ਬੀਜਿੰਗ : ਚੀਨ ਨੇ ਭਾਰਤੀ ਸਰਹੱਦ ਨੇੜੇ ਤਿੱਬਤ ’ਚ ਬ੍ਰਹਮਪੁੱਤਰ ਦਰਿਆ ਉੱਤੇ 137 ਅਰਬ ਡਾਲਰ ਨਾਲ ਦੁਨੀਆ ਦੇ ਸਭ ਤੋਂ ਵੱਡੇ ਡੈਮ ਦੀ ਉਸਾਰੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਰਿਪੇਰੀਅਨ ਦੇਸ਼ਾਂ ਭਾਰਤ ਤੇ ਬੰਗਲਾਦੇਸ਼ ਦੀ ਚਿੰਤਾ ਵਧ ਗਈ ਹੈ। ਸਰਕਾਰੀ ਚੀਨੀ ਖਬਰ ਏਜੰਸੀ ਸਿਨਹੂਆ ਮੁਤਾਬਕ ਚੀਨ ਸਰਕਾਰ ਨੇ ਯਾਰਲੰਗ ਜ਼ੰਗਬੂ ਦਰਿਆ (ਬ੍ਰਹਮਪੁੱਤਰ ਦਾ ਤਿੱਬਤੀ ਨਾਂਅ) ’ਤੇ ਡੈਮ ਬਣਾਉਣ ਨੂੰ ਮਨਜ਼ੂਰੀ ਦਿੱਤੀ ਹੈ। ਇਹ ਡੈਮ ਉੱਥੇ ਬਣੇਗਾ, ਜਿੱਥੋਂ ਬ੍ਰਹਮਪੁੱਤਰ ਯੂ ਟਰਨ ਲੈ ਕੇ ਅਰੁਣਾਚਲ ਵਿੱਚ ਵੜਦਾ ਹੈ ਤੇ ਫਿਰ ਬੰਗਲਾਦੇਸ਼ ਜਾਂਦਾ ਹੈ। ਭਾਰਤ ਦੀ ਚਿੰਤਾ ਇਹ ਹੈ ਕਿ ਚੀਨ ਪਾਣੀ ’ਤੇ ਕੰਟਰੋਲ ਕਰ ਲਵੇਗਾ ਤੇ ਜੰਗ ਵਰਗੀ ਸਥਿਤੀ ’ਚ ਵੱਡੀ ਮਾਤਰਾ ਵਿੱਚ ਪਾਣੀ ਛੱਡ ਕੇ ਕਾਫੀ ਸਰਹੱਦੀ ਇਲਾਕੇ ਡੋਬ ਦੇਵੇਗਾ। ਭਾਰਤ ਵੀ ਅਰੁਣਾਚਲ ’ਚ ਬ੍ਰਹਮਪੁੱਤਰ ’ਤੇ ਡੈਮ ਬਣਾ ਰਿਹਾ ਹੈ।
ਗੀਜ਼ਰ ਦੀ ਗੈਸ ਨਾਲ ਦੋ ਭੈਣਾਂ ਦੀ ਮੌਤ
ਲਾਲੜੂ : ਡਹਿਰ ਰੋਡ ’ਤੇ ਸਥਿਤ ਕਾਲੋਨੀ ’ਚ ਦੋ ਭੈਣਾਂ ਸਪਨਾ (12) ਤੇ ਮਾਹੀ (8) ਦੀ ਬੁੱਧਵਾਰ ਗੀਜ਼ਰ ਦੀ ਗੈਸ ਚੜ੍ਹਨ ਕਾਰਨ ਮੌਤ ਹੋ ਗਈ। ਬਬਲੂ ਨੇ ਦੱਸਿਆ ਕਿ ਉਹ ਬਾਅਦ ਦੁਪਹਿਰ 2 ਵਜੇ ਡਿਊਟੀ ’ਤੇ ਚਲਾ ਗਿਆ ਸੀ ਅਤੇ ਘਰਵਾਲੀ ਵੀ ਕੰਮ ’ਤੇ ਗਈ ਹੋਈ ਸੀ। ਦੋ ਧੀਆਂ ਘਰ ’ਚ ਇਕੱਲੀਆਂ ਸਨ। ਉਹ ਤਿੰਨ ਵਜੇ ਟਿਊਸ਼ਨ ’ਤੇ ਜਾਣ ਤੋਂ ਪਹਿਲਾਂ ਬਾਥਰੂਮ ’ਚ ਨਹਾਉਣ ਚਲੀਆਂ ਗਈਆਂ ਤੇ ਬਾਹਰ ਨਹੀਂ ਆ ਸਕੀਆਂ।
ਵਕੀਲ ਦਾ ਬਚਾਅ
ਧਰਮਕੋਟ : ਕੋਟ ਈਸੇ ਖਾਂ ਨੇੜੇ ਮੋਗਾ-ਅੰਮਿ੍ਰਤਸਰ ਮੁੱਖ ਮਾਰਗ ’ਤੇ ਸਥਿਤ ਪਿੰਡ ਗਗੜਾ ਲਾਗੇ ਵੀਰਵਾਰ ਦੁਪਹਿਰੇ ਕਰੇਟਾ ਕਾਰ ਟਾਇਰ ਫਟਣ ਨਾਲ ਪਲਟ ਗਈ। ਖੁਸ਼ਕਿਸਮਤੀ ਨਾਲ ਕਾਰ ਚਾਲਕ ਵਾਲ-ਵਾਲ ਬਚ ਗਿਆ, ਜੋ ਜ਼ੀਰਾ ਦਾ ਵਕੀਲ ਦੱਸਿਆ ਜਾਂਦਾ ਹੈ। ਉਹ ਕੋਟ ਈਸੇ ਖਾਂ ਤੋਂ ਮੋਗਾ ਵੱਲ ਜਾ ਰਿਹਾ ਸੀ। ਡਰਾਈਵਰ ਸਾਈਡ ਵਾਲਾ ਅਗਲਾ ਟਾਇਰ ਫਟਣ ਕਾਰਨ ਕਾਰ ਘੁੰਮ ਕੇ ਸੜਕ ਦੇ ਦੂਜੇ ਪਾਸੇ ਜਾ ਕੇ ਸੜਕ ਤੋਂ ਥੱਲੇ ਪਲਟ ਗਈ।
ਹਰਿਆਣਾ ’ਚ ਤਾਬੜਤੋੜ ਗੋਲੀਬਾਰੀ, 2 ਨੌਜਵਾਨਾਂ ਦੀ ਮੌਤ
ਯਮੁਨਾਨਗਰ : ਬਲਾਕ ਰਾਦੌਰ ਦੇ ਪਿੰਡ ਖੇੜੀ ਲੱਖਾ ਸਿੰਘ ਦੇ ਪਾਵਰ ਜਿੰਮ ਤੋਂ ਘਰ ਪਰਤ ਰਹੇ ਤਿੰਨ ਨੌਜਵਾਨਾਂ ’ਤੇ ਮੋਟਰਸਾਈਕਲ ਸਵਾਰ ਨਕਾਬਪੋਸ਼ ਬਦਮਾਸ਼ਾਂ ਨੇ ਵੀਰਵਾਰ 50 ਤੋਂ ਵੱਧ ਗੋਲੀਆਂ ਚਲਾ ਕੇ ਦੋ ਨੂੰ ਥਾਈਂ ਮਾਰ ਦਿੱਤਾ। ਮਰਨ ਵਾਲਿਆਂ ਦੀ ਪਛਾਣ ਯੂ ਪੀ ਵਾਸੀ ਪੰਕਜ ਮਲਿਕ ਤੇ ਗੋਲਨੀ ਵਾਸੀ ਵਰਿੰਦਰ ਰਾਣਾ ਵਜੋਂ ਹੋਈ ਹੈ। ਪਿੰਡ ਉਨਹੇੜੀ ਦੇ ਅਰਜੁਨ ਦੀ ਹਾਲਤ ਗੰਭੀਰ ਬਣੀ ਹੋਈ ਸੀ। ਘਟਨਾ ਨੂੰ ਗੈਂਗਵਾਰ ਨਾਲ ਵੀ ਜੋੜਿਆ ਜਾ ਰਿਹਾ ਹੈ।
ਐੱਸ ਬੀ ਆਈ ਨੇ 14 ਹਜ਼ਾਰ ਤੋਂ ਵੱਧ ਨੌਕਰੀਆਂ ਕੱਢੀਆਂ
ਨਵੀਂ ਦਿੱਲੀ : ਭਾਰਤੀ ਸਟੇਟ ਬੈਂਕ ਨੇ ਆਖਰਕਾਰ 2024-25 ਲਈ ਜੂਨੀਅਰ ਐਸੋਸੀਏਟਸ ਲਈ ਸਭ ਤੋਂ ਵੱਧ ਉਡੀਕੀ ਜਾ ਰਹੀ ਭਰਤੀ ਦਾ ਐਲਾਨ ਕਰ ਦਿੱਤਾ ਹੈ। ਇਸ ’ਚ ਖਾਲੀ ਅਸਾਮੀਆਂ ਦੀ ਕੁੱਲ ਗਿਣਤੀ ’ਚ ਅਹਿਮ ਵਾਧਾ ਹੋਇਆ ਹੈ, ਜੋ ਪਿਛਲੇ ਸਾਲ ਦੀਆਂ 8,283 ਅਸਾਮੀਆਂ ਦੇ ਮੁਕਾਬਲੇ ਵਧ ਕੇ 14191 ਹੋ ਗਿਆ ਹੈ। ਇਸ ’ਚ 13735 ਨਿਯਮਤ ਅਸਾਮੀਆਂ ਅਤੇ 456 ਬੈਕਲਾਗ ਅਸਾਮੀਆਂ ਸ਼ਾਮਲ ਹਨ। ਬਿਨੈ-ਪੱਤਰ ਦੀ ਪ੍ਰਕਿਰਿਆ 17 ਦਸੰਬਰ 2024 ਨੂੰ ਸ਼ੁਰੂ ਹੋ ਗਈ ਹੈ ਅਤੇ 7 ਜਨਵਰੀ ਤੱਕ ਦਾ ਸਮਾਂ ਹੈ। ਜੂਨੀਅਰ ਐਸੋਸੀਏਟ ਲਈ ਸ਼ੁਰੂਆਤੀ ਮੁਢਲੀ ਤਨਖਾਹ 26,730 ਰੁਪਏ ਹੈ, ਜਿਸ ’ਚ ਦੋ ਸਾਲਾਨਾ ਵਾਧੇ ਸ਼ਾਮਲ ਹਨ। ਇਸ ਤੋਂ ਇਲਾਵਾ ਘਰ ਦਾ ਕਿਰਾਇਆ, ਮਹਿੰਗਾਈ ਅਤੇ ਆਵਾਜਾਈ ਵਰਗੇ ਭੱਤਿਆਂ ਨੂੰ ਮਿਲਾ ਕੇ ਤਨਖਾਹ ਲੱਗਭੱਗ 46,000 ਰੁਪਏ ਬਣਦੀ ਹੈ। ਬਿਨੈਕਾਰ ਐੱਸ ਬੀ ਆਈ ਦੀ ਅਧਿਕਾਰਤ ਵੈੱਬਸਾਈਟ ਰਾਹੀਂ ਆਪਣੀਆਂ ਅਰਜ਼ੀਆਂ ਅਤੇ ਭੁਗਤਾਨ ਆਨਲਾਈਨ ਜਮ੍ਹਾਂ ਕਰ ਸਕਦੇ ਹਨ। 14,000 ਤੋਂ ਵੱਧ ਕਲਰਕ/ਜੂਨੀਅਰ ਐਸੋਸੀਏਟਸ ਅਸਾਮੀਆਂ ਉਪਲੱਬਧ ਹੋਣ ਦੇ ਨਾਲ ਇਹ ਭਰਤੀ ਮੁਹਿੰਮ ਹਾਲ ਹੀ ਦੇ ਸਾਲਾਂ ’ਚ ਸਭ ਤੋਂ ਵੱਡੀ ਭਰਤੀ ਹੈ।




