ਬਰਲਿਨ : ਜਰਮਨੀ ਵਿੱਚ ਚਾਂਸਲਰ ਓਲਾਫ ਸ਼ੋਲਜ਼ ਖਿਲਾਫ ਹੇਠਲੇ ਸਦਨ ਬੁੰਡੇਸਟਾਗ ਵਿੱਚ ਬੇਵਿਸਾਹੀ ਮਤਾ ਸੋਮਵਾਰ ਪਾਸ ਹੋ ਗਿਆ। 733 ਮੈਂਬਰੀ ਸਦਨ ਵਿੱਚ 394 ਮੈਂਬਰਾਂ ਨੇ ਸ਼ੋਲਜ਼ ਦੇ ਖਿਲਾਫ ਤੇ 207 ਨੇ ਹਮਾਇਤ ’ਚ ਵੋਟਾਂ ਪਾਈਆਂ, ਜਦਕਿ 176 ਨੇ ਵੋਟ ਨਹੀਂ ਪਾਈ। ਸ਼ੋਲਜ਼ ਨੂੰ ਸਰਕਾਰ ਬਚਾਉਣ ਲਈ 367 ਵੋਟਾਂ ਚਾਹੀਦੀਆਂ ਸਨ। ਵੋਟਿੰਗ ਦੇ ਬਾਅਦ ਸ਼ੋਲਜ਼ ਨੇ ਰਾਸ਼ਟਰਪਤੀ ਫਰਾਂਕ ਵਾਲਟਰ ਸ਼ਟਾਈਨਮਾਇਰ ਨੂੰ ਸੰਸਦ ਭੰਗ ਕਰਕੇ ਨਵੀਂਆਂ ਚੋਣਾਂ ਕਰਾਉਣ ਦੀ ਅਪੀਲ ਕਰ ਦਿੱਤੀ।
ਜਰਮਨੀ ਵਿੱਚ ਚਾਂਸਲਰ ਭਾਰਤ ਦੇ ਪ੍ਰਧਾਨ ਮੰਤਰੀ ਵਰਗਾ ਹੁੰਦਾ ਹੈ। ਸ਼ੋਲਜ਼ ਨੇ ਭਰੋਸੇ ਦਾ ਵੋਟ ਹਾਸਲ ਕਰਨ ਲਈ 15 ਜਨਵਰੀ ਤੱਕ ਦਾ ਸਮਾਂ ਮੰਗਿਆ ਸੀ। ਹੁਣ ਰਾਸ਼ਟਰਪਤੀ 21 ਦਿਨਾਂ ’ਚ ਸੰਸਦ ਭੰਗ ਕਰਕੇ 60 ਦਿਨਾਂ ’ਚ ਨਵੀਂਆਂ ਚੋਣਾਂ ਕਰਾਉਣਗੇ। ਜੇ ਇੰਜ ਹੁੰਦਾ ਹੈ ਤਾਂ ਦੇਸ਼ ਵਿੱਚ ਸਮੇਂ ਤੋਂ 7 ਮਹੀਨੇ ਪਹਿਲਾਂ ਚੋਣਾਂ ਹੋਣਗੀਆਂ। 2021 ਵਿੱਚ ਹੋਈਆਂ ਚੋਣਾਂ ’ਚ ਸ਼ੋਲਜ਼ ਦੀ ਐੱਸ ਡੀ ਪੀ ਨੇ 206, ਗ੍ਰੀਨਜ਼ ਪਾਰਟੀ ਨੇ 118 ਤੇ ਫ੍ਰੀ ਡੈਮਕਰੇਟਿਕ ਪਾਰਟੀ ਨੇ 92 ਸੀਟਾਂ ਜਿੱਤੀਆਂ ਸਨ। ਤਿੰਨਾਂ ਨੇ ਗੱਠਜੋੜ ਕਰਕੇ ਸਰਕਾਰ ਬਣਾਈ ਸੀ।
ਜਰਮਨੀ ਵਿੱਚ ਸਿਆਸੀ ਸੰਕਟ ਦੀ ਸ਼ੁਰੂਆਤ ਉਦੋਂ ਹੋਈ ਸੀ, ਜਦੋਂ ਸ਼ੋਲਜ਼ ਨੇ ਵਿੱਤ ਮੰਤਰੀ �ਿਸ਼ਚੀਅਨ ਲਿੰਡਨਰ ਨੂੰ ਬਰਖਾਸਤ ਕਰ ਦਿੱਤਾ ਸੀ। ਇਸ ਦੇ ਬਾਅਦ ਐੱਸ ਡੀ ਪੀ ਦਾ ਗ੍ਰੀਨਜ਼ ਪਾਰਟੀ ਤੇ ਫ੍ਰੀ ਡੈਮੋਕਰੇਟਿਕ ਪਾਰਟੀ ਨਾਲ ਗੱਠਜੋੜ ਟੁੱਟ ਗਿਆ ਸੀ। ਗੱਠਜੋੜ 2025 ਦੇ ਬੱਜਟ ’ਚ ਕਟੌਤੀ ਨੂੰ ਲੈ ਕੇ ਉਲਝਿਆ ਹੋਇਆ ਸੀ। ਸ਼ੋਲਜ਼ ਚਾਹੁੰਦੇ ਸਨ ਕਿ ਵੱਧ ਕਰਜ਼ਾ ਲੈ ਕੇ ਸਰਕਾਰੀ ਖਰਚ ਵਧਾਇਆ ਜਾਵੇ, ਪਰ ਲਿੰਡਨਰ ਨੇ ਇਸ ਦਾ ਵਿਰੋਧ ਕੀਤਾ ਅਤੇ ਟੈਕਸ ਤੇ ਖਰਚ ’ਚ ਕਟੌਤੀ ’ਤੇ ਜ਼ੋਰ ਦਿੱਤਾ। ਐੱਸ ਡੀ ਪੀ ਤੇ ਗ੍ਰੀਨਜ਼ ਪਾਰਟੀ ਨੇ ਲਿੰਡਨਰ ਦਾ ਵਿਰੋਧ ਕਰਦਿਆਂ ਕਿਹਾ ਕਿ ਉਨ੍ਹਾ ਦਾ ਫੈਸਲਾ ਸਰਕਾਰ ਦੇ ਬਹੁਤੇ ਪ੍ਰੋਗਰਾਮ ਫੇਲ੍ਹ ਕਰ ਦੇਵੇਗਾ। ਗੱਠਜੋੜ ਟੁੱਟਦਿਆਂ ਹੀ ਸ਼ੋਲਜ਼ ਨੇ ਲਿੰਡਨਰ ਨੂੰ ਛੋਟੀ ਸੋਚ ਵਾਲਾ ਤੇ ਹੰਕਾਰੀ ਦੱਸਿਆ ਸੀ।