ਨਵੀਂ ਦਿੱਲੀ : ਬੰਗਲਾਦੇਸ਼ ’ਚ ਜ਼ੁਲਮ ਝੱਲ ਰਹੇ ਹਿੰਦੂਆਂ ਲਈ ਨਿਆਂ ਦੇ ਹੱਕ ’ਚ ਤੇ ਸੈਨਾ ਹੈੱਡਕੁਆਰਟਰ ਤੋਂ ਭਾਰਤ ਦੇ ਸਾਹਮਣੇ ਆਤਮ-ਸਮਰਪਣ ਕਰਨ ਵਾਲੇ ਪਾਕਿਸਤਾਨ ਦੀ ਤਸਵੀਰ ਕਥਿਤ ਤੌਰ ’ਤੇ ਹਟਾਉਣ ਦੇ ਖਿਲਾਫ ਪਿ੍ਰਅੰਕਾ ਗਾਂਧੀ ਵਾਡਰਾ ਦੀ ਅਗਵਾਈ ਹੇਠ ਕਈ ਕਾਂਗਰਸ ਸੰਸਦ ਮੈਂਬਰਾਂ ਨੇ ਮੰਗਲਵਾਰ ਖਾਸ ਬੈਗਾਂ ਨਾਲ ਸੰਸਦੀ ਕੰਪਲੈਕਸ ’ਚ ਰੋਸ ਮੁਜ਼ਾਹਰਾ ਕੀਤਾ। ਬੈਗਾਂ ’ਤੇ ਬੰਗਲਾਦੇਸ਼ ਦੇ ਹਿੰਦੂਆਂ ਤੇ ਈਸਾਈਆਂ ਨਾਲ ਖੜ੍ਹੇ ਹੋਣ ਦਾ ਸੁਨੇਹਾ ਲਿਖਿਆ ਹੋਇਆ ਸੀ।
ਪਿ੍ਰਅੰਕਾ ਗਾਂਧੀ ਨੇ ਸੋਮਵਾਰ ਸੰਸਦ ’ਚ ਬੰਗਲਾਦੇਸ਼ ਵਿੱਚ ਹਿੰਦੂਆਂ ਤੇ ਈਸਾਈਆਂ ਦੀ ਸਲਾਮਤੀ ਦਾ ਮੁੱਦਾ ਉਠਾਇਆ ਸੀ। ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਉਹ ਵਿਜੇ ਦਿਵਸ ’ਤੇ ਬੋਲਣਾ ਚਾਹੁੰਦੀ ਸੀ, ਪਰ ਉਸ ਨੂੰ ਬਿਆਨ ਪੂਰਾ ਨਹੀਂ ਕਰਨ ਦਿੱਤਾ ਗਿਆ। ਉਹ ਇਹ ਕਹਿਣਾ ਚਾਹੁੰਦੀ ਸੀ ਕਿ ਕਿਵੇਂ ਇੰਦਰਾ ਗਾਂਧੀ ਦੀ ਸਰਕਾਰ ਨੇ ਬੰਗਲਾਦੇਸ਼ ਦੀ ਲੜਾਈ ਵਿੱਚ ਦੇਸ਼ ਦੀ ਅਗਵਾਈ ਕੀਤੀ ਤੇ ਕਿਵੇਂ ਇਹ ਅਸੂਲਾਂ ਦੀ ਲੜਾਈ ਲੜੀ।
ਹੁਣ ਬੰਗਲਾਦੇਸ਼ ਵਿੱਚ ਫਿਰ ਉਹੋ ਜਿਹੇ ਹਾਲਾਤ ਬਣ ਗਏ ਹਨ। ਉਹ ਕਹਿਣਾ ਚਾਹੁੰਦੀ ਸੀ ਕਿ ਸਰਕਾਰ ਬੰਗਲਾਦੇਸ਼ ਵਿੱਚ ਘੱਟ ਗਿਣਤੀਆਂ ਦੀ ਸਲਾਮਤੀ ਲਈ ਉੱਥੋਂ ਦੀ ਸਰਕਾਰ ਨਾਲ ਗੱਲ ਕਰੇ।