਰਨਾ ਏਨਾ ਨੁਕਸਾਨ ਹੋ ਸਕਦਾ ਹੈ, ਜਿਸ ਦੀ ਭਰਪਾਈ ਨਾ ਹੋ ਸਕੇ।