ਅੰਬੇਡਕਰ ਦੀ ਇਸ ਚੇਤਾਵਨੀ ਨੂੰ ਭੁਲਾਇਆ ਨਹੀਂ ਜਾ ਸਕਦਾ ਕਿ ਜੇ ਹਿੰਦੂ ਰਾਸ਼ਟਰ ਇੱਕ ਹਕੀਕਤ ਬਣ ਜਾਂਦਾ ਹੈ ਤਾਂ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਦੇਸ਼ ਲਈ ਸਭ ਤੋਂ ਵੱਡੀ ਬਿਪਤਾ ਹੋਵੇਗੀ। ਕੋਈ ਫਰਕ ਨਹੀਂ ਪੈਂਦਾ ਕਿ ਹਿੰਦੂ ਕੀ ਕਹਿੰਦੇ ਹਨ, ਹਿੰਦੂਵਾਦ ਆਜ਼ਾਦੀ, ਬਰਾਬਰੀ ਤੇ ਭਰਾਤਰੀਭਾਵ ਲਈ ਇੱਕ ਖਤਰਾ ਹੈ। ਇਹ ਲੋਕਤੰਤਰ ਲਈ ਅਸੰਗਤ ਹੈ। ਹਿੰਦੂ ਰਾਸ਼ਟਰ ਨੂੰ ਕਿਸੇ ਵੀ ਕੀਮਤ ’ਤੇ ਰੋਕਿਆ ਜਾਣਾ ਚਾਹੀਦਾ ਹੈ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਸਦ ’ਚ ਆਪੋਜ਼ੀਸ਼ਨ ਵੱਲੋਂ ਵਾਰ-ਵਾਰ ਡਾ. ਅੰਬੇਡਕਰ ਦਾ ਨਾਂਅ ਲਏ ਜਾਣ ਨੂੰ ਜਿਸ ਤਰ੍ਹਾਂ ਫੈਸ਼ਨ ਦੱਸਿਆ ਹੈ, ਉਸ ਨੇ ਰਾਸ਼ਟਰੀ ਸੋਇਮਸੇਵਕ ਸੰਘ (ਆਰ ਐੱਸ ਐੱਸ) ਕੈਂਪ ਵਿੱਚ ਲੰਮੇ ਸਮੇਂ ਤੋਂ ਪਲ ਰਹੀ ਇੱਕ ਗ੍ਰੰਥੀ ਨੂੰ ਸਾਹਮਣੇ ਲਿਆ ਦਿੱਤਾ ਹੈ। ਜਦੋਂ ‘ਹਿੰਦੂ ਰਾਸ਼ਟਰ’ ਦੇ ਨਾਅਰੇ ਲਾਉਦੇ ਹੋਏ ਤਮਾਮ ਬਾਬਾ ਤੇ ਕਥਾਵਾਚਕ ਯਾਤਰਾਵਾਂ ਕੱਢ ਰਹੇ ਹਨ ਤੇ 2025 ਦੇ ਮਹਾਕੁੰਭ ਵਿੱਚ ‘ਹਿੰਦੂ ਰਾਸ਼ਟਰ’ ਦੇ ਐਲਾਨ ਦੀਆਂ ਤਿਆਰੀਆਂ ਜ਼ੋਰਾਂ ’ਤੇ ਹਨ, ਸੰਸਦ ਤੋਂ ਸੜਕ ਤੱਕ ਡਾ. ਅੰਬੇਡਕਰ ਦੇ ਵਿਚਾਰਾਂ ’ਤੇ ਬਹਿਸ ਤੇਜ਼ ਹੋ ਗਈ ਹੈ, ਜਿਨ੍ਹਾਂ ਹਿੰਦੂ ਰਾਸ਼ਟਰ ਨੂੰ ਲੋਕਤੰਤਰ ਲਈ ਬਿਪਤਾ ਦੱਸਿਆ ਸੀ। ਇਹ ਸਥਿਤੀ ਸੰਘ ਦੇ ਸੁਫਨਿਆਂ ’ਤੇ ਬਿਜ ਡਿੱਗਣ ਵਾਂਗ ਹੈ, ਜੋ ਅਗਲੇ ਸਾਲ ਆਪਣੀ ਸਥਾਪਨਾ ਦਾ ਸ਼ਤਾਬਦੀ ਸਮਾਰੋਹ ਮਨਾਉਣ ਜਾ ਰਿਹਾ ਹੈ। ਸ਼ਾਹ ਦਾ ਬਿਆਨ ਇਸੇ ਚਿੜ੍ਹ ਦੀ ਉਪਜ ਹੈ। ਉਨ੍ਹਾ ਰਾਜ ਸਭਾ ਵਿੱਚ ਕਿਹਾ ਕਿ ਅੰਬੇਡਕਰ, ਅੰਬੇਡਕਰ ਕਰਨਾ ਫੈਸ਼ਨ ਹੋ ਗਿਆ ਹੈ, ਜੇ ਏਨਾ ਨਾਂਅ ਰੱਬ ਦਾ ਲੈਂਦੇ ਤਾਂ ਸੱਤ ਜਨਮਾਂ ਤੱਕ ਸਵਰਗ ਮਿਲ ਜਾਂਦਾ। ਇਹ ਬਿਆਨ ਦੱਸਦਾ ਹੈ ਕਿ ਰੱਬ ਦਾ ਵਾਰ-ਵਾਰ ਨਾਂਅ ਲੈਣ ਨਾਲ ਸਵਰਗ ਮਿਲਦਾ ਹੈ ਅਤੇ ਨਿਸਚਿਤ ਹੈ ਅੰਬੇਡਕਰ ਰੱਬ ਨਹੀਂ ਹਨ, ਪਰ ਸ਼ਾਹ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਡਾ. ਅੰਬੇਡਕਰ ਦਾ ਨਾਂਅ ਲੈਣਾ ਫੈਸ਼ਨ ਨਹੀਂ, ਜਿਨ੍ਹਾ ਉਹ ਸੰਵਿਧਾਨ ਲਿਖਿਆ, ਜਿਹੜਾ ਦੇਸ਼ ਦੇ ਦਲਿਤਾਂ, ਪਛੜਿਆਂ, ਆਦਿਵਾਸੀਆਂ ਤੇ ਇਸਤਰੀਆਂ ਦੇ ਇਤਿਹਾਸਕ ਉਭਾਰ ਦਾ ਕਾਰਨ ਬਣਿਆ। ਇਸ ਲਈ ਇਨ੍ਹਾਂ ਵਰਗਾਂ ਲਈ ਉਹ ਕਿਸੇ ਰੱਬ ਨਾਲੋਂ ਵਧ ਕੇ ਹਨ। ਇਸ ‘ਸਮਤਾਵਾਦੀ’ ਸੰਵਿਧਾਨ ਨਾਲ ਉਨ੍ਹਾਂ ਨੂੰ ਸਵਰਗ ਤਾਂ ਨਹੀਂ ਮਿਲਿਆ, ਪਰ ਧਰਤੀ ’ਤੇ ਮੌਜੂਦ ਸਮਾਜੀ ਨਾਬਰਾਬਰੀ ਦੇ ਨਰਕ ’ਚੋਂ ਨਿਕਲਣ ਦਾ ਰਾਹ ਜ਼ਰੂਰ ਮਿਲ ਗਿਆ। ਉਂਜ ਵੀ ਸ਼ਾਹ ਜਿਸ ਸਵਰਗ ਦੀ ਗੱਲ ਕਰ ਰਹੇ ਸਨ, ਉਸ ਲਈ ਮਰਨਾ ਜ਼ਰੂਰੀ ਹੈ, ਜਦਕਿ ਅੰਬੇਡਕਰ ਦਾ ਮਕਸਦ ਸ਼ੋਸ਼ਤਾਂ ਦੀ ਜ਼ਿੰਦਗੀ ਨੂੰ ਮਾਨਵੀ ਵੱਕਾਰ ਨਾਲ ਭਰਨਾ ਸੀ। ਸ਼ਾਹ ਜਿਸ ਰੱਬ ਵੱਲ ਇਸ਼ਾਰਾ ਕਰ ਰਹੇ ਹਨ, ਉਸ ਨੇ ਤਾਂ ਹਜ਼ਾਰਾਂ ਸਾਲ ਤੱਕ ਨਾਮ ਜਪਣ ਦੇ ਬਾਅਦ ਵੀ ਇਨ੍ਹਾਂ ਸ਼ੋਸ਼ਤ ਵਰਗਾਂ ਦਾ ਭਲਾ ਨਹੀਂ ਕੀਤਾ।
ਇੱਕ ਜ਼ਮਾਨੇ ਤੱਕ ਸੰਘ ਖੁੱਲ੍ਹ ਕੇ ਅੰਬੇਡਕਰ ਦੀ ਅਲੋਚਨਾ ਕਰਦਾ ਸੀ। ਹਿੰਦੂ ਕੋਡ ਨੂੰ ਲੈ ਕੇ ਉਸ ਨੇ ਦੇਸ਼-ਭਰ ’ਚ ਡਾ. ਅੰਬੇਡਕਰ ਦੇ ਪੁਤਲੇ ਵੀ ਫੂਕੇ ਸਨ ਤੇ ਇੱਕ ‘ਅਛੂਤ’ ਵੱਲੋਂ ਬਣਾਏ ਗਏ ਸੰਵਿਧਾਨ ਨੂੰ ਸਵੀਕਾਰ ਕਰਨ ਤੋਂ ਨਾਂਹ ਕਰ ਦਿੱਤੀ ਸੀ। ਡਾ. ਅੰਬੇਡਕਰ ਦੇ ਪੂਰੇ ਜੀਵਨ ਤੇ ਕਰਮ ਦਾ ਸੰਦੇਸ਼ ਉਸ ਹਿੰਦੂਤਵ ਦੇ ਦਰਸ਼ਨ ਤੋਂ ਪੂਰੀ ਤਰ੍ਹਾਂ ਉਲਟ ਹੈ, ਜਿਸ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਅਮਿਤ ਸ਼ਾਹ ਤੱਕ ਚਲਦੇ ਆ ਰਹੇ ਹਨ। ਅੰਬੇਡਕਰ ਨੂੰ ਪੂਜਣ ਦੀ ਥਾਂ ਪੜ੍ਹਨ ਵਾਲੇ ਇਸ ਹਕੀਕਤ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਕਿ ਦੋਹਾਂ ਵਿਚਾਲੇ ਕੋਈ ਸਮਝੌਤਾ ਨਹੀਂ ਹੋ ਸਕਦਾ। ਇਹ ਦੋ ਸੁਫਨਿਆਂ ਤੇ ਦੋ ਵਿਚਾਰਧਾਰਾਵਾਂ ਦਾ ਸੰਘਰਸ਼ ਹੈ, ਜਿਸ ਦਾ ਨਤੀਜਾ ਭਾਰਤ ਦੇ ਭਵਿੱਖ ਨੂੰ ਤੈਅ ਕਰੇਗਾ। ਸੱਤਾ ’ਤੇ ਕਬਜ਼ੇ ਲਈ ਬਹੁਮਤ ਪ੍ਰਾਪਤ ਕਰਨ ਤੇ ਬਹੁਮਤ ਜੁਟਾਉਣ ਲਈ ਦਲਿਤਾਂ ਤੇ ਪਛੜੇ ਵਰਗ ਦੇ ਸਮਰਥਨ ਦੀ ਮਜਬੂਰੀ ’ਚ ਪ੍ਰਧਾਨ ਮੰਤਰੀ ਦਲਿਤਾਂ ਦੇ ਪੈਰ ਜ਼ਰੂਰ ਧੋਂਦੇ ਹਨ, ਪਰ ਸੰਘ ਕੈਂਪ ਹਿੰਦੂ ਰਾਸ਼ਟਰ ਦੇ ਸੁਫਨੇ ਨੂੰ ਸਾਕਾਰ ਕਰਨ ਲਈ ਆਪਣੀ ਸੋਚ ਨੂੰ ਅੱਗੇ ਵਧਾਉਣ ਲਈ ਨਿਰੰਤਰ ਅੱਗੇ ਵਧ ਰਿਹਾ ਹੈ।