ਪਟਿਆਲਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਪਟਿਆਲਾ ਵਿੱਚ ਨਗਰ ਨਿਗਮ ਚੋਣਾਂ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ।ਉਨ੍ਹਾ ਇੱਥੇ ਪਾਰਟੀ ਆਗੂਆਂ ਤੇ ਵਰਕਰਾਂ ਨਾਲ ਇੱਕ ਵੱਡਾ ਰੋਡ ਸ਼ੋਅ ਕੀਤਾ ਅਤੇ ਲੋਕਾਂ ਨੂੰ ‘ਆਪ’ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਸਮਰਥਨ ਦੇਣ ਦੀ ਅਪੀਲ ਕੀਤੀ।ਇਸ ਰੋਡ ਸ਼ੋਅ ਵਿੱਚ ਮਾਨ ਦੇ ਨਾਲ ‘ਆਪ’ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ, ਕਾਰਜਕਾਰੀ ਪ੍ਰਧਾਨ ਸ਼ੈਰੀ ਕਲਸੀ, ਕੈਬਨਿਟ ਮੰਤਰੀ ਬਰਿੰਦਰ ਗੋਇਲ ਅਤੇ ਡਾ. ਬਲਬੀਰ ਸਿੰਘ ਤੋਂ ਇਲਾਵਾ ਪਾਰਟੀ ਦੇ ਕਈ ਵਿਧਾਇਕ, ਆਗੂ ਅਤੇ ਅਹੁਦੇਦਾਰ ਹਾਜ਼ਰ ਸਨ।ਮੁੱਖ ਮੰਤਰੀ ਨੇ ਪਟਿਆਲਾ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੇਰਾ ਪਟਿਆਲਾ ਨਾਲ ਬਹੁਤ ਪੁਰਾਣਾ ਸੰਬੰਧ ਹੈ। 1997 ਤੋਂ 2003 ਤੱਕ ਮੈਂ ਪਟਿਆਲਾ ਹੀ ਰਹਿੰਦਾ ਸੀ। ਮੈਂ ਇੱਥੋਂ ਦੇ ਕੋਨੇ-ਕੋਨੇ ਤੋਂ ਜਾਣੂ ਹਾਂ। ਮੇਰਾ ਪਿੰਡ ਵੀ ਇੱਥੋਂ ਦੂਰ ਨਹੀਂ। ਉਨ੍ਹਾ ਕਿਹਾ ਕਿ ਵਿਧਾਨ ਸਭਾ ਚੋਣਾਂ ਵਿੱਚ ਵੀ ਤੁਸੀਂ ਸਾਨੂੰ ਇਤਿਹਾਸਕ ਸਮਰਥਨ ਦਿੱਤਾ ਸੀ। ਆਮ ਆਦਮੀ ਪਾਰਟੀ ਨੂੰ ਪਟਿਆਲਾ ਦੀਆਂ ਸਾਰੀਆਂ 9 ਸੀਟਾਂ ’ਤੇ ਜਿਤਾਇਆ ਅਤੇ ਭਾਰੀ ਬਹੁਮਤ ਨਾਲ ਸਾਡੀ ਸਰਕਾਰ ਬਣਾਈ। ਮੈਨੂੰ ਪੂਰਾ ਭਰੋਸਾ ਹੈ ਕਿ ਇਸ ਵਾਰ ਵੀ ਤੁਸੀਂ ਆਮ ਆਦਮੀ ਪਾਰਟੀ ਦਾ ਇਸੇ ਤਰ੍ਹਾਂ ਸਮਰਥਨ ਕਰੋਗੇ। ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਪਟਿਆਲਾ ਦੀ ਪੁਰਾਣੀ ਸੁੰਦਰਤਾ ਨੂੰ ਮੁੜ ਬਹਾਲ ਕਰਾਂਗੇ। ਪਟਿਆਲਾ ਵੈਸੇ ਵੀ ਪੰਜਾਬ ਦਾ ਮਸ਼ਹੂਰ ਸ਼ਹਿਰ ਹੈ ਤੇ ਅਸੀਂ ਇਸ ਦਾ ਨਾਂਅ ਹੋਰ ਉੱਚਾ ਕਰਾਂਗੇ।