ਚੰਡੀਗੜ੍ਹ : ਸਥਾਨਕ ਨਗਰ ਨਿਗਮ ਦੇ ਹਾਊਸ ਦੀ ਮੰਗਲਵਾਰ ਮੀਟਿੰਗ ਸ਼ੁਰੂ ਹੁੰਦਿਆਂ ਹੀ ਜ਼ੋਰਦਾਰ ਹੰਗਾਮਾ ਹੋ ਗਿਆ, ਜਦੋਂ ‘ਇੰਡੀਆ’ ਗੱਠਜੋੜ ਦੇ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਨਾਲ ਸੰਬੰਧਤ ਕੌਂਸਲਰਾਂ ਨੇ ਸੰਸਦ ’ਚ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ’ਤੇ ਕੀਤੀ ਗਈ ਟਿੱਪਣੀ ਅਤੇ ਚੰਡੀਗੜ੍ਹ ’ਚ ਬਿਜਲੀ ਦੇ ਨਿੱਜੀਕਰਨ ਸੰਬੰਧੀ ਪਾਸ ਕੀਤੇ ਮਤੇ ਨੂੰ ਲੈ ਕੇ ਮੋਦੀ ਸਰਕਾਰ ਅਤੇ ਭਾਜਪਾ ਖਿਲਾਫ ਨਾਅਰੇਬਾਜ਼ੀ ਕੀਤੀ।
ਕਾਂਗਰਸ ਦੇ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਨੇ ਇਸ ਸਾਲ ਮੇਅਰ ਚੋਣਾਂ ’ਚ ਚੋਣ ਅਧਿਕਾਰੀ ਬਣਾਏ ਗਏ ਨਾਮਜ਼ਦ ਕੌਂਸਲਰ ਅਨਿਲ ਮਸੀਹ ’ਤੇ ਲੱਗੇ ਦੋਸ਼ਾਂ ਸੰਬੰਧੀ ਸਦਨ ’ਚ ਇੱਕ ਸੋਸ਼ਲ ਮੀਡੀਆ ਪੋਸਟ ਦਿਖਾਈ। ਇਸ ਦੌਰਾਨ ਨਾਮਜ਼ਦ ਕੌਂਸਲਰ ਸਤਿੰਦਰ ਸਿੰਘ ਸਿੱਧੂ ਨੇ ‘ਆਪ’ ਮੁਖੀ ਅਰਵਿੰਦ ਕੇਜਰੀਵਾਲ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਕੇਜਰੀਵਾਲ ਦੀ ਪੂਰੀ ਟੀਮ ਹੀ ਚੋਰ ਹੈ, ਤਕਰੀਬਨ ਸਾਰੇ ਆਗੂ ਜ਼ਮਾਨਤ ’ਤੇ ਹਨ, ਇਸ ਲਈ ਉਹ ਦੂਜਿਆਂ ’ਤੇ ਦੋਸ਼ ਕਿਵੇਂ ਲਗਾ ਸਕਦੇ ਹਨ। ਦੂਜੇ ਪਾਸੇ ਭਾਜਪਾ ਕੌਂਸਲਰ ਕੁਲਦੀਪ ਸਿੰਘ ਸੰਧੂ ਅਤੇ ਗੁਰਪ੍ਰੀਤ ਸਿੰਘ ਗਾਬੀ ਵਿਚਕਾਰ ਤਿੱਖੀ ਬਹਿਸ ਹੋਈ ਅਤੇ ਕੁਲਜੀਤ ਸਿੰਘ ਸੰਧੂ ਨੇ ਗਾਬੀ ਦੇ ਹੱਥ ’ਚ ਫੜਿਆ ਪੋਸਟਰ ਪਾੜ ਦਿੱਤਾ, ਜਿਸ ਤੋਂ ਬਾਅਦ ਹੰਗਾਮਾ ਹੋ ਗਿਆ ਅਤੇ ਕਾਫੀ ਦੇਰ ਤੱਕ ਭਾਰੀ ਸ਼ੋਰ-ਸ਼ਰਾਬਾ ਹੁੰਦਾ ਰਿਹਾ। ਸਥਿਤੀ ਕਾਬੂ ਤੋਂ ਬਾਹਰ ਹੁੰਦੀ ਦੇਖ ਕੇ ਮੇਅਰ ਕੁਲਦੀਪ ਕੁਮਾਰ ਨੇ ਸਦਨ ਦੀ ਮੀਟਿੰਗ 10 ਮਿੰਟ ਲਈ ਮੁਲਤਵੀ ਕਰ ਦਿੱਤੀ।