ਨਵੀਂ ਦਿੱਲੀ : ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਮਦਨ ਬੀ ਲੋਕੁਰ ਨੂੰ ਸੰਯੁਕਤ ਰਾਸ਼ਟਰ ਇੰਟਰਨਲ ਜਸਟਿਸ ਕੌਂਸਲ (ਯੂ ਐੱਨ ਆਈ ਜੇ ਸੀ) ਦਾ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ। ਇਸ ਕੌਂਸਲ ਵਿਚ ਕੁੱਲ ਆਲਮ ਦੇ ਨਾਮਵਰ ਜੱਜਾਂ/ਵਕੀਲਾਂ ਨੂੰ ਚਾਰ ਸਾਲ ਦੇ ਅਰਸੇ ਲਈ ਸ਼ਾਮਲ ਕੀਤਾ ਜਾਂਦਾ ਹੈ। ਕੌਂਸਲ ਦੇ ਹੋਰਨਾਂ ਮੈਂਬਰਾਂ ਵਿਚ ਸ੍ਰੀਮਤੀ ਕਾਰਮੇਨ ਆਰਟੀਗਸ (ਉਰੂਗੁਏ), ਸ੍ਰੀਮਤੀ ਰੋਜ਼ਾਲੀ ਬਾਲਕਿਨ (ਆਸਟ੍ਰੇਲੀਆ), ਸਟੀਫਨ ਬ੍ਰੇਜ਼ੀਨਾ (ਆਸਟ੍ਰੀਆ) ਅਤੇ ਜੇ ਪੋਜਨੇਲ (ਅਮਰੀਕਾ) ਸ਼ਾਮਲ ਹਨ। ਸਾਲ 2019 ’ਚ ਜਸਟਿਸ ਲੋਕੁਰ ਨੂੰ ਫਿਜ਼ੀ ਦੀ ਸੁਪਰੀਮ ਕੋਰਟ ’ਚ ਗੈਰ-ਨਿਵਾਸੀ ਪੈਨਲ ਦੇ ਜੱਜ ਵਜੋਂ ਨਿਯੁਕਤ ਕੀਤਾ ਗਿਆ ਸੀ। ਉਹ ਪਹਿਲੇ ਭਾਰਤੀ ਜੱਜ ਸਨ, ਜਿਨ੍ਹਾ ਨੂੰ ਕਿਸੇ ਹੋਰ ਦੇਸ਼ ਦੀ ਸੁਪਰੀਮ ਕੋਰਟ ਵਿੱਚ ਜੱਜ ਵਜੋਂ ਨਿਯੁਕਤ ਕੀਤਾ ਗਿਆ ਸੀ।