ਆਜ਼ਾਦੀ ਦੇ 75 ਸਾਲ ਪੂਰੇ ਹੋਣ ਦੇ ਮੌਕੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲ੍ਹੇ ਦੇ ਮੰਚ ਤੋਂ ਆਪਣੇ 83 ਮਿੰਟ ਲੰਮੇ ਭਾਸ਼ਣ ਵਿੱਚ ਦੇਸ਼ ਦੀ ਜਨਤਾ ਨੂੰ ਸੰਬੋਧਨ ਕੀਤਾ। ਇਹ ਪਹਿਲੀ ਵਾਰ ਸੀ, ਜਦੋਂ ਨਰਿੰਦਰ ਮੋਦੀ ਨੇ ਦੇਸ਼ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਇੱਕ ਸ਼ਬਦ ਤੱਕ ਨਹੀਂ ਕਿਹਾ। ਅਸਮਾਨ ਛੂੰਹਦੀ ਮਹਿੰਗਾਈ, ਰਿਕਾਰਡ ਬਣਾਉਂਦੀ ਬੇਰੁਜ਼ਗਾਰੀ ਤੇ ਦੁਨੀਆ ਭਰ ਵਿੱਚ ਨਮੋਸ਼ੀ ਦਾ ਸਬੱਬ ਬਣ ਚੁੱਕੀ ਗਰੀਬੀ ਰੇਖਾ ਤੋਂ ਹੇਠਾਂ ਖਿਸਕਦੀ ਖਲਕਤ ਤੱਕ ਦਾ ਨਾ ਉਨ੍ਹਾ ਜ਼ਿਕਰ ਕੀਤਾ ਤੇ ਨਾ ਹੀ ਕੋਈ ਐਲਾਨਾਂ ਦਾ ਜੁਮਲਾ ਛੱਡਿਆ।
ਇਹ ਸਮੁੱਚਾ ਦੇਸ਼ ਜਾਣਦਾ ਹੈ ਕਿ ਭਾਜਪਾ ਤੇ ਉਸ ਦੀ ਜਣਨੀ ਆਰ ਐੱਸ ਅੱੈਸ ਦਾ ਕੋਈ ਵੀ ਆਗੂ ਦੇਸ਼ ਦੀ ਆਜ਼ਾਦੀ ਦੀ ਜੰਗ ਵਿੱਚ ਚੀਚੀ ਨੂੰ ਖ਼ੂਨ ਲਾ ਕੇ ਸ਼ਹੀਦ ਹੋਣ ਵਾਲਾ ਵੀ ਨਹੀਂ ਲੱਭੇਗਾ, ਉਲਟਾ ਉਸ ਦੇ ਅੰਗਰੇਜ਼ ਭਗਤੀ ਦੇ ਕਿੱਸਿਆਂ ਨਾਲ ਪੂਰਾ ਇਤਿਹਾਸ ਭਰਿਆ ਪਿਆ ਹੈ। ਇਸ ਕਮਜ਼ੋਰੀ ਦਾ ਅਪਰਾਧ ਬੋਧ ਮੋਦੀ ਦੇ ਭਾਸ਼ਣ ਵਿੱਚੋਂ ਝਲਕਦਾ ਸੀ। ਇਸੇ ਕਾਰਨ ਉਹ ਇੰਗਲੈਂਡ ਦੀ ਮਹਾਰਾਣੀ ਦੀ ਖੁਸ਼ਾਮਦ ਕਰਕੇ ਪੈਨਸ਼ਨ ਹਾਸਲ ਕਰਨ ਵਾਲੇ ਸਾਵਰਕਰ ਨੂੰ ਫਾਂਸੀ ਦੇ ਰੱਸਿਆਂ ਨੂੰ ਚੁੰਮ ਜਾਣ ਵਾਲੇ ਸੂਰਬੀਰ ਦੇਸ਼ ਭਗਤਾਂ ਦੀ ਕਤਾਰ ਵਿੱਚ ਖੜ੍ਹਾ ਕਰ ਰਹੇ ਸਨ।
ਪਿਛਲੇ ਅੱਠ ਸਾਲਾਂ ਦੌਰਾਨ ਮੋਦੀ ਦੀ ਆਪਹੁਦਰਾਸ਼ਾਹੀ ਨੇ ਦੇਸ਼ ਦੀ ਆਰਥਿਕਤਾ ਨੂੰ ਡੂੰਘੀ ਖਾਈ ਵਿੱਚ ਸੁੱਟਿਆ ਹੋਇਆ ਹੈ। ਵਿਕਾਸ ਵਿੱਚ ਆਈ ਖੜੋਤ ਉੱਤੇ ਮਿੱਟੀ ਪਾਉਣ ਲਈ ਇੱਕ ਦੇਸੀ ਤੋਪ ਰਾਹੀਂ ਤਿਰੰਗੇ ਨੂੰ ਸਲਾਮੀ ਦੇਣ ਦਾ ਪ੍ਰਪੰਚ ਰਚਿਆ ਗਿਆ। ਇਸੇ ਨੂੰ ਵੱਡੀ ਪ੍ਰਾਪਤੀ ਬਣਾਉਂਦਿਆਂ ਮੋਦੀ ਨੇ ਐਲਾਨ ਕੀਤਾ ਕਿ ਜੋ ਆਵਾਜ਼ ਸੁਣਨ ਲਈ 75 ਸਾਲਾਂ ਤੋਂ ਸਾਡੇ ਕੰਨ ਤਰਸ ਰਹੇ ਸਨ, ਉਹ ਅਸੀਂ ਅੱਜ ਸੁਣ ਰਹੇ ਹਾਂ। ਇਸ ਪਿੱਛੇ ਮਕਸਦ, ਇਹ ਦੱਸਣਾ ਸੀ ਕਿ ਮੋਦੀ ਤੋਂ ਪਹਿਲਿਆਂ ਨੇ ਕੁਝ ਵੀ ਨਹੀਂ ਕੀਤਾ ਸੀ। ਨਾ ਭਾਰਤ ਨੂੰ ਪ੍ਰਮਾਣੂ ਸ਼ਕਤੀ ਸੰਪੰਨ ਦੇਸ਼ ਬਣਾਉਣ ਵਾਲਿਆਂ ਦੀ ਕੋਈ ਪ੍ਰਾਪਤੀ ਸੀ ਤੇ ਨਾ ਪੁਲਾੜ ਵਿੱਚ ਰਾਕਟਾਂ ਦੀ ਲੜੀ ਛੱਡ ਕੇ ਸੰਚਾਰ ਕਰਾਂਤੀ ਲਿਆਉਣ ਵਾਲਿਆਂ ਦਾ ਕੋਈ ਯੋਗਦਾਨ ਸੀ।
ਅਸਲ ਵਿੱਚ ਮੋਦੀ ਦੇ ਭਾਸ਼ਣ ਵਿੱਚ ਦੋ ਸਾਲ ਬਾਅਦ ਆਉਣ ਵਾਲੀਆਂ ਲੋਕ ਸਭਾ ਚੋਣਾਂ ਦਾ ਡਰ ਸਾਫ਼ ਦਿਖਾਈ ਦੇ ਰਿਹਾ ਸੀ। ਇਸੇ ਕਾਰਨ ਇੱਕ ਪਾਸੇ ਉਨ੍ਹਾ ਦੇਸ਼ ਦੀ 130 ਕਰੋੜ ਜਨਤਾ ਨੂੰ ਵਿਸ਼ੇਸ਼ ਅਪੀਲ ਕਰ ਦਿੱਤੀ ਤੇ ਦੂਜੇ ਪਾਸੇ ਉਹ ਵਿਰੋਧੀ ਪਾਰਟੀਆਂ ’ਤੇ ਹਮਲਾ ਕਰਨਾ ਵੀ ਨਹੀਂ ਭੁੱਲੇ। ਉਨ੍ਹਾ ਦੇਸ਼ ਵਾਸੀਆਂ ਨੂੰ ਪੰਜ ਪ੍ਰਣ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਅੱਜ ਜਦੋਂ ਅਸੀਂ ਅੰਮਿ੍ਰਤ ਕਾਲ ਵਿੱਚ ਪ੍ਰਵੇਸ਼ ਕਰ ਰਹੇ ਹਾਂ ਤਾਂ ਸਾਨੂੰ ਭੁੱਲਣਾ ਨਹੀਂ ਚਾਹੀਦਾ ਕਿ ਅਗਲੇ 25 ਸਾਲ ਸਾਡੇ ਲਈ ਅਤਿਅੰਤ ਮਹੱਤਵਪੂਰਨ ਹੋਣਗੇ। ਇਸ ਲਈ ਸਾਨੂੰ 2047 ਤੱਕ, ਜਦੋਂ ਅਜ਼ਾਦੀ ਦੇ 100 ਸਾਲ ਪੂਰੇ ਹੋਣਗੇ, ਆਜ਼ਾਦੀ ਦੇ ਦੀਵਾਨਿਆਂ ਦੇ ਸੁਫ਼ਨਿਆਂ ਨੂੰ ਪੂਰਾ ਕਰਨ ਦੀ ਜ਼ਿੰਮੇਵਾਰੀ ਨਾਲ ਅੱਗੇ ਵਧਣਾ ਹੋਵੇਗਾ। ਅਸਲ ਵਿੱਚ ਇੰਜ ਕਹਿ ਕੇ ਮੋਦੀ ਦੇਸ਼ ਦੇ ਲੋਕਾਂ ਤੋਂ ਆਪਣੇ ਲਈ ਹੋਰ ਸਮਾਂ ਮੰਗ ਰਹੇ ਸਨ।
ਇਸ ਦੇ ਨਾਲ ਮੋਦੀ ਨੇ ਪਰਵਾਰਵਾਦ ਤੇ ਭਾਈ-ਭਤੀਜਾਵਾਦ ਨੂੰ ਮੁੱਦਾ ਬਣ ਕੇ ਕਾਂਗਰਸ ਤੋਂ ਲੈ ਕੇ ਖੇਤਰੀ ਪਾਰਟੀਆਂ ਉੱਤੇ ਤਿੱਖਾ ਹਮਲਾ ਕੀਤਾ। ਉਨ੍ਹਾ ਕਿਹਾ ਕਿ ਰਾਜਨੀਤੀ ਵਿੱਚ ਪਰਵਾਰਵਾਦ ਨੇ ਬਹੁਤ ਨੁਕਸਾਨ ਪੁਚਾਇਆ ਹੈ। ਇਸ ਨੇ ਦੇਸ਼ ਦੀਆਂ ਸਮੁੱਚੀਆਂ ਸੰਸਥਾਵਾਂ ਵਿੱਚ ਪਰਵਾਰਵਾਦ ਨੂੰ ਤਕੜਾ ਕਰ ਦਿੱਤਾ ਹੈ। ਪਰਵਾਰਵਾਦ ਪਰਵਾਰ ਲਈ ਹੁੰਦਾ ਹੈ, ਇਸ ਦਾ ਦੇਸ਼ ਲਈ ਕੋਈ ਲੈਣਾ-ਦੇਣਾ ਨਹੀਂ। ਉਨ੍ਹਾ ਜਨਤਾ ਨੂੰ ਅਪੀਲ ਕੀਤੀ ਕਿ ਆਓ ਹਿੰਦੋਸਤਾਨ ਦੀ ਰਾਜਨੀਤੀ ਸਮੇਤ ਦੇਸ਼ ਦੀਆਂ ਸਭ ਸੰਸਥਾਵਾਂ ਦਾ ਸ਼ੁੱਧੀਕਰਨ ਕਰਕੇ ਅੱਗੇ ਵਧੀਏ। ਇਸ ਦੇ ਨਾਲ ਉਨ੍ਹਾ ਭਿ੍ਰਸ਼ਟਾਚਾਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਿ੍ਰਸ਼ਟਾਚਾਰ ਨੇ ਸਿਉਂਕ ਵਾਂਗ ਦੇਸ਼ ਨੂੰ ਖੋਖਲਾ ਕਰ ਦਿੱਤਾ ਹੈ। ਸਾਡੀ ਕੋਸ਼ਿਸ਼ ਇਹੋ ਹੈ ਕਿ ਜਿਨ੍ਹਾਂ ਦੇਸ਼ ਨੂੰ ਲੁੱਟਿਆ ਹੈ, ਉਨ੍ਹਾਂ ਤੋਂ ਲੁੱਟ ਦਾ ਮਾਲ ਵਸੂਲ ਕੀਤਾ ਜਾਵੇ। ਉਨ੍ਹਾ ਦਾ ਸਪੱਸ਼ਟ ਇਸ਼ਾਰਾ ਵਿਰੋਧੀ ਪਾਰਟੀਆਂ ਦੇ ਆਗੂਆਂ ਵੱਲ ਸੀ। ਇਹ ਕਹਿ ਕੇ ਉਹ ਈ ਡੀ ਵਰਗੀਆਂ ਏਜੰਸੀਆਂ ਦੀਆਂ ਵਿਰੋਧੀ ਦਲਾਂ ਵਿਰੁੱਧ ਕਾਰਵਾਈਆਂ ਨੂੰ ਵੀ ਜਾਇਜ਼ ਠਹਿਰਾਅ ਰਹੇ ਸਨ।
ਇਸ ਦੇ ਨਾਲ ਹੀ ਨਰਿੰਦਰ ਮੋਦੀ ਆਰ ਐੱਸ ਐੱਸ ਦੀ ਵਿਚਾਰਧਾਰਾ ਨੂੰ ਵੀ ਅੱਗੇ ਵਧਾਉਣਾ ਨਹੀਂ ਭੁੱਲੇ। ਉਨ੍ਹਾ ਕਿਹਾ ਕਿ ਸਾਨੂੰ ਆਪਣੀ ਵਿਰਾਸਤ ’ਤੇ ਮਾਣ ਕਰਨਾ ਚਾਹੀਦਾ ਹੈ, ਜਿਸ ਨੇ ਭਾਰਤ ਨੂੰ ਸਵਰਨ ਕਾਲ ਦਿੱਤਾ ਸੀ। ਇਸ ਤਰ੍ਹਾਂ ਕਹਿ ਕੇ ਮੋਦੀ ਨੇ ਹਿੰਦੂ ਮਿਥਿਆਲੋਜੀ ਨੂੰ ਸ਼ਕਤੀ ਦਾ ਸਰੋਤ ਦੱਸਿਆ। ਇਹੋ ਵਿਚਾਰਧਾਰਾ ਹੈ, ਜਿਸ ਨੇ ਅੱਜ ਤੱਕ ਸਮਾਜ ਨੂੰ ਜਾਤੀ ਪ੍ਰਥਾ ਦੇ ਨਾਂਅ ’ਤੇ ਟੁਕੜਿਆਂ ਵਿੱਚ ਵੰਡ ਰੱਖਿਆ ਹੈ। ਇਸ ਦੇ ਬਾਵਜੂਦ ਮੋਦੀ ਲੋਕਾਂ ਨੂੰ ਏਕਤਾ ਤੇ ਇੱਕਜੁਟਤਾ ਦੀ ਅਪੀਲ ਕਰਨਾ ਨਹੀਂ ਭੁੱਲੇ, ਹਾਲਾਂਕਿ ਇਸ ਏਕਤਾ ਨੂੰ ਤੋੜਨ ਦਾ ਕੰਮ ਉਹ ਪਿਛਲੇ ਅੱਠਾਂ ਸਾਲਾਂ ਤੋਂ ਕਰਦੇ ਆ ਰਹੇ ਹਨ। ਅਸਲ ਵਿੱਚ ਮੋਦੀ ਦਾ ਇਹ ਭਾਸ਼ਣ ਪਿਛਲੇ 75 ਸਾਲਾਂ ਦੌਰਾਨ ਦੇਸ਼ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਕੀਤੀਆਂ ਪ੍ਰਾਪਤੀਆਂ ਨੂੰ ਨਕਾਰਨ ਦਾ ਭਾਸ਼ਣ ਸੀ।
-ਚੰਦ ਫਤਿਹਪੁਰੀ