ਦੁਬਈ : ਅਮਰੀਕੀ ਜਲ ਸੈਨਾ ਦੇ ਜੰਗੀ ਸਮੁੰਦਰੀ ਜਹਾਜ਼ ਨੇ ਗਲਤੀ ਨਾਲ ਐੱਫ/ ਏ-18 ਜੰਗੀ ਹਵਾਈ ਜਹਾਜ਼ ਨੂੰ ਡੇਗ ਦਿੱਤਾ, ਜਿਸ ’ਚ ਦੋ ਪਾਇਲਟ ਸਵਾਰ ਸਨ। ਅਮਰੀਕੀ ਫੌਜ ਨੇ ਦੱਸਿਆ ਕਿ ਦੋਵੇਂ ਪਾਇਲਟ ਜਿਊਂਦੇ ਹਨ ਅਤੇ ਇਕ ਪਾਇਲਟ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਹ ਘਟਨਾ ਇਸ ਗੱਲ ਨੂੰ ਜ਼ਾਹਰ ਕਰਦੀ ਹੈ ਕਿ ਇਸ ਖੇਤਰ ’ਚ ਅਮਰੀਕੀ ਅਤੇ ਯੂਰਪੀ ਫੌਜੀ ਗੱਠਜੋੜ ਦੀ ਗਸ਼ਤ ਦੇ ਬਾਵਜੂਦ ਹੂਤੀ ਵਿਦਰੋਹੀਆਂ ਵੱਲੋਂ ਸਮੁੰਦਰੀ ਜਹਾਜ਼ਾਂ ’ਤੇ ਲਗਾਤਾਰ ਹਮਲੇ ਕੀਤੇ ਜਾਣ ਕਰ ਕੇ ਲਾਲ ਸਾਗਰ ਲਾਂਘਾ ਕਿੰਨਾ ਖਤਰਨਾਕ ਹੋ ਗਿਆ ਹੈ। ਜਹਾਜ਼ ਨੂੰ ਮਾਰ ਡੇਗਣ ਦੀ ਇਹ ਘਟਨਾ ਉਸ ਸਮੇਂ ਵਾਪਰੀ, ਜਦੋਂ ਅਮਰੀਕੀ ਫੌਜ ਨੇ ਯਮਨ ਦੇ ਹੂਤੀ ਵਿਦਰੋਹੀਆਂ ਨੂੰ ਨਿਸ਼ਾਨਾ ਬਣਾ ਕੇ ਹਵਾਈ ਹਮਲੇ ਕੀਤੇ ਸਨ। ਅਮਰੀਕੀ ਫੌਜ ਦੀ ਸੈਂਟਰਲ ਕਮਾਂਡ ਨੇ ਇਹ ਨਹੀਂ ਦੱਸਿਆ ਕਿ ਇਹ ਘਟਨਾ ਕਿਸ ਮਿਸ਼ਨ ਦੌਰਾਨ ਹੋਈ।