ਜੈਸਲਮੇਰ : ਜੀ ਐੱਸ ਟੀ ਕੌਂਸਲ ਦੀ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਪ੍ਰਧਾਨਗੀ ਹੇਠ ਸਨਿੱਚਰਵਾਰ ਇੱਥੇ ਹੋਈ ਮੀਟਿੰਗ ’ਚ ਪੌਪਕੌਰਨ ਨੂੰ ਜੀ ਐੱਸ ਟੀ ਦੇ ਦਾਇਰੇ ’ਚ ਲਿਆਂਦਾ ਗਿਆ। ਹੁਣ ਰੈਡੀ ਟੂ ਈਟ ਪੌਪਕੌਰਨ ’ਤੇ ਵੀ ਜੀ ਐੱਸ ਟੀ ਲਗਾਇਆ ਜਾਵੇਗਾ।
ਮੀਟਿੰਗ ’ਚ ਜੀਵਨ ਅਤੇ ਸਿਹਤ ਬੀਮਾ ਪਾਲਿਸੀਆਂ ਦੇ ਪ੍ਰੀਮੀਅਮ ’ਤੇ ਟੈਕਸ ਘਟਾਉਣ ਦਾ ਫੈਸਲਾ ਟਾਲ ਦਿੱਤਾ ਗਿਆ। ਫੈਸਲਾ ਕੀਤਾ ਗਿਆ ਕਿ ਇਸ ਸੰਬੰਧ ਵਿੱਚ ਕੁਝ ਹੋਰ ਤਕਨੀਕੀ ਪਹਿਲੂਆਂ ਵੱਲ ਧਿਆਨ ਦੇਣ ਦੀ ਲੋੜ ਹੈ, ਇਸ ਲਈ ਇਸ ਬਾਰੇ ਹੋਰ ਵਿਚਾਰ ਕਰਨ ਦਾ ਕੰਮ ਜੀ ਓ ਐੱਮ (ਮੰਤਰੀਆਂ ਦੇ ਸਮੂਹ) ਨੂੰ ਸੌਂਪਿਆ ਜਾਵੇਗਾ। ਬਿਹਾਰ ਦੇ ਉਪ ਮੁੱਖ ਮੰਤਰੀ ਸਮਰਾਟ ਚੌਧਰੀ ਨੇ ਇਸ ਸੰਬੰਧ ਵਿਚ ਕਿਹਾ ਕਿ ਪਾਲਿਸੀਆਂ ਦੇ ਪ੍ਰੀਮੀਅਮ ’ਤੇ ਜੀ ਐੱਸ ਟੀ ਲਗਾਉਣ ਦਾ ਫੈਸਲਾ ਜੀ ਓ ਐੱਮ ਦੀ ਮੀਟਿੰਗ ਤੋਂ ਬਾਅਦ ਲਿਆ ਜਾਵੇਗਾ। ਜੀ ਓ ਐੱਮ ਦੇ ਮੈਂਬਰਾਂ ਵਿਚਾਲੇ ਮਤਭੇਦ ਹੋਣ ਕਾਰਨ ਫੈਸਲੇ ’ਚ ਦੇਰੀ ਹੋਈ। ਉਨ੍ਹਾ ਕਿਹਾ ਕਿ ਬੀਮੇ ’ਤੇ ਜੀ ਐੱਸ ਟੀ ਬਾਰੇ ਮੰਤਰੀ ਸਮੂਹ ਦੀ ਅਗਲੀ ਮੀਟਿੰਗ ਜਨਵਰੀ ’ਚ ਹੋ ਸਕਦੀ ਹੈ।