ਨਵੀਂ ਦਿੱਲੀ : ਸੰਸਦ ਦੇ ਬਾਹਰ ਵੀਰਵਾਰ ਹੁਕਮਰਾਨ ਤੇ ਵਿਰੋਧੀ ਮੈਂਬਰ ਧੱਕਾ-ਮੁੱਕੀ ਹੋ ਗਏ। ਭਾਜਪਾ ਦੇ ਮੈਂਬਰ ਪ੍ਰਤਾਪ ਚੰਦਰ ਸਾਰੰਗੀ ਨੇ ਦੋਸ਼ ਲਾਇਆ ਕਿ ਰਾਹੁਲ ਗਾਂਧੀ ਵੱਲੋਂ ਧੱਕਾ ਵੱਜਣ ਕਾਰਨ ਉਨ੍ਹਾ ਨੂੰ ਸੱਟ ਲੱਗੀ ਹੈ। ਜਦੋਂ ਉਹ ਪੌੜੀਆਂ ’ਤੇ ਖੜ੍ਹੇ ਸਨ ਇਕ ਹੋਰ ਸੰਸਦ ਮੈਂਬਰ ਉਨ੍ਹਾ ’ਤੇ ਡਿੱਗ ਗਿਆ, ਜਿਸ ਕਾਰਨ ਉਨ੍ਹਾ ਦੇ ਸਿਰ ’ਤੇ ਸੱਟ ਲੱਗ ਗਈ। ਭਾਜਪਾ ਨੇ ਕਿਹਾ ਕਿ ਪ੍ਰਤਾਪ ਸਾਰੰਗੀ ਤੋਂ ਇਲਾਵਾ ਮੁਕੇਸ਼ ਰਾਜਪੂਤ ਵੀ ਜ਼ਖਮੀ ਹੋਏ ਹਨ। ਸਾਰੰਗੀ ਦੇ ਮੱਥੇ ’ਤੇ ਦੋ ਟਾਂਕੇ ਲੱਗੇ ਹਨ, ਜਦਕਿ ਮੁਕੇਸ਼ ਰਾਜਪੂਤ ਦੇ ਸਿਰ ਵਿੱਚ ਵੀ ਸੱਟ ਲੱਗੀ ਹੈ। ਕਾਂਗਰਸ ਨੇ ਕਿਹਾ ਕਿ ਧੱਕੇ ਨਾਲ ਉਨ੍ਹਾ ਦੇ ਬਜ਼ੁਰਗ ਆਗੂ ਮਲਿਕਾਰਜੁਨ ਖੜਗੇ ਨੂੰ ਸੱਟ ਲੱਗੀ। ਦੋਵਾਂ ਧਿਰਾਂ ਨੇ ਇੱਕ-ਦੂਜੇ ਖਿਲਾਫ ਥਾਣੇ ਵਿੱਚ ਸ਼ਿਕਾਇਤ ਦਰਜ ਕਰਾਈ ਹੈ।
ਰਾਹੁਲ ਗਾਂਧੀ ਨੇ ਕਿਹਾ ਕਿ ਉਹ ਸੰਸਦ ਦੇ ਅੰਦਰ ਜਾਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਪ੍ਰਵੇਸ਼ ਦੁਆਰ ਨੇੜੇ ਪ੍ਰਦਰਸ਼ਨ ਕਰ ਰਹੇ ਭਾਜਪਾ ਸੰਸਦ ਮੈਂਬਰਾਂ ਨੇ ਉਨ੍ਹਾ ਨੂੰ ਧੱਕਾ ਦਿੱਤਾ ਅਤੇ ਧਮਕੀਆਂ ਦਿੱਤੀਆਂ। ਉਨ੍ਹਾ ਇਹ ਵੀ ਦੋਸ਼ ਲਾਇਆ ਕਿ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਵੀ ਧੱਕਾ ਦਿੱਤਾ ਗਿਆ। ਰਾਹੁਲ ਨੇ ਕਿਹਾਇਹ ਤੁਹਾਡੇ ਕੈਮਰੇ ’ਚ ਹੋ ਸਕਦਾ ਹੈ। ਮੈਂ ਸੰਸਦ ਦੇ ਪ੍ਰਵੇਸ਼ ਦੁਆਰ ਰਾਹੀਂ ਅੰਦਰ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਭਾਜਪਾ ਦੇ ਸੰਸਦ ਮੈਂਬਰ ਮੈਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਸਨ, ਮੈਨੂੰ ਧੱਕਾ ਅਤੇ ਧਮਕੀਆਂ ਦੇ ਰਹੇ ਸਨ। ਖੜਗੇ ਜੀ ਨੂੰ ਧੱਕਾ ਦਿੱਤਾ ਜਾ ਰਿਹਾ ਸੀ, ਪਰ ਅਸੀਂ ਧੱਕਾ-ਮੁੱਕੀ ਨਾਲ ਪ੍ਰਭਾਵਤ ਨਹੀਂ ਹੋਵਾਂਗੇ, ਸਾਨੂੰ ਅੰਦਰ ਜਾਣ ਦਾ ਅਧਿਕਾਰ ਹੈ। ਭਾਜਪਾ ਦੇ ਸੰਸਦ ਮੈਂਬਰ ਸਾਨੂੰ ਅੰਦਰ ਜਾਣ ਤੋਂ ਰੋਕਣ ਦੀ ਕੋਸ਼ਿਸ਼ ਕਰ ਰਹੇ ਸਨ। ਕੇਂਦਰੀ ਮੁੱਦਾ ਇਹ ਹੈ ਕਿ ਭਾਜਪਾ ਸੰਵਿਧਾਨ ’ਤੇ ਹਮਲਾ ਕਰ ਰਹੀ ਹੈ ਅਤੇ ਅੰਬੇਡਕਰ ਦੀ ਯਾਦ ਦਾ ਅਪਮਾਨ ਕਰ ਰਹੀ ਹੈ। ਰਾਹੁਲ ਨੇ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ ਮੋਦੀ ਦੇ ਦੋਸਤ ਗੌਤਮ ਅਡਾਨੀ ਖਿਲਾਫ ਅਮਰੀਕਾ ਵਿੱਚ ਕਾਨੂੰਨੀ ਕਾਰਵਾਈ ਤੋਂ ਧਿਆਨ ਹਟਾਉਣ ਲਈ ਭਾਜਪਾ ਨੇ ਸਭ ਕੁਝ ਕੀਤਾ ਹੈ।
ਪਿ੍ਰਅੰਕਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰਾਹੁਲ ’ਤੇ ਭਾਜਪਾ ਸਾਂਸਦ ਨੂੰ ਧੱਕਾ ਮਾਰਨ ਦੇ ਦੋਸ਼ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਚਮੜੀ ਬਚਾਉਣ ਦੀ ਸਾਜ਼ਿਸ਼ ਹੈ। ਉਸ ਨੇ ਦੋਸ਼ ਲਾਇਆ ਕਿ ਆਪੋਜ਼ੀਸ਼ਨ ਦੇ ਪੁਰਅਮਨ ਪ੍ਰੋਟੈਸਟ ਕਰ ਰਹੇ ਮੈਂਬਰਾਂ ਨੂੰ ਸੰਸਦ ਵਿੱਚ ਦਾਖਲ ਹੋਣ ਤੋਂ ਰੋਕਣ ਲਈ ਭਾਜਪਾ ਸਾਂਸਦਾਂ ਨੇ ਗੁੰਡਾਗਰਦੀ ਕੀਤੀ। ਰਾਹੁਲ ਅੰਬੇਡਕਰ ਦੀ ਤਸਵੀਰ ਹੱਥ ਵਿੱਚ ਲੈ ਕੇ ਤੇ ਜੈ ਭੀਮ ਦੇ ਨਾਅਰੇ ਲਾਉਦੇ ਸੰਸਦ ਦੇ ਅੰਦਰ ਜਾ ਰਹੇ ਸਨ, ਪਰ ਉਨ੍ਹਾ ਨੂੰ ਰੋਕ ਦਿੱਤਾ ਗਿਆ। ਉਸ ਨੇ ਕਿਹਾਅਸੀਂ ਕਈ ਦਿਨਾਂ ਤੋਂ ਪ੍ਰੋਟੈਸਟ ਕਰ ਰਹੇ ਹਾਂ ਤੇ ਹਮੇਸ਼ਾ ਲੋਕਾਂ ਨੂੰ ਅੰਦਰ ਜਾਣ ਲਈ ਥਾਂ ਹੁੰਦੀ ਹੈ। ਅੱਜ ਪਹਿਲੀ ਵਾਰ ਭਾਜਪਾ ਸਾਂਸਦਾਂ ਨੇ ਪ੍ਰੋਟੈਸਟ ਕੀਤਾ ਤੇ ਹਰ ਕਿਸੇ ਨੂੰ ਅੰਦਰ ਜਾਣ ਤੋਂ ਰੋਕਿਆ ਅਤੇ ਧੱਕੇ ਮਾਰੇ ਤੇ ਗੁੰਡਾਗਰਦੀ ਦਿਖਾਈ। ਅਮਿਤ ਸ਼ਾਹ ਦੀ ਚਮੜੀ ਬਚਾਉਣ ਲਈ ਕਹਿ ਰਹੇ ਹਨ ਕਿ ਭਈਆ (ਰਾਹੁਲ) ਨੇ ਧੱਕਾ ਦਿੱਤਾ। ਮੈਂ ਖੁਦ ਦੇਖਿਆ, ਖੜਗੇ ਜੀ ਨੂੰ ਧੱਕਾ ਦਿੱਤਾ ਗਿਆ ਤੇ ਉਹ ਡਿੱਗ ਪਏ। ਫਿਰ ਉਨ੍ਹਾਂ ਸੀ ਪੀ ਆਈ (ਐੱਮ) ਦੇ ਸਾਂਸਦ ਨੂੰ ਧੱਕਾ ਮਾਰਿਆ ਤੇ ਉਹ ਖੜਗੇ ਜੀ ਉੱਪਰ ਡਿੱਗ ਪਏ। ਮੈਂ ਸੋਚਿਆ ਕਿ ਉਨ੍ਹਾ ਦੀ ਲੱਤ ਟੁੱਟ ਗਈ, ਕਿਉਕਿ ਉਨ੍ਹਾ ਦੇ ਚਿਹਰੇ ਤੋਂ ਇੰਜ ਲੱਗਿਆ। 82 ਸਾਲਾ ਖੜਗੇ ਜੀ ਨੂੰ ਬਿਠਾਉਣ ਲਈ ਕੁਰਸੀ ਮੰਗਾਉਣੀ ਪਈ। ਪਿ੍ਰਅੰਕਾ ਨੇ ਕਿਹਾਜਿਹੜੇ ਸਾਨੂੰ ਜੈ ਭੀਮ ਕਹਿਣ ਤੋਂ ਰੋਕ ਰਹੇ ਹਨ, ਉਹ ਖੁਦ ਜੈ ਭੀਮ ਕਿਉ ਨਹੀਂ ਕਹਿੰਦੇ।
ਮਾਇਆਵਤੀ ਨੇ ਸ਼ਾਹ ਦੇ ਨਾਲ-ਨਾਲ ਕਾਂਗਰਸ ਨੂੰ ਵੀ ਕੋਸਿਆ
ਲਖਨਊ : ਬਸਪਾ ਸੁਪਰੀਮੋ ਕੁਮਾਰੀ ਮਾਇਆਵਤੀ ਨੇ ਵੀਰਵਾਰ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਬੀ ਆਰ ਅੰਬੇਡਕਰ ਬਾਰੇ ਕੀਤੀ ਆਪਣੀ ਹਾਲੀਆ ਟਿੱਪਣੀ ਵਾਪਸ ਲੈਣੀ ਚਾਹੀਦੀ ਹੈ, ਕਿਉਂਕਿ ਇਸ ਟਿੱਪਣੀ ਨਾਲ ਬਾਬਾ ਸਾਹਿਬ ਦੀ ਹੇਠੀ ਹੋਈ ਹੈ। ਬੀਬੀ ਮਾਇਆਵਤੀ ਨੇ ਪ੍ਰੈੱਸ ਕਾਨਫਰੰਸ ’ਚ ਕਿਹਾਅਮਿਤ ਸ਼ਾਹ ਨੂੰ ਛੇਤੀ ਤੋਂ ਛੇਤੀ ਸ਼ਬਦ ਵਾਪਸ ਲੈਣੇ ਚਾਹੀਦੇ ਹਨ, ਨਹੀਂ ਤਾਂ ਉਨ੍ਹਾ ਦੇ ਪੈਰੋਕਾਰ ਇਸ ਘਟਨਾ ਨੂੰ ਕਦੇ ਨਹੀਂ ਭੁੱਲ ਸਕਣਗੇ ਅਤੇ ਨਾ ਹੀ ਉਹ ਉਨ੍ਹਾ ਨੂੰ ਕਦੇ ਮੁਆਫ ਕਰ ਸਕਣਗੇ। ਮਾਇਆਵਤੀ ਨੇ ਇਹ ਵੀ ਕਿਹਾ ਕਿ ਅੰਬੇਡਕਰ ਦੇ ਪੈਰੋਕਾਰ ਅਜੇ ਤੱਕ ਬਾਬਾ ਸਾਹਿਬ ਵਿਰੁੱਧ ਕਾਂਗਰਸ ਪਾਰਟੀ ਦੇ ਅਣਗਿਣਤ ਕੁਕਰਮਾਂ ਨੂੰ ਨਹੀਂ ਭੁਲਾ ਸਕੇ। ਉਹ ਕਾਂਗਰਸ ਨੂੰ ਕਦੇ ਵੀ ਮੁਆਫ ਨਹੀਂ ਕਰਨ ਵਾਲੇ, ਭਾਵੇਂ ਉਹ ਆਪਣੀ ਸ਼ੈਲੀ ਅਤੇ ਆਚਰਨ ਆਦਿ ਕਿੰਨਾ ਵੀ ਬਦਲ ਲਵੇ।
…ਤਾਂ ਸ਼ਾਹ ਕਬਾੜੀਏ ਹੁੰਦੇ!
ਬੇਲਾਗਵੀ : ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰਮਈਆ ਨੇ ਕਿਹਾ ਹੈ ਕਿ ਜੇ ਅੰਬੇਡਕਰ ਦਾ ਸੰਵਿਧਾਨ ਨਾ ਹੁੰਦਾ ਤਾਂ ਅਮਿਤ ਸ਼ਾਹ ਗ੍ਰਹਿ ਮੰਤਰੀ ਦੀ ਥਾਂ ਆਪਣੇ ਪਿੰਡ ਵਿੱਚ ‘ਗੁਜਾਰੀ’ (ਕਬਾੜੀਆ) ਹੁੰਦੇ। ਉਨ੍ਹਾ ਅਸੰਬਲੀ ਵਿੱਚ ਕਿਹਾ ਕਿ ਸ਼ਾਹ ਨੇ ਅੰਬੇਡਕਰ ਬਾਰੇ ਟਿੱਪਣੀ ਕਰਕੇ ਭਾਜਪਾ ਦੀ ਸੋਚ ਪ੍ਰਦਰਸ਼ਤ ਕੀਤੀ ਹੈ।