ਪਟਿਆਲਾ : ਬਿਜਲੀ ਕਾਮਿਆਂ ਦੀ ਸਿਰਮੌਰ ਜਥੇਬੰਦੀ ਪੀ ਐੱਸ ਈ ਬੀ ਇੰਪਲਾਈਜ ਫੈਡਰੇਸ਼ਨ ਏਟਕ ਪੰਜਾਬ ਰਜਿਸਟਰਡ ਨੰਬਰ-41 ਦੇ ਸਾਬਕਾ ਸੂਬਾ ਪ੍ਰਧਾਨ ਮਰਹੂਮ ਕਾਮਰੇਡ ਭਗਵਾਨ ਸਿੰਘ ਅਣਖੀ ਦੀ 33ਵੀਂ ਬਰਸੀਂ 18 ਦਸੰਬਰ ਨੂੰ ਸਥਾਨਕ ਫੈਕਟਰੀ ਏਰੀਆ ਵਿਖੇ ਹਰੇਕ ਸਾਲ ਦੀ ਤਰ੍ਹਾਂ ਅਣਖੀ ਦੇ ਵਾਰਸ ਪੂਰੇ ਜੋਸ਼ੋ-ਖਰੋਸ਼ ਨਾਲ ਮਨਾਉਣਗੇ। ਜਥੇਬੰਦੀ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਗੰਡੀਵਿੰਡ ਅਤੇ ਜਨਰਲ ਸਕੱਤਰ ਸੁਰਿੰਦਰਪਾਲ ਲਹੌਰੀਆ ਨੇ ਦੱਸਿਆ ਕਿ ਕਾਮਰੇਡ ਅਣਖੀ ਦੀ ਯਾਦ ਵਿੱਚ ਸੂਬਾ ਭਰ ਤੋਂ ਵੱਡੀ ਗਿਣਤੀ ਵਿੱਚ ਬਿਜਲੀ ਮੁਲਾਜ਼ਮ ਤੇ ਪੈਨਸ਼ਨਰ ਵਹੀਰਾਂ ਘੱਤ ਕੇ ਪਟਿਆਲਾ ਪਹੁੰਚਣਗੇ। ਸਮਾਗਮ ਦੀ ਸ਼ੁਰੂਆਤ ਸਵੇਰੇ 11-30 ਵਜੇ ਝੰਡਾ ਲਹਿਰਾਉਣ ਦੀ ਰਸਮ ਕਰਨ ਉਪਰੰਤ ਹੋਵੇਗੀ। ਗੰਡੀਵਿੰਡ ਨੇ ਕਿਹਾ ਕਿ ਸਮਾਗਮ ਵਿੱਚ ਪੰਜਾਬ ਏਟਕ ਦੇ ਪ੍ਰਧਾਨ ਬੰਤ ਸਿੰਘ ਬਰਾੜ, ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ, ਵਰਕਿੰਗ ਪ੍ਰਧਾਨ ਸੁਖਦੇਵ ਸ਼ਰਮਾ, ਨਰੇਗਾ ਕਾਮਿਆਂ ਦੇ ਮੁੱਖ ਸਲਾਹਕਾਰ ਜਗਰੂਪ ਸਿੰਘ, ਪਾਵਰਕਾਮ ਐਂਡ ਟ੍ਰਾਂਸਕੋ ਪੈਨਸ਼ਨਰ ਯੂਨੀਅਨ ਸੰਬੰਧਤ ਏਟਕ ਦੇ ਸੂਬਾ ਵਰਕਿੰਗ ਪ੍ਰਧਾਨ ਚਮਕੌਰ ਸਿੰਘ ਬੀਰਮੀ ਤੋਂ ਇਲਾਵਾ ਭਰਾਤਰੀ ਜਥੇਬੰਦੀਆਂ ਦੇ ਆਗੂ ਕਾਮਰੇਡ ਅਣਖੀ ਅਤੇ ਹੋਰ ਵਿਛੜੇ ਆਗੂਆਂ ਨੂੰ ਸ਼ਰਧਾਂਜਲੀਆਂ ਭੇਟ ਕਰਦੇ ਹੋਏ ਮਿਹਨਤਕਸ਼ ਜਮਾਤ ਸਾਹਮਣੇ ਖੜੀਆਂ ਵੱਡੀਆਂ ਚੁਣੌਤੀਆਂ ਤੋਂ ਜਾਣੂ ਕਰਵਾ ਕੇ ਉਨ੍ਹਾਂ ਦਾ ਤਿੱਖੇ ਸੰਘਰਸ਼ਾਂ ਰਾਹੀਂ ਮੂੰਹ-ਤੋੜ ਜਵਾਬ ਦੇਣ ਦਾ ਸੱਦਾ ਦੇਣਗੇ। ਸਮਾਗਮ ਦੇ ਅਖੀਰ ’ਤੇ ਹਰੇਕ ਸਾਲ ਦੀ ਤਰ੍ਹਾਂ ਵਿਛੜੇ ਆਗੂਆਂ ਦੇ ਮੌਕੇ ’ਤੇ ਹਾਜ਼ਰ ਪਰਵਾਰਾਂ ਨੂੰ ਸਨਮਾਨਤ ਕਰਨ ਤੋਂ ਇਲਾਵਾ ਕਾਮਰੇਡ ਅਣਖੀ ਦੀ ਨਿੱਘੀ ਯਾਦ ਵਿੱਚ ਨਵੇਂ ਸਾਲ 2025 ਦੀ ਡਾਇਰੀ ਅਤੇ ‘ਬਿਜਲੀ ਉਜਾਲਾ’ ਦਾ ਸਪੈਸ਼ਲ ਅੰਕ ਰਿਲੀਜ਼ ਕੀਤਾ ਜਾਵੇਗਾ। ਸਮਾਗਮ ਦੇ ਸਾਰੇ ਪ੍ਰਬੰਧ ਤੇ ਪੰਜਾਬ ਦੇ ਦੂਰ-ਦੁਰਾਡੇ ਇਲਾਕਿਆਂ ਤੋਂ ਪਹੁੰਚਣ ਵਾਲੇ ਸਾਥੀਆਂ ਲਈ ਲੰਗਰ ਅਤੇ ਚਾਹ-ਪਾਣੀ ਦੀ ਸੇਵਾ ਦਾ ਕੰਮ ਪਟਿਆਲਾ ਸਰਕਲ ਦੀ ਸਮੁੱਚੀ ਲੀਡਰਸ਼ਿਪ ਸੂਬਾ ਖਜ਼ਾਨਚੀ ਬਲਜੀਤ ਕੁਮਾਰ, ਸਰਕਲ ਪ੍ਰਧਾਨ ਅਤੇ ਜ਼ੋਨ ਕਨਵੀਨਰ ਗੁਰਦਿਆਲ ਸਿੰਘ ਬੱਬੂ ਤੇ ਸਕੱਤਰ ਅਰਸ਼ਦੀਪ ਸਿੰਘ ਦੀ ਅਗਵਾਈ ਹੇਠ ਕਰੇਗੀ।