ਜੱਗੂ ਗੈਂਗ ਦਾ ਗੈਂਗਸਟਰ ਗੋਲੀਬਾਰੀ ’ਚ ਜ਼ਖਮੀ

0
152

ਜਲੰਧਰ (ਸ਼ੈਲੀ ਐਲਬਰਟ, ਇਕਬਾਲ ਸਿੰਘ ਉੱਭੀ, ਰਵਿੰਦਰ ਸੱਭਰਵਾਲ)
ਜੱਗੂ ਭਗਵਾਨਪੁਰੀਆ ਗੈਂਗ ਦਾ ਇੱਕ ਖੌਫਨਾਕ ਗੈਂਗਸਟਰ ਜ਼ਖਮੀ ਹੋ ਗਿਆ, ਜਦੋਂ ਉਸ ਨੇ ਭਾਰੀ ਮਾਤਰਾ ਵਿੱਚ ਹਥਿਆਰ ਲੈ ਕੇ ਪੁਲਸ ਹਿਰਾਸਤ ਵਿੱਚੋਂ ਭੱਜਣ ਦੀ ਕੋਸ਼ਿਸ਼ ਕੀਤੀ।ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਸ਼ਹਿਰ ਵਾਸੀ ਵਿਵੇਕ ਮੱਟੂ ਉਰਫ਼ ਬਾਦਲ ਪੁੱਤਰ ਮਰਹੂਮ ਜਸਵੀਰ ਮੱਟੂ ਵਾਸੀ ਪੱਤੀ ਬੜੀ, ਜੰਡਿਆਲਾ ’ਤੇ ਦੋ ਗੈਂਗਸਟਰਾਂ ਮਨਜੀਤ ਸਿੰਘ ਅਤੇ ਅਮਨਦੀਪ ਸਿੰਘ ਨੇ ਹਮਲਾ ਕੀਤਾ ਸੀ। ਬਦਨਾਮ ਜੱਗੂ ਭਗਵਾਨਪੁਰੀਆ ਗੈਂਗ ਦੇ ਦੋਨੋਂ ਗੈਂਗਸਟਰਾਂ ਨੇ ਵਿਵੇਕ ’ਤੇ ਗੋਲੀਆਂ ਚਲਾ ਦਿੱਤੀਆਂ ਸਨ, ਜਿਸ ਨਾਲ ਉਹ ਜ਼ਖਮੀ ਹੋ ਗਿਆ ਸੀ। ਥਾਣਾ ਸਦਰ ਜਲੰਧਰ ’ਚ ਕੇਸ ਦਰਜ ਕੀਤਾ ਗਿਆ ਸੀ।ਪੁਲਸ ਕਮਿਸ਼ਨਰ ਨੇ ਦੱਸਿਆ ਕਿ ਪੁਲਸ ਵੱਲੋਂ ਦੋਵਾਂ ਮੁਲਜ਼ਮਾਂ ਨੂੰ ਗਿ੍ਰਫ਼ਤਾਰ ਕਰਨ ਤੋਂ ਬਾਅਦ ਇੱਕ ਹੋਰ ਮੁਲਜ਼ਮ ਦਵਿੰਦਰਪਾਲ ਸਿੰਘ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ। ਉਨ੍ਹਾ ਦੱਸਿਆ ਕਿ ਮਨਜੀਤ ਸਿੰਘ ਅਤੇ ਅਮਨਦੀਪ ਸਿੰਘ ਵੱਲੋਂ ਦਿੱਤੀ ਸੂਚਨਾ ’ਤੇ ਇੱਕ ਆਈ ਐੱਮ ਐੱਮ ਪਿਸਤੌਲ ਸਮੇਤ ਤਿੰਨ ਆਈ ਐੱਮ ਐੱਮ ਕਾਰਤੂਸ ਬਰਾਮਦ ਹੋਏ।ਇਹ ਅਪਰਾਧੀ ਕਤਲ, ਧਮਕੀਆਂ, ਫਿਰੌਤੀ ਅਤੇ ਹੋਰ ਕਈ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਸਨ। ਪੁਲਸ ਕਮਿਸ਼ਨਰ ਨੇ ਦੱਸਿਆ ਕਿ ਮਨਜੀਤ ਸਿੰਘ ਨੇ ਸਦਰ ਇਲਾਕੇ ’ਚ ਇੱਕ ਐੱਚ ਪੀ ਪੈਟਰੋਲ ਪੰਪ ਅਤੇ ਨਾਲ ਲੱਗਦੇ ਖਾਲੀ ਪਲਾਟ ਨੇੜੇ ਵਾਧੂ ਹਥਿਆਰਾਂ ਦੀ ਮੌਜੂਦਗੀ ਦਾ ਖੁਲਾਸਾ ਕੀਤਾ ਸੀ। ਉਨ੍ਹਾ ਦੱਸਿਆ ਕਿ ਜਦੋਂ ਪੁਲਸ ਪਾਰਟੀ ਉਨ੍ਹਾਂ ਨੂੰ ਮੌਕੇ ’ਤੇ ਲੈ ਕੇ ਗਈ ਤਾਂ ਮਨਜੀਤ ਸਿੰਘ ਨੇ ਪੁਲਸ ਪਾਰਟੀ ’ਤੇ ਲੁਕਾਏ ਹਥਿਆਰਾਂ ਨਾਲ ਗੋਲੀਆਂ ਚਲਾ ਦਿੱਤੀਆਂ।
ਸਵੈ-ਰੱਖਿਆ ਵਿੱਚ ਪੁਲਸ ਨੇ ਜਵਾਬੀ ਕਾਰਵਾਈ ਕੀਤੀ, ਜਿਸ ਦੇ ਨਤੀਜੇ ਵਜੋਂ ਮੁਕਾਬਲੇ ਦੌਰਾਨ ਲਗਭਗ 15 ਰੌਂਦ ਦਾ ਅਦਾਨ-ਪ੍ਰਦਾਨ ਹੋਇਆ। ਇਸ ਦੌਰਾਨ ਮੁਲਜ਼ਮ ਜ਼ਖ਼ਮੀ ਹੋ ਗਿਆ। ਪੁਲਸ ਨੇ ਅੱਠ ਰੌਂਦ ਸਮੇਤ ਪੰਜ ਵਾਧੂ 32 ਬੋਰ ਦੇ ਹਥਿਆਰ ਬਰਾਮਦ ਕੀਤੇ ਹਨ।