ਸ੍ਰੀਨਗਰ : ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਸ਼ੋਪੀਆਂ ’ਚ ਕਸ਼ਮੀਰੀ ਪੰਡਤ ਦੀ ਹੱਤਿਆ ਕਰਨ ਵਾਲੇ ਦਹਿਸ਼ਤਗਰਦ ਆਦਿਲ ਵਾਨੀ ਦੇ ਘਰ ਨੂੰ ਕੁਰਕ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ, ਜਦਕਿ ਉਸ ਨੂੰ ਪਨਾਹ ਦੇਣ ਦੇ ਦੋਸ਼ ’ਚ ਉਸ ਦੇ ਪਿਤਾ ਅਤੇ ਤਿੰਨ ਭਰਾਵਾਂ ਨੂੰ ਗਿ੍ਰਫਤਾਰ ਕਰ ਲਿਆ ਹੈ। ਪੁਲਸ ਨੇ ਦੱਸਿਆ ਕਿ ਆਦਿਲ ਵਾਨੀ ਨੇ ਮੰਗਲਵਾਰ ਨੂੰ ਸ਼ੋਪੀਆਂ ਪਿੰਡ ਦੇ ਬਾਗ ’ਚ ਸੁਨੀਲ ਕੁਮਾਰ ਭੱਟ ਦੀ ਹੱਤਿਆ ਕਰ ਦਿੱਤੀ ਸੀ ਅਤੇ ਬਾਅਦ ਵਿਚ ਕੁਟਪੋਰਾ ਸਥਿਤ ਆਪਣੇ ਘਰ ’ਚ ਲੁਕ ਗਿਆ ਸੀ। ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰ ਕੇ ਤਲਾਸ਼ੀ ਮੁਹਿੰਮ ਚਲਾਈ ਪਰ ਵਾਨੀ ਪੁਲਸ ਪਾਰਟੀ ’ਤੇ ਗ੍ਰਨੇਡ ਸੁੱਟ ਕੇ ਹਨੇਰੇੇ ’ਚ ਫਰਾਰ ਹੋ ਗਿਆ। ਉਹ ਪਾਬੰਦੀਸ਼ੁਦਾ ਗਰੁੱਪ ਅਲ-ਬਦਰ ਦਾ ਮੈਂਬਰ ਹੈ।