9.7 C
Jalandhar
Tuesday, December 17, 2024
spot_img

ਹਕੂਮਤਾਂ ਕਾਰਪੋਰੇਟ ਘਰਾਣਿਆਂ ਦਾ ਹੱਥਠੋਕਾ ਬਣ ਮੂਕ-ਦਰਸ਼ਕ ਬਣੀਆਂ : ਅਰਸ਼ੀ, ਬਰਾੜ

ਸੀ ਪੀ ਆਈ ਦੇ ਵਫ਼ਦ ਨੇ ਡੱਲੇਵਾਲ ਦਾ ਹਾਲ-ਚਾਲ ਜਾਣਿਆ
ਪਾਤੜਾਂ (ਨਿਸ਼ਾਨ ਸਿੰਘ ਬਣਵਾਲਾ)
ਕਿਸਾਨੀ ਮੰਗਾਂ ਨੂੰ ਲੈ ਕੇ ਪੰਜਾਬ-ਹਰਿਆਣਾ ਸਰਹੱਦ ਉੱਤੇ ਢਾਬੀ ਗੁੱਜਰਾਂ, ਖਨੌਰੀ ਬਾਰਡਰ ਵਿਖੇ ਮਰਨ ਵਰਤ ਉੱਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਹਾਲ-ਚਾਲ ਜਾਨਣ ਲਈ ਭਾਰਤੀ ਕਮਿਊਨਸਟ ਪਾਰਟੀ ਦਾ ਵਫਦ ਖਨੌਰੀ ਬਾਰਡਰ ਉੱਤੇ ਪੁੱਜਾ। ਵਫਦ ਦੀ ਅਗਵਾਈ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਤੇ ਸੂਬਾ ਸਕੱਤਰ ਬੰਤ ਸਿੰਘ ਬਰਾੜ ਨੇ ਕੀਤੀ। ਇਸ ਦੌਰਾਨ ਕਮਿਊਨਿਸਟ ਆਗੂਆਂ ਨੇ ਡੱਲੇਵਾਲ ਦਾ ਹਾਲ-ਚਾਲ ਜਾਨਣ ਮਗਰੋਂ ਕਿਸਾਨ ਆਗੂਆਂ ਨਾਲ ਮੁਲਾਕਾਤ ਕਰਕੇ ਹਰ ਸੰਭਵ ਸਾਥ ਦਾ ਭਰੋਸਾ ਦਿੱਤਾ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਮਰੇਡ ਅਰਸ਼ੀ ਤੇ ਬੰਤ ਬਰਾੜ ਨੇ ਕਿਹਾ ਕਿ ਲੋਕਾਂ ਲਈ ਲੜਨ ਵਾਲੇ ਆਗੂ ਲੰਮੇ ਸੰਘਰਸ਼ਾਂ ਬਾਅਦ ਪੈਦਾ ਹੁੰਦੇ ਹਨ, ਪਰ ਬਦਕਿਸਮਤੀ ਦੀ ਗੱਲ ਹੈ ਕਿ ਲੋਕਾਂ ਲਈ ਲੜਨ ਵਾਲੇ ਆਗੂ ਨੂੰ ਆਪਣੇ ਲੋਕਾਂ ਲਈ ਆਪਣੇ ਹੀ ਦੇਸ਼ ਵਿੱਚ ਮਰਨ ਵਰਤ ਉੱਤੇ ਬੈਠਿਆਂ 22 ਦਿਨ ਦਾ ਸਮਾਂ ਬੀਤ ਗਿਆ, ਪਰ ਹਕੂਮਤਾਂ ਨੇ ਹਾਲੇ ਤੱਕ ਉਹਨਾ ਦੀ ਕੋਈ ਸਾਰ ਨਹੀਂ ਲਈ। ਦਰਜਨਾਂ ਸਾਲ ਸੰਘਰਸ਼ ਕਰਨ ਮਗਰੋਂ ਇੱਕ ਆਗੂ ਬਣਦਾ ਹੈ, ਪਰ ਕਾਰਪੋਰੇਟ ਘਰਾਣਿਆਂ ਦੇ ਇਸ਼ਾਰਿਆਂ ਉੱਤੇ ਉਹਨਾਂ ਦੇ ਹੱਥਠੋਕੇ ਬਣ ਕੇਂਦਰ ਦੀ ਭਾਜਪਾ ਅਤੇ ਪੰਜਾਬ ਦੀ ਆਪ ਸਰਕਾਰ ਮੂਕ-ਦਰਸ਼ਕ ਬਣੀ ਹੋਈ ਹੈ। ਕਿਸਾਨ ਘੋਲ ਨਾਲ ਇੱਕਜੁਟਤਾ ਦਾ ਇਜ਼ਹਾਰ ਕਰਦਿਆਂ ਕਮਿਊਨਿਸਟ ਆਗੂਆਂ ਨੇ ਕਿਹਾ ਕਿ ਕਿਸਾਨੀ ਮੰਗਾਂ ਨੂੰ ਲੈ ਕੇ ਦਿੱਲੀ ਦੇ ਬਾਰਡਰਾਂ ਉੱਤੇ ਚੱਲਿਆ ਸੰਘਰਸ਼ ਆਪਣੇ ਆਪ ਵਿੱਚ ਇੱਕ ਮਿਸਾਲ ਹੈ, ਜਿਸ ਦੌਰਾਨ ਬਿਨਾਂ ਕਿਸੇ ਹਥਿਆਰ ਦੇ ਕਿਸਾਨਾਂ ਨੇ ਖੇਤੀ ਕਾਨੂੰਨਾਂ ਦੀ ਵਾਪਸੀ ਕਰਵਾ ਕੇ ਇਤਿਹਾਸ ਰਚਿਆ, ਪਰ ਕੇਂਦਰ ਸਰਕਾਰ ਅਤੇ ਉਸ ਦੀਆਂ ਏਜੰਸੀਆਂ ਨੂੰ ਕਿਸਾਨਾਂ ਦਾ ਇਹ ਸੰਘਰਸ਼ ਅੱਗੇ ਝੁਕਣਾ ਚੁੱਭ ਰਿਹਾ ਹੈ, ਇਸੇ ਦਾ ਸਿੱਟਾ ਹੈ ਕਿ ਕੇਂਦਰ ਦੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਖੇਤੀ ਕਾਨੂੰਨਾਂ ਨੂੰ ਲੁਕਵੇਂ ਢੰਗ ਨਾਲ ਲਾਗੂ ਕਰਨ ਲਈ ਮੁੜ ਤੋਂ ਰਾਜ ਸਰਕਾਰਾਂ ਨੂੰ ਉਸ ਦਾ ਖਰੜਾ ਭੇਜ ਕੇ ਕਾਨੂੰਨਾਂ ਨੂੰ ਲਾਗੂ ਕਰਵਾਉਣ ਦੀਆਂ ਚਾਲਾਂ ਚੱਲ ਰਹੀ ਹੈ। ਇਹੀ ਵਜ੍ਹਾ ਹੈ ਕਿ ਕੇਂਦਰ ਦੀਆਂ ਏਜੰਸੀਆਂ ਕਿਸਾਨ ਅੰਦੋਲਨ ਵਿੱਚ ਪਾਟੋਧਾੜ ਦੀਆਂ ਬੇਵਜ੍ਹਾ ਅਫਵਾਵਾਂ ਫੈਲਾ ਕੇ ਭਰਮ ਪੈਦਾ ਕਰਨ ਲਈ ਯਤਨਸ਼ੀਲ ਹਨ, ਜਦੋਂਕਿ ਕਿਸਾਨੀ ਨੂੰ ਪਰਣਾਈਆਂ ਸਾਰੀਆਂ ਜਥੇਬੰਦੀਆਂ ਖੇਤੀ ਕਾਨੂੰਨਾਂ ਦੀ ਵਾਪਸੀ ਵੇਲੇ ਮੰਨੀਆਂ ਗਈਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਯਤਨਸ਼ੀਲ ਹਨ ਅਤੇ ਆਪਣੇ-ਆਪਣੇ ਢੰਗਾਂ ਨਾਲ ਸੰਘਰਸ਼ ਵਿੱਚ ਲਗਾਤਾਰ ਜੁੱਟੀਆਂ ਹੋਈਆਂ ਹਨ। ਉਹਨਾਂ ਕਿਹਾ ਕਿ ਦਿੱਲੀ ਅੰਦੋਲਨ ਵੇਲੇ ਵੀ ਕਿਸਾਨ ਘੋਲ ਨੂੰ ਖਾਲਿਸਤਾਨੀ, ਕਮਿਊਨਿਸਟ ਅੰਦੋਲਨ ਅਤੇ ਮਾਓਵਾਦੀਆਂ ਵਰਗੇ ਟੈਗ ਲਗਾਏ ਸਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਭੁਪਿੰਦਰਜੀਤ ਮੌਲਵੀਵਾਲਾ, ਕੁਲਦੀਪ ਸਿੰਘ ਗਲੋਲੀ ਤੇ ਬਲਬੀਰ ਸਿੰਘ ਢਿੱਲੋਂ ਸ਼ਾਮਲ ਸਨ।

Related Articles

Latest Articles