10.8 C
Jalandhar
Saturday, December 21, 2024
spot_img

ਸ਼ਾਹ ਖਿਲਾਫ ਮਰਿਆਦਾ ਮਤੇ ਦਾ ਨੋਟਿਸ

ਨਵੀਂ ਦਿੱਲੀ : ਜਿੱਥੇ ਸੱਤਾਧਾਰੀ ਭਾਜਪਾ ਵੱਲੋਂ ਡਾ. ਬੀ ਆਰ ਅੰਬੇਡਕਰ ਬਾਰੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਟਿੱਪਣੀ ਦੇ ਚੋਣਵੇਂ ਸੰਪਾਦਨ ਲਈ ਕਾਂਗਰਸ ਵਿਰੁੱਧ ਕਾਨੂੰਨੀ ਕਾਰਵਾਈ ਕਰਨ ’ਤੇ ਵਿਚਾਰ ਕੀਤਾ ਜਾ ਰਿਹਾ ਹੈ, ਉੱਥੇ ਹੀ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਨੇ ਸ਼ਾਹ ਵਿਰੁੱਧ ਉਪਰਲੇ ਸਦਨ ’ਚ ਮਰਿਆਦਾ ਮਤੇ ਦਾ ਨੋਟਿਸ ਦਿੱਤਾ ਹੈ।
ਰਾਜ ਸਭਾ ’ਚ ਸ਼ਾਹ ਦੇ 17 ਦਸੰਬਰ ਦੇ ਭਾਸ਼ਣ ਅਤੇ ਬਾਬਾ ਸਾਹਿਬ ਅੰਬੇਡਕਰ ਬਾਰੇ ਉਨ੍ਹਾ ਦੀ ਟਿੱਪਣੀ ਦਾ ਹਵਾਲਾ ਦਿੰਦੇ ਹੋਏ ਖੜਗੇ ਨੇ ਕਿਹਾ ਕਿ ਸ਼ਾਹ ਦੇ ਬਿਆਨ ਅਪਮਾਨਜਨਕ ਸਨ ਅਤੇ ਇਹ ਮਰਿਆਦਾ ਦੀ ਉਲੰਘਣਾ ਦੇ ਬਰਾਬਰ ਸਨ।
ਇਹ ਨੋਟਿਸ ਰਾਜ ਸਭਾ ਦੇ ਸਕੱਤਰ ਜਨਰਲ ਪੀ ਸੀ ਮੋਦੀ ਨੂੰ ਭੇਜਿਆ ਗਿਆ ਹੈ। ਸੰਸਦ ਦੇ ਅੰਦਰ ਇਸ ਕਾਰਵਾਈ ਦੇ ਸਮਾਨਾਂਤਰ ਕਾਂਗਰਸ ਨੇ ਆਪਣੇ ਸੋਸ਼ਲ ਮੀਡੀਆ ਅਤੇ ਡਿਜੀਟਲ ਪਲੇਟਫਾਰਮ ਸੈੱਲ ਦੀ ਚੇਅਰਪਰਸਨ ਸੁਪਿ੍ਰਆ ਸ੍ਰੀਨੇਤ ਨੂੰ ਇਹ ਦਾਅਵਾ ਕਰਨ ਲਈ ਮੈਦਾਨ ’ਚ ਉਤਾਰਿਆ ਕਿ ਪਾਰਟੀ ਦੇ ਕਈ ਨੇਤਾਵਾਂ, ਸੰਸਦ ਮੈਂਬਰਾਂ, ਕਾਂਗਰਸ ਦੇ ਅਹੁਦੇਦਾਰਾਂ ਦੇ ਐੱਕਸ ਹੈਂਡਲਾਂ ਸਮੇਤ ਉਨ੍ਹਾ ਨੂੰ ‘ਐੱਕਸ’ ਤੋਂ ਇੱਕ ਈਮੇਲ ਮਿਲੀ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਸਰਕਾਰ ਨੇ ਸ਼ਾਹ ਦੇ ਭਾਸ਼ਣ ਨੂੰ ਡਿਲੀਟ ਕਰਨ ਲਈ ਕਿਹਾ ਹੈ।
ਇਹ ਪਤਾ ਲੱਗਾ ਹੈ ਕਿ ‘ਐੱਕਸ’ ਨੂੰ ਅਧਿਕਾਰਤ ਏਜੰਸੀਆਂ ਵੱਲੋਂ ਸੋਸ਼ਲ ਮੀਡੀਆ ’ਤੇ ਕਾਂਗਰਸੀ ਆਗੂਆਂ ਵੱਲੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਸੰਪਾਦਤ ਕਲਿੱਪਾਂ ਨੂੰ ਹਟਾਉਣ ਲਈ ਕਿਹਾ ਗਿਆ ਸੀ। ਸ੍ਰੀਨੇਤ ਨੇ ਕਿਹਾ ਕਿ ‘ਐੱਕਸ’ ਨੇ ਬੋਲਣ ਦੀ ਆਜ਼ਾਦੀ ਦੀ ਭਾਵਨਾ ’ਚ ਟਵੀਟ ਨੂੰ ਹਟਾਉਣ ਤੋਂ ਇਨਕਾਰ ਕਰ ਦਿੱਤਾ ਹੈ।
ਉਨ੍ਹਾ ਸ਼ਾਹ ਨੂੰ ਸਵਾਲ ਕੀਤਾ ਕਿ ਜੇ ਉਹ ਸੋਚਦੇ ਹਨ ਕਿ ਕਿ ਉਨ੍ਹਾ ਦੇ ਭਾਸ਼ਣ ’ਚ ਕੁਝ ਗਲਤ ਨਹੀਂ ਹੈ ਤਾਂ ਮੰਤਰਾਲੇ ਨੇ ‘ਐੱਕਸ’ ਨੂੰ ਇਸ ਨੂੰ ਹਟਾਉਣ ਲਈ ਕਿਉਂ ਕਿਹਾ ਹੈ। ਉਨ੍ਹਾ ਕਿਹਾ ਕਿ ਇਹ ਮੂਲ ਭਾਸ਼ਣ ਸੀ ਅਤੇ ਇਸ ਨੂੰ ਸੰਪਾਦਤ ਜਾਂ ਵਿਗਾੜਿਆ ਨਹੀਂ ਗਿਆ ਸੀ। ਇਸ ਤੋਂ ਇਲਾਵਾ ਉਨ੍ਹਾ ਰਾਜ ਸਭਾ ਦੀ ਵੈੱਬਸਾਈਟ ’ਤੇ ਉਪਲੱਬਧ ਭਾਸ਼ਣ ਦਾ 34 ਪੰਨਿਆਂ ਦਾ ਸੰਪਾਦਤ ਟੈਕਸਟ ਵੀ ਦਿਖਾਇਆ, ਜਿਸ ’ਚ ਉਹ ਸਪੱਸ਼ਟ ਤੌਰ ’ਤੇ ਕਹਿੰਦੇ ਹਨਡਾ. ਅੰਬੇਡਕਰ ਦਾ ਨਾਂਅ ਲੈਣਾ ਇੱਕ ਫੈਸ਼ਨ ਬਣ ਗਿਆ ਹੈ ਅਤੇ ਜੇ ਉਹ (ਵਿਰੋਧੀ ਨੇਤਾ) ਏਨੀ ਵਾਰ ਰੱਬ ਦਾ ਨਾਂਅ ਜਪਦੇ ਤਾਂ ਉਹ ਸੱਤ ਜਨਮਾਂ ਤੱਕ ਸਵਰਗ ਨੂੰ ਪ੍ਰਾਪਤ ਕਰ ਸਕਦੇ ਸਨ।

Related Articles

Latest Articles