ਅਹਿਮਦਾਬਾਦ : ਬਿਲਕਿਸ ਬਾਨੋ ਦਾ ਪਰਵਾਰ 2002 ਦੇ ਗੁਜਰਾਤ ਦੰਗਿਆਂ ਦੌਰਾਨ ਬਿਲਕਿਸ ਬਾਨੋ ਦੇ ਸਮੂਹਿਕ ਬਲਾਤਕਾਰ ਤੇ ਉਸ ਦੇ ਪਰਵਾਰ ਦੇ 7 ਮੈਂਬਰਾਂ ਦੀ ਹੱਤਿਆ ਲਈ ਉਮਰ ਕੈਦ ਦੀ ਸਜ਼ਾ ਕੱਟ ਰਹੇ ਸਾਰੇ 11 ਦੋਸ਼ੀਆਂ ਦੀ ਰਿਹਾਈ ਦੀ ਖਬਰ ’ਤੇ ਹੈਰਾਨ ਹੈ। ਬਿਲਕਿਸ ਬਾਨੋ ਦੇ ਪਤੀ ਯਾਕੂਬ ਰਸੂਲ ਨੇ ਕਿਹਾ ਕਿ ਉਹ ਸਾਰੇ 11 ਦੋਸ਼ੀਆਂ ਦੀ ਰਿਹਾਈ ਦੀ ਖਬਰ ਤੋਂ ਹੈਰਾਨ ਹੈ, ਪਰ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ। ਉਸ ਨੇ ਕਿਹਾ ਕਿ ਘਟਨਾ ਤੋਂ 20 ਸਾਲ ਬਾਅਦ ਵੀ ਉਸ ਕੋਲ, ਉਸ ਦੀ ਪਤਨੀ ਅਤੇ ਪੰਜ ਪੁੱਤਰਾਂ ਕੋਲ ਰਹਿਣ ਲਈ ਕੋਈ ਥਾਂ ਨਹੀਂ ਹੈ।
ਉਮਰ ਕੈਦ ਦੀ ਸਜ਼ਾ ਕੱਟ ਰਹੇ 11 ਦੋਸ਼ੀਆਂ ਨੂੰ ਸੋਮਵਾਰ ਗੋਧਰਾ ਸਬ-ਜੇਲ੍ਹ ’ਚੋਂ ਰਿਹਾਅ ਕਰ ਦਿੱਤਾ ਗਿਆ। ਗੁਜਰਾਤ ਸਰਕਾਰ ਨੇ ਆਪਣੀ ਮੁਆਫੀ ਨੀਤੀ ਤਹਿਤ ਇਨ੍ਹਾਂ ਦੀ ਰਿਹਾਈ ਨੂੰ ਮਨਜ਼ੂਰੀ ਦਿੱਤੀ। ਮੁੰਬਈ ਦੀ ਸਪੈਸ਼ਲ ਸੀ ਬੀ ਆਈ ਅਦਾਲਤ ਨੇ 21 ਜਨਵਰੀ 2008 ਨੂੰ ਬਿਲਕਿਸ ਬਾਨੋ ਨਾਲ ਸਮੂਹਿਕ ਬਲਾਤਕਾਰ ਅਤੇ ਉਸ ਦੇ ਪਰਵਾਰ ਦੇ 7 ਮੈਂਬਰਾਂ ਦੀ ਹੱਤਿਆ ਦੇ ਮਾਮਲੇ ਵਿਚ 11 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਸਜ਼ਾ ਨੂੰ ਬਾਅਦ ਵਿਚ ਬੰਬੇ ਹਾਈ ਕੋਰਟ ਨੇ ਬਰਕਰਾਰ ਰੱਖਿਆ ਸੀ। ਕਾਂਗਰਸ ਦੇ ਬੁਲਾਰੇ ਪਵਨ ਖੇੜਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਜ਼ਾਦੀ ਦਿਵਸ ਦੀ ਤਕਰੀਰ ਵਿਚ ਮਹਿਲਾਵਾਂ ਦੇ ਭਲੇ ਦੀ ਗੱਲ ਕਰਨ ਤੋਂ ਛੇਤੀ ਬਾਅਦ ਗੁਜਰਾਤ ਸਰਕਾਰ ਨੇ ਬਿਲਕਿਸ ਬਾਨੋ ਕੇਸ ਦੇ 11 ਕੈਦੀ ਛੱਡ ਦਿੱਤੇ। ਉਨ੍ਹਾ ਗੁਜਰਾਤ ਸਰਕਾਰ ਦੇ ਹੁਕਮ ਨੂੰ ਬੇਮਿਸਾਲ ਦੱਸਦਿਆਂ ਕਿਹਾਤੁਸੀਂ ਇਹ ਕਹਿ ਕੇ ਕੈਦੀ ਛੱਡ ਦਿੱਤੇ ਕਿ ਉਨ੍ਹਾਂ ਜੇਲ੍ਹ ਵਿਚ 14 ਸਾਲ ਗੁਜ਼ਾਰ ਲਏ ਹਨ। ਉਨ੍ਹਾਂ ਦਾ ਜੇਲ੍ਹ ਵਿਚ ਵਿਹਾਰ ਚੰਗਾ ਸੀ, ਪਰ ਕੀ ਗੈਂਗਰੇਪ ਅਜਿਹਾ ਘਿਨਾਉਣਾ ਜੁਰਮ ਨਹੀਂ, ਜਿਸ ਦੀ ਜਿੰਨੀ ਵੀ ਸਜ਼ਾ ਦਿੱਤੀ ਜਾਵੇ ਘੱਟ ਹੁੰਦੀ ਹੈ। ਅਸੀਂ ਦੇਖਿਆ ਹੈ ਕਿ ਜਿਨ੍ਹਾਂ ਨੂੰ ਛੱਡਿਆ ਗਿਆ, ਉਨ੍ਹਾਂ ਦਾ ਮਾਣ-ਤਾਣ ਕੀਤਾ ਗਿਆ। ਕੀ ਇਹੀ ਅੰਮਿ੍ਰਤ ਮਹੋਤਸਵ ਹੈ? ਖੇੜਾ ਨੇ ਮੰਗਲਵਾਰ ਅਟਲ ਬਿਹਾਰੀ ਵਾਜਪਾਈ ਦੀ ਬਰਸੀ ਦਾ ਮੋਦੀ ਨੂੰ ਚੇਤਾ ਕਰਾਉਦਿਆਂ ਕਿਹਾ ਕਿ ਵਾਜਪਾਈ ਨੇ 2002 ਦੇ ਗੋਧਰਾ ਦੰਗਿਆਂ ਤੋਂ ਬਾਅਦ ਗੁਜਰਾਤ ਦੇ ਦੌਰੇ ਦੌਰਾਨ ਉਨ੍ਹਾ ਨੂੰ ਰਾਜ ਧਰਮ ਦਾ ਪਾਠ ਪੜ੍ਹਾਇਆ ਸੀ। ਮੋਦੀ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਲਾਲ ਕਿਲੇ੍ਹ ’ਤੇ ਔਰਤਾਂ ਬਾਰੇ ਉਨ੍ਹਾ ਜੋ ਕਿਹਾ ਉਹ ਸਿਰਫ ਸ਼ਬਦ ਹੀ ਸਨ, ਅਰਥ-ਵਿਹੂਣੇ। ਕੀ ਮੋਦੀ ਜੋ ਕਹਿੰਦੇ ਹਨ ਉਸ ਦਾ ਅਰਥ ਨਹੀਂ ਹੁੰਦਾ? ਜਾਂ ਉਨ੍ਹਾ ਦੀ ਆਪਣੀ ਪਾਰਟੀ ਤੇ ਉਸ ਦੀਆਂ ਸਰਕਾਰਾਂ ਨੇ ਉਨ੍ਹਾ ਦੀ ਪ੍ਰਵਾਹ ਕਰਨੀ ਛੱਡ ਦਿੱਤੀ ਹੈ? ਜਾਂ ਉਹ ਦੇਸ਼ ਨੂੰ ਇਕ ਗੱਲ ਕਹਿੰਦੇ ਹਨ ਤੇ ਆਪਣੀ ਪਾਰਟੀ ਦੀਆਂ ਸਰਕਾਰਾਂ ਨੂੰ ਦੂਜੀ?
ਖੇੜਾ ਨੇ ਕਿਹਾ ਕਿ ਸੁਪਰੀਮ ਕੋਰਟ ਨੇ 2017 ਵਿਚ ਬਿਲਕਿਸ ਬਾਨੋ ਦੇ ਪਰਵਾਰ ਨੂੰ 50 ਲੱਖ ਰੁਪਏ ਸਹਾਇਤਾ ਦੇਣ ਦਾ ਹੁਕਮ ਦਿੱਤਾ ਸੀ। ਇਹ ਸਬੂਤ ਸੀ ਕਿ ਉਸ ਦੇ ਪਰਵਾਰ ’ਤੇ ਘੋਰ ਅੱਤਿਆਚਾਰ ਹੋਇਆ। ਫਿਰ ਪ੍ਰਧਾਨ ਮੰਤਰੀ ਲਾਲ ਕਿਲੇ੍ਹ ਦੀ ਫਸੀਲ ਤੋਂ ਮਹਿਲਾਵਾਂ ਨੂੰ ਤਾਕਤਵਰ ਬਣਾਉਣ ਦੀ ਗੱਲ ਕਿਵੇਂ ਕਰਦੇ ਹਨ। ਖੇੜਾ ਨੇ ਕਠੂਆ ਗੈਂਗਰੇਪ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਦੋਂ ਸੀਨੀਅਰ ਭਾਜਪਾ ਆਗੂਆਂ ਨੇ ਬਲਾਤਕਾਰੀਆਂ ਦੇ ਹੱਕ ਵਿਚ ਗਲੀਆਂ ਵਿਚ ਮਾਰਚ ਕੀਤੇ ਸਨ। ਖੇੜਾ ਨੇ ਕਿਹਾ ਕਿ ਖੁਦ ਮੋਦੀ ਵਿਰੋਧੀ ਆਗੂਆਂ ’ਤੇ ਹਮਲਿਆਂ ਲਈ ‘ਕਾਂਗਰਸ ਵਿੱਡੋ’, ‘ਜਰਸੀ ਕਾਊ’ ਤੇ ‘ਸਰੂਪਨਖਾ’ ਵਰਗੇ ਸ਼ਬਦ ਵਰਤ ਚੁੱਕੇ ਹਨ। ਖੇੜਾ ਨੇ ਕਿਹਾ ਕਿ ਜਾਂ ਤਾਂ ਗੁਜਰਾਤ ਸਰਕਾਰ ਆਪਣਾ ਹੁਕਮ ਵਾਪਸ ਲਵੇ ਜਾਂ ਪ੍ਰਧਾਨ ਮੰਤਰੀ ਆਪਣੇ ਸ਼ਬਦ ਵਾਪਸ ਲੈਣ। ਰਾਜਦ, ਏ ਆਈ ਐੱਮ ਆਈ ਐੱਮ, ਟੀ ਐੱਮ ਸੀ ਤੇ ਸੀ ਪੀ ਆਈ (ਐੱਮ) ਨੇ ਵੀ ਗੁਜਰਾਤ ਸਰਕਾਰ ਦੇ ਹੁਕਮ ਦੀ ਨੁਕਤਾਚੀਨੀ ਕੀਤੀ ਹੈ।