ਫਗਵਾੜਾ : ਵੀਰਵਾਰ ਦੇਰ ਰਾਤ ਇੱਥੇ ਨੈਸ਼ਨਲ ਹਾਈਵੇ ’ਤੇ ਸ਼ੂਗਰ ਮਿੱਲ ਚੌਕ ਨੇੜੇ ਟਰੈਕਟਰ-ਟਰਾਲੀ ਨਾਲ ਟੈਕਸੀ ਦੇ ਟਕਰਾਉਣ ਕਾਰਨ ਆਸਟ੍ਰੇਲੀਆ ਵਾਸੀ ਦਿਲਪ੍ਰੀਤ ਸਿੰਘ (28) ਲੁਧਿਆਣਾ ਅਤੇ ਟੈਕਸੀ ਡਰਾਈਵਰ ਯੁਵਰਾਜ ਮਸੀਹ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਗੁਰਿੰਦਰ ਕੌਰ (ਦਿਲਪ੍ਰੀਤ ਦੀ ਮਾਤਾ) ਗੰਭੀਰ ਜ਼ਖਮੀ ਹੋ ਗਈ। ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਗੁਰਿੰਦਰ ਕੌਰ ਤੇ ਬੇਟਾ ਦਿਲਪ੍ਰੀਤ ਆਸਟਰੇਲੀਆ ਤੋਂ ਆਉਦਿਆਂ ਅੰਮਿ੍ਰਤਸਰ ਹਵਾਈ ਅੱਡੇ ’ਤੇ ਉਤਰਨ ਤੋਂ ਬਾਅਦ ਟੈਕਸੀ ’ਚ ਲੁਧਿਆਣਾ ਆ ਰਹੇ ਸਨ, ਇਸ ਦੌਰਾਨ ਟੈਕਸੀ ਗੰਨੇ ਨਾਲ ਭਰੀ ਟਰੈਕਟਰ-ਟਰਾਲੀ, ਜੋ ਕਿ ਰਿਫਲੈਕਟਰ ਤੋਂ ਬਿਨਾਂ ਚੱਲ ਰਹੀ ਸੀ, ਨਾਲ ਜਾ ਟਕਰਾਈ। ਘਟਨਾ ਉਪਰੰਤ ਟਰੈਕਟਰ ਚਾਲਕ ਖੂਨ ਨਾਲ ਲੱਥਪੱਥ ਜ਼ਖਮੀਆਂ ਨੂੰ ਪਿੱਛੇ ਛੱਡ ਕੇ ਭੱਜ ਗਿਆ। ਜਾਂਚ ਅਧਿਕਾਰੀ ਜਤਿੰਦਰ ਸਿੰਘ ਨੇ ਦੱਸਿਆ ਕਿ ਕੇਸ ਦਰਜ ਕਰਕੇ ਟਰੈਕਟਰ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ।