ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਐਡਵੋਕੇਟ ਧਾਮੀ ਦੇ ਮਸਲੇ ਨੂੰ ਸਿਆਸੀ ਤੇ ਨਿੱਜੀ ਹਿੱਤਾਂ ਕਾਰਨ ਕੁਝ ਲੋਕ ਤੂਲ ਦੇ ਰਹੇ ਹਨ। ਕੁਝ ਬੀਬੀਆਂ ਵੱਲੋਂ ਵੀ ਸਮੁੱਚੀਆਂ ਬੀਬੀਆਂ ਦਾ ਮਸਲਾ ਬਣਾ ਕੇ ਇਸ ਬਾਰੇ ਤੁਹਾਡੇ ਕੋਲ ਸ਼ਿਕਾਇਤ ਕੀਤੀ ਗਈ ਹੈ, ਪਰ ਧਾਮੀ ਦੀਆਂ ਟਿੱਪਣੀਆਂ ਨਿੱਜੀ ਸਨ। ਇਹ ਗੱਲ ਵੀ ਵਿਚਾਰਨ ਵਾਲੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੇ ਵੱਡੇ ਧਾਰਮਕ ਤੇ ਸਿਆਸੀ, ਸਮਾਜਕ ਮਸਲਿਆਂ ਬਾਰੇ ਆਦੇਸ਼ ਤੇ ਸੇਧ ਦੇਣ ਦਾ ਪਵਿੱਤਰ ਅਸਥਾਨ ਹੈ। ਜੇ ਇਸ ਤਰ੍ਹਾਂ ਦੇ ਨਿੱਜੀ ਮਸਲਿਆਂ ਨੂੰ ਨਿੱਤਾ ਪ੍ਰਤੀ ਇਸ ਤਰ੍ਹਾਂ ਸ੍ਰੀ ਅਕਾਲ ਤਖਤ ਸਾਹਿਬ ’ਤੇ ਪੇਸ਼ ਕੀਤਾ ਜਾਵੇਗਾ ਤਾਂ ਇਹ ਇਸ ਅਸਥਾਨ ਦੇ ਅਕਸ ਨੂੰ ਢਾਹ ਲਗਾਉਣ ਵਾਲੀ ਗੱਲ ਹੋਵੇਗੀ। ਸਰਨਾ ਨੇ ਜੱਥੇਦਾਰ ਨੂੰ ਸਨਿਮਰ ਬੇਨਤੀ ਕੀਤੀ ਹੈ ਕਿ ਉਹ ਇਸ ਮਸਲੇ ਨੂੰ ਨਿੱਜੀ ਕਿੜ ਕੱਢਣ ਜਾਂ ਸਿਆਸੀ ਹਿੱਤਾਂ ਲਈ ਵਧਾਉਣ ਵਾਲਿਆਂ ਨੂੰ ਸਖਤ ਤਾੜਨਾ ਕਰਨ।