ਮਾਸਕੋ : ਰੂਸੀ ਫੌਜ ਦਾ ਵੱਡਾ ਜਰਨੈਲ ਮਾਸਕੋ ’ਚ ਆਪਣੇ ਅਪਾਰਟਮੈਂਟ ਦੇ ਬਾਹਰ ਸਕੂਟਰ ਵਿੱਚ ਲੁਕਾ ਕੇ ਰੱਖੇੇ ਬੰਬ ਨਾਲ ਕੀਤੇ ਧਮਾਕੇ ’ਚ ਮਾਰਿਆ ਗਿਆ। ਲੈਫਟੀਨੈਂਟ ਜਨਰਲ ਇਗੋਰ ਕਿਰੀਲੋਵ ਅਜਿਹੇ ਮੌਕੇ ਸ਼ਿਕਾਰ ਬਣਿਆ, ਜਦੋਂ ਅਜੇ ਇਕ ਦਿਨ ਪਹਿਲਾਂ ਯੂਕਰੇਨ ਦੀ ਸਕਿਓਰਿਟੀ ਸਰਵਿਸ ਨੇ ਉਸ ’ਤੇ ਫੌਜਦਾਰੀ ਦੋਸ਼ ਲਾਏ ਸਨ। ਇਕ ਯੂਕਰੇਨੀ ਅਧਿਕਾਰੀ ਨੇ ਦਾਅਵਾ ਕੀਤਾ ਕਿ ਇਹ ਹਮਲਾ ਸਰਵਿਸ ਵੱਲੋਂ ਕੀਤਾ ਗਿਆ ਹੈ। ਕਿਰੀਲੋਵ ਫੌਜ ਦੇ ਪ੍ਰਮਾਣੂ, ਬਾਇਓਲੋਜੀਕਲ ਤੇ ਕੈਮੀਕਲ ਸੁਰੱਖਿਆ ਬਲਾਂ ਦਾ ਮੁਖੀ ਸੀ। ਹਮਲੇ ’ਚ ਉਸ ਦਾ ਸਹਾਇਕ ਵੀ ਮਾਰਿਆ ਗਿਆ। ਯੂਕਰੇਨ ਜੰਗ ਨੂੰ ਲੈ ਕੇ ਕਿਰੀਲੋਵ ਉੱਤੇ ਯੂ ਕੇ ਤੇ ਕੈਨੇਡਾ ਸਣੇ ਕਈ ਮੁਲਕਾਂ ਨੇ ਪਾਬੰਦੀਆਂ ਲਾਈਆਂ ਹੋਈਆਂ ਸਨ। ਯੂਕਰੇਨ ਦੀ ਸੁਰੱਖਿਆ ਸਰਵਿਸ ਨੇ ਹਮਲੇ ਤੋਂ ਇਕ ਦਿਨ ਪਹਿਲਾਂ ਕਿਰੀਲੋਵ ਉੱਤੇ ਪਾਬੰਦੀਸ਼ੁਦਾ ਰਸਾਇਣਕ ਹਥਿਆਰਾਂ ਦੀ ਵਰਤੋਂ ਦੇ ਹੁਕਮ ਦੇਣ ਦਾ ਦੋਸ਼ ਲਾਇਆ ਸੀ।
ਬਾਦਸ਼ਾਹ ਦਾ ਚਲਾਨ
ਗੁਰੂਗ੍ਰਾਮ : ਟਰੈਫਿਕ ਪੁਲਸ ਨੇ ਗਲਤ ਸਾਈਡ ਉੱਤੇ ਵਾਹਨ ਚਲਾਉਣ ਦੇ ਦੋਸ਼ ਵਿੱਚ ਰੈਪਰ ਬਾਦਸ਼ਾਹ ਦਾ 15,500 ਰੁਪਏ ਦਾ ਚਲਾਨ ਕੱਟਿਆ ਹੈ। ਉਂਝ ਇਹ ਵਾਹਨ ਉਸ ਦੇ ਨਾਂਅ ’ਤੇ ਰਜਿਸਟਰਡ ਨਹੀਂ ਸੀ। ਪੁਲਸ ਮੁਤਾਬਕ ਬਾਦਸ਼ਾਹ ਐਤਵਾਰ ਸੋਹਨਾ ਰੋਡ ਉੱਤੇ ਇਕ ਮਾਲ ਵਿੱਚ ਗਾਇਕ ਕਰਨ ਔਜਲਾ ਦੇ ਕੰਸਰਟ ’ਚ ਸ਼ਾਮਲ ਹੋਣ ਲਈ ਆਇਆ ਸੀ। ਇਸ ਦੌਰਾਨ ਸੜਕ ’ਤੇ ਵਾਹਨਾਂ ਦਾ ਵੱਡਾ ਜਾਮ ਲੱਗਾ ਹੋਣ ਕਰਕੇ ਰੈਪਰ ਬਾਦਸ਼ਾਹ ਦੇ ਕਾਫਲੇ ਵਿੱਚ ਸ਼ਾਮਲ ਇਕ ਕਾਰ ਗਲਤ ਸਾਈਡ ਉੱਤੇ ਚਲੀ ਗਈ। ਇਸ ਮਗਰੋਂ ਲੋਕਾਂ ਨੇ ਸਵਾਲ ਚੁੱਕਣੇ ਸ਼ੁਰੂ ਕੀਤੇ ਤੇ ਐੱਕਸ ਉੱਤੇ ਇਕ ਵੀਡੀਓ ਵੀ ਸਾਂਝੀ ਕੀਤੀ। ਵੀਡੀਓ ਵਾਇਰਲ ਹੋਣ ਮਗਰੋਂ ਪੁਲਸ ਨੇ ਰੈਪਰ ਖਿਲਾਫ ਬਣਦੀ ਕਾਰਵਾਈ ਕੀਤੀ।
ਸਾਬਤ ਚੂਚਾ ਨਿਗਲ ਕੇ ਮਰ ਗਿਆ
ਰਾਏਪੁਰ : ਛੱਤੀਸਗੜ੍ਹ ਦੇ ਅੰਬਿਕਾਪੁਰ ਜ਼ਿਲ੍ਹੇ ਦੇ ਪਿੰਡ ਛਿੰਦਕਾਲੋ ਵਿੱਚ 35 ਸਾਲਾ ਆਨੰਦ ਯਾਦਵ ਦੀ ਜਿਊਂਦਾ ਚੂਚਾ ਨਿਗਲਣ ਕਾਰਨ ਮੌਤ ਹੋ ਗਈ। ਉਹ ਨਹਾ ਕੇ ਆਉਣ ਦੇ ਛੇਤੀ ਬਾਅਦ ਬੇਹੋਸ਼ ਹੋ ਗਿਆ ਤੇ ਘਰ ਦੇ ਉਸ ਨੂੰ ਤੁਰੰਤ ਨੇੜਲੇ ਹਸਪਤਾਲ ਲੈ ਗਏ, ਪਰ ਉਹ ਬਚ ਨਹੀਂ ਸਕਿਆ। ਪੋਸਟਮਾਰਟਮ ਕਰਦਿਆਂ ਪਹਿਲਾਂ ਤਾਂ ਡਾਕਟਰਾਂ ਨੂੰ ਮੌਤ ਦੇ ਕਾਰਨ ਦਾ ਪਤਾ ਨਹੀਂ ਲੱਗਿਆ। ਜਦੋਂ ਉਸ ਦੇ ਗਲੇ ਨੂੰ ਚੀਰਾ ਦਿੱਤਾ ਤਾਂ ਅੰਦਰ 20 ਸੈਂਟੀਮੀਟਰ ਦਾ ਚੂਚਾ ਨਜ਼ਰ ਆਇਆ। 15 ਹਜ਼ਾਰ ਪੋਸਟਮਾਰਟਮ ਕਰਨ ਵਾਲੇ ਡਾ. ਸਾਂਤੂ ਬਾਗ ਨੇ ਕਿਹਾ ਕਿ ਉਸ ਨੇ ਅਜਿਹਾ ਕੇਸ ਪਹਿਲੀ ਵਾਰ ਦੇਖਿਆ ਹੈ। ਚੂਚੇ ਦੇ ਸਾਹ ਤੇ ਖੁਰਾਕ ਨਲੀ ਵਿੱਚ ਅੜਿੱਕਾ ਪਾਉਣ ਕਾਰਨ ਯਾਦਵ ਦੀ ਮੌਤ ਹੋਈ। ਕੁਝ ਲੋਕਾਂ ਨੇ ਦੱਸਿਆ ਕਿ ਯਾਦਵ ਤਾਂਤਰਿਕ ਦੇ ਸੰਪਰਕ ਵਿੱਚ ਸੀ, ਕਿਉਕਿ ਉਸ ਦੇ ਬੱਚਾ ਨਹੀਂ ਹੋ ਰਿਹਾ ਸੀ। ਲੱਗਦਾ ਹੈ ਕਿ ਤਾਂਤਰਿਕ ਦੇ ਕਹਿਣ ’ਤੇ ਉਸ ਨੇ ਚੂਚਾ ਨਿਗਲਿਆ।
ਐੱਨ ਟੀ ਏ ਹੁਣ ਭਰਤੀ ਪ੍ਰੀਖਿਆਵਾਂ ਨਹੀਂ ਕਰਵਾਏਗੀ
ਨਵੀਂ ਦਿੱਲੀ : ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਮੰਗਲਵਾਰ ਕਿਹਾ ਕਿ ਨੈਸ਼ਨਲ ਟੈਸਟਿੰਗ ਏਜੰਸੀ (ਐੱਨ ਟੀ ਏ) ਅਗਲੇ ਸਾਲ (2025) ਤੋਂ ਸਿਰਫ ਉਚੇਰੀ ਸਿੱਖਿਆ ਸੰਸਥਾਵਾਂ ਲਈ ਹੀ ਦਾਖਲਾ ਪ੍ਰੀਖਿਆ ਕਰਵਾਏਗੀ ਤੇ ਭਰਤੀ ਪ੍ਰੀਖਿਆਵਾਂ ਨਹੀਂ ਕਰਵਾਏਗੀ। ਉਨ੍ਹਾ ਕਿਹਾ ਕਿ ਨੀਟ-ਯੂ ਜੀ ਪ੍ਰੀਖਿਆ ਪੈੱਨ-ਪੇਪਰ ਮੋਡ ਜਾਂ ਆਨਲਾਈਨ ਕਰਵਾਉਣ ਨੂੰ ਲੈ ਕੇ ਸਿਹਤ ਮੰਤਰਾਲੇ ਨਾਲ ਗੱਲਬਾਤ ਜਾਰੀ ਹੈ। ਪ੍ਰਧਾਨ ਨੇ ਕਿਹਾ ਕਿ ਸਰਕਾਰ ਨੇੜ ਭਵਿੱਖ ਵਿਚ ਕੰਪਿਊਟਰ ਅਡੈਪਟਿਵ ਟੈਸਟ ਤੇ ਟੈੱਕ-ਡਰੀਵਨ (ਤਕਨਾਲੋਜੀ ਅਧਾਰਤ) ਦਾਖਲ ਪ੍ਰੀਖਿਆਵਾਂ ਲੈਣ ਬਾਰੇ ਵਿਚਾਰ ਕਰ ਰਹੀ ਹੈ। ਪ੍ਰੀਖਿਆ ਸੁਧਾਰਾਂ ਦੀ ਗੱਲ ਕਰਦਿਆਂ ਪ੍ਰਧਾਨ ਨੇ ਕਿਹਾ ਕਿ ਅਗਲੇ ਸਾਲ ਐੱਨ ਟੀ ਏ ਦਾ ਪੁਨਰਗਠਨ ਕੀਤਾ ਜਾਵੇਗਾ ਤੇ ਦਸ ਨਵੀਂਆਂ ਪੋਸਟਾਂ ਸਿਰਜੀਆਂ ਜਾਣਗੀਆਂ।