ਅੰਮਿ੍ਰਤਸਰ : ਅਮਰੀਕਾ ’ਚ ਬੈਠ ਕੇ ਪੰਜਾਬ ਦੇ ਥਾਣਿਆਂ ਅਤੇ ਪੁਲਸ ਚੌਕੀਆਂ ’ਤੇ ਦਹਿਸ਼ਤ ਫੈਲਾਉਣ ਵਾਲੇ ਖਤਰਨਾਕ ਗੈਂਗਸਟਰ ਜੀਵਨ ਫੌਜੀ ਦੀ ਪ੍ਰੇਮਿਕਾ ਸੁਰੱਖਿਆ ਏਜੰਸੀਆਂ ਦੇ ਰਾਡਾਰ ’ਤੇ ਹੈ। ਇਹ ਖੁਲਾਸਾ ਹੋਇਆ ਹੈ ਕਿ ਉਹ 2022 ਦੇ ਅੰਤ ’ਚ ਫੌਜੀ ਦੇ ਫਰਾਰ ਹੋਣ ਤੋਂ ਬਾਅਦ ਨਸ਼ੇ ਦੀ ਖੇਪ ਤੇ ਡਰੱਗ ਮਨੀ ਦਾ ਵੇਰਵਾ ਰੱਖਦੀ ਹੈ।
ਉਹ ਸ਼ਹਿਰ ਦੀ ਨਾਮੀ ਵਿਦਿਅਕ ਸੰਸਥਾ ’ਚ ਪੜ੍ਹ ਰਹੀ ਹੈ। ਉਸ ਕੋਲ ਗੈਂਗਸਟਰ ਫੌਜੀ ਦੇ ਇਸ਼ਾਰੇ ’ਤੇ ਭੇਜੀ ਗਈ ਹੈਰੋਇਨ ਦੀ ਵਿਕਰੀ ਅਤੇ ਪ੍ਰਾਪਤ ਡਰੱਗ ਮਨੀ ਦੇ ਵੇਰਵੇ ਹਨ। ਸਪੱਸ਼ਟ ਸ਼ਬਦਾਂ ਵਿਚ ਕਹੀਏ ਤਾਂ ਫੌਜੀ ਦੇ ਸਾਰੇ ਪੈਸੇ ਉਹੀ ਟਿਕਾਣੇ ਲਗਾ ਰਹੀ ਹੈ। ਸੁਰੱਖਿਆ ਏਜੰਸੀਆਂ ਨੂੰ ਫੌਜੀ ਦੇ ਮੋਬਾਈਲ ’ਤੇ ਗੱਲ ਕਰਨ ਦੇ ਸਬੂਤ ਮਿਲੇ ਹਨ, ਪਰ ਜੇ ਪੁਲਸ ਉਸ ਨੂੰ ਅਜਿਹੇ ਦੋਸ਼ ਵਿੱਚ ਗਿ੍ਰਫਤਾਰ ਕਰ ਲੈਂਦੀ ਹੈ ਤਾਂ ਉਸ ਨੂੰ ਜਲਦੀ ਹੀ ਜ਼ਮਾਨਤ ਮਿਲ ਸਕਦੀ ਹੈ।




