ਨਵੀਂ ਦਿੱਲੀ : ‘ਇੰਡੀਆ’ ਗੱਠਜੋੜ ਵੱਲੋਂ ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਵਿਰੁੱਧ ਦਿੱਤੇ ਗਏ ਬੇਵਿਸਾਹੀ ਮਤੇ ਦੇ ਨੋਟਿਸ ਨੂੰ ਰਾਜ ਸਭਾ ਦੇ ਡਿਪਟੀ ਚੇਅਰਮੈਨ ਹਰੀਵੰਸ਼ ਨੇ ਖਾਰਜ ਕਰ ਦਿੱਤਾ ਹੈ। ਵਿਰੋਧੀ ਗੱਠਜੋੜ ਨੇ ਰਾਜ ਸਭਾ ਦਾ ਕੰਮ-ਕਾਜ ਚਲਾਉਂਦੇ ਸਮੇਂ ਵਿਰੋਧੀ ਧਿਰ ਨਾਲ ਵਿਤਕਰੇਬਾਜ਼ੀ ਕਰਨ ਦਾ ਦੋਸ਼ ਲਾਉਂਦਿਆਂ ਧਨਖੜ ਖਿਲਾਫ ਰਾਜ ਸਭਾ ਸਕੱਤਰੇਤ ਨੂੰ ਨੋਟਿਸ ਦਿੱਤਾ ਸੀ। ਡਿਪਟੀ ਚੇਅਰਮੈਨ ਨੇ ਕਿਹਾ ਹੈ ਕਿ ਨੋਟਿਸ ਤੱਥਾਂ ਤੋਂ ਹੀਣਾ ਹੈ ਅਤੇ ਇਸ ਦਾ ਮਕਸਦ ਮਹਿਜ਼ ਪ੍ਰਚਾਰ ਹਾਸਲ ਕਰਨਾ ਹੈ। ਨੋਟਿਸ ਨਾਵਾਜਬ ਤੇ ਖਾਮੀਆਂ ਵਾਲਾ ਹੈ। ਇਸ ਨੂੰ ਉਪ ਰਾਸ਼ਟਰਪਤੀ ਦੇ ਮਾਣ-ਸਨਮਾਨ ਨੂੰ ਠੇਸ ਪਹੁੰਚਾਉਣ ਲਈ ਜਲਦਬਾਜ਼ੀ ਵਿਚ ਤਿਆਰ ਕੀਤਾ ਗਿਆ।
5 ਦਹਿਸ਼ਤਗਰਦ ਹਲਾਕ
ਸ੍ਰੀਨਗਰ : ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ’ਚ ਵੀਰਵਾਰ ਵੱਡੇ ਤੜਕੇ ਹੋਏ ਮੁਕਾਬਲੇ ਵਿਚ ਸੁਰੱਖਿਆ ਬਲਾਂ ਨੇ ਪੰਜ ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ, ਜਦੋਂਕਿ ਸੁਰੱਖਿਆ ਬਲਾਂ ਦੇ ਦੋ ਜਵਾਨ ਜ਼ਖਮੀ ਹੋ ਗਏੇ। ਜਵਾਨਾਂ ਨੇ ਸੇਬਾਂ ਦੇ ਬਾਗ ਵਿੱਚ ਦਹਿਸ਼ਤਗਰਦਾਂ ਦੀ ਮੌਜੂਦਗੀ ਸੰਬੰਧੀ ਜਾਣਕਾਰੀ ਮਿਲਣ ’ਤੇ ਬੇਹੀ ਬਾਗ ਇਲਾਕੇ ਦੇ ਕਾਦਰ ਪਿੰਡ ਨੂੰ ਘੇਰਾ ਪਾ ਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ। ਇਸ ਦੌਰਾਨ ਦਹਿਸ਼ਤਗਰਦਾਂ ਵੱਲੋਂ ਫਾਇਰਿੰਗ ਮਗਰੋਂ ਮੁਕਾਬਲਾ ਸ਼ੁਰੂ ਹੋ ਗਿਆ।
ਬੱਸ-ਵੈਨ ਟੱਕਰ ’ਚ ਵਿਦਿਆਰਥਣ ਦੀ ਮੌਤ
ਫਰੀਦਕੋਟ : ਨੇੜਲੇ ਪਿੰਡ ਕਲੇਰ ਵਿਖੇ ਵੀਰਵਾਰ ਸਵੇਰੇ ਸਕੂਲ ਵੈਨ ਅਤੇ ਬੱਸ ਦੀ ਟੱਕਰ ਕਾਰਨ ਇੱਕ ਵਿਦਿਆਰਥਣ ਦੀ ਮੌਤ ਹੋ ਗਈ, ਜਦਕਿ ਚਾਰ ਗੰਭੀਰ ਜ਼ਖਮੀ ਹੋ ਗਈਆਂ। ਸ਼ਹੀਦ ਗੰਜ ਪਬਲਿਕ ਸਕੂਲ ਦੀਆਂ ਇਹ ਵਿਦਿਆਰਥਣਾਂ ਪਿੰਡ ਢੁੱਡੀ ਦੀਆਂ ਹਨ। ਪੁਲਸ ਨੇ ਬੱਸ ਡਰਾਈਵਰ ਖਿਲਾਫ ਕੇਸ ਦਰਜ ਕਰ ਲਿਆ ਹੈ। ਇੱਕ ਕਾਰ ਵੀ ਹਾਦਸੇ ਦੀ ਲਪੇਟ ’ਚ ਆ ਗਈ ਅਤੇ ਬੁਰੀ ਤਰ੍ਹਾਂ ਨੁਕਸਾਨੀ ਗਈ। ਵੈਨ ਚਾਲਕ ਦੇ ਵੀ ਗੰਭੀਰ ਸੱਟਾਂ ਲੱਗੀਆਂ ਹਨ।
ਡੱਲੇਵਾਲ 10 ਮਿੰਟ ਬੇਹੋਸ਼ ਰਹੇ
ਪਾਤੜਾਂ : ਢਾਬੀ ਗੁੱਜਰਾਂ ਬਾਰਡਰ ’ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਵੀਰਵਾਰ 24ਵੇਂ ਦਿਨ ਵੀ ਜਾਰੀ ਰਿਹਾ। ਪ੍ਰਬੰਧਕਾਂ ਵੱਲੋਂ ਇਸ਼ਨਾਨ ਕਰਵਾਏ ਜਾਣ ਉਪਰੰਤ ਉਨ੍ਹਾ ਦੀ ਸਿਹਤ ਇਕਦਮ ਵਿਗੜ ਗਈ, ਜਿਸ ਉਪਰੰਤ ਸਾਰੇ ਪਾਸੇ ਕੁਝ ਦੇਰ ਲਈ ਸੰਨਾਟਾ ਛਾ ਗਿਆ। ਉਹ ਅਚਾਨਕ ਉਲਟੀ ਆਉਣ ਕਾਰਨ ਕਰੀਬ 10 ਮਿੰਟ ਬੇਹੋਸ਼ ਰਹੇ। ਡਾਕਟਰਾਂ ਦੀ ਟੀਮ ਨੇ ਦੱਸਿਆ ਕਿ ਉਨ੍ਹਾ ਦੀ ਸਿਹਤ ਦਾ ਖਿਆਲ ਰੱਖਿਆ ਜਾ ਰਿਹਾ ਹੈ, ਪਰ ਕਿਸੇ ਵੀ ਸਮੇਂ ਹਾਲਾਤ ਐਮਰਜੈਂਸੀ ਵਰਗੇ ਹੋ ਸਕਦੇ ਹਨ।