ਪੁਜਾਰੀ-ਗ੍ਰੰਥੀ ਸਨਮਾਨ ਯੋਜਨਾ ਲਈ ਰਜਿਸਟਰੇਸ਼ਨ ਦੀ ਸ਼ੁਰੂਆਤ

0
70

ਨਵੀਂ ਦਿੱਲੀ : ਆਮ ਆਦਮੀ ਪਾਰਟੀ (ਆਪ) ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਪੁਜਾਰੀ-ਗ੍ਰੰਥੀ ਸਨਮਾਨ ਯੋਜਨਾ ਦੀ ਸ਼ੁਰੂਆਤ ਕੀਤੀ। ਇਸ ਮਕਸਦ ਲਈ ਸਾਬਕਾ ਮੁੱਖ ਮੰਤਰੀ ਖਾਸ ਤੌਰ ’ਤੇ ਇਥੇ ਕਸ਼ਮੀਰੀ ਗੇਟ ਨੇੜੇ ਮਰਘਟ ਵਾਲੇ ਬਾਬਾ ਮੰਦਰ ਪੁੱਜੇ ਅਤੇ ਉਥੇ ਸਭ ਤੋਂ ਪਹਿਲਾਂ ਮੰਦਰ ਦੇ ਪੁਜਾਰੀ ਨੂੰ ਰਜਿਸਟਰ ਕੀਤਾ ਗਿਆ।
ਕੇਜਰੀਵਾਲ ਨੇ ਕਿਹਾ ਕਿ ਜੇ ਆਮ ਆਦਮੀ ਪਾਰਟੀ ਫਰਵਰੀ ਮਹੀਨੇ ’ਚ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਜਿੱਤ ਕੇ ਮੁੜ ਸੱਤਾ ਸੰਭਾਲਦੀ ਹੈ ਤਾਂ ਇਸ ਯੋਜਨਾ ਤਹਿਤ ਦਿੱਲੀ ਦੇ ਸਾਰੇ ਹਿੰਦੂ ਮੰਦਰਾਂ ਦੇ ਪੁਜਾਰੀਆਂ ਅਤੇ ਗੁਰਦੁਆਰਿਆਂ ਦੇ ਗ੍ਰੰਥੀਆਂ ਨੂੰ 18,000 ਰੁਪਏ ਦਾ ਮਹੀਨਾਵਾਰ ਮਾਣਭੱਤਾ ਦਿੱਤਾ ਜਾਵੇਗਾ। ਕੇਜਰੀਵਾਲ ਨੇ ਇਹ ਦੋਸ਼ ਵੀ ਲਾਇਆ ਕਿ ਭਾਜਪਾ ਨੇ ਇਸ ਯੋਜਨਾ ਲਈ ਰਜਿਸਟਰੇਸ਼ਨ ਪ੍ਰਕਿਰਿਆ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਕੋਈ ਵੀ ‘ਭਗਤ ਨੂੰ ਆਪਣੇ ਭਗਵਾਨ ਨੂੰ ਮਿਲਣ ਤੋਂ’ ਨਹੀਂ ਰੋਕ ਸਕਦਾ। ਸੋਮਵਾਰ ਇਸ ਯੋਜਨਾ ਦਾ ਐਲਾਨ ਕਰਦਿਆਂ ਕੇਜਰੀਵਾਲ ਨੇ ਕਿਹਾ ਸੀ ਕਿ ਉਹ ਕਨਾਟ ਪਲੇਸ ਵਿਖੇ ਪ੍ਰਾਚੀਨ ਹਨੂੰਮਾਨ ਮੰਦਰ ਜਾਣਗੇ ਅਤੇ ਉੱਥੇ ਪੁਜਾਰੀਆਂ ਦੀ ਰਜਿਸਟਰੇਸ਼ਨ ਸ਼ੁਰੂ ਕਰਵਾਉਣਗੇ। ਇਸ ਦੇ ਨਾਲ ਹੀ ਦਿੱਲੀ ’ਚ ਮਾਣ-ਭੱਤੇ ਨੂੰ ਲੈ ਕੇ ਰਾਜਨੀਤੀ ਤੇਜ਼ ਹੋ ਗਈ ਹੈ ਅਤੇ ਪੁਜਾਰੀਆਂ ਦੇ ਇੱਕ ਸਮੂਹ ਨੇ 10 ਸਾਲਾਂ ਦੀ ਦੇਰ ਤੋਂ ਬਾਅਦ ਮਾਣ ਭੱਤੇ ਦਾ ਐਲਾਨ ਕਰਨ ’ਤੇ ਕਨਾਟ ਪਲੇਸ ਮੰਦਰ ਦੇ ਬਾਹਰ ਕੇਜਰੀਵਾਲ ਵਿਰੁੱਧ ਪ੍ਰੋਟੈੱਸਟ ਕੀਤਾ। ਮਰਘਟ ਵਾਲੇ ਬਾਬਾ ਮੰਦਰ ਦੀ ਯਾਤਰਾ ਦੌਰਾਨ ‘ਆਪ’ ਮੁਖੀ ਨਾਲ ਉਨ੍ਹਾ ਦੀ ਪਤਨੀ ਸੁਨੀਤਾ ਕੇਜਰੀਵਾਲ ਵੀ ਸਨ।