ਜਸਵੀਰ ਸਿੰਘ ਗੜ੍ਹੀ ਨੇ ‘ਆਪ’ ਦਾ ਪੱਲਾ ਫੜਿਆ

0
192

ਚੰਡੀਗੜ੍ਹ (ਗੁਰੀਜਤ ਬਿੱਲਾ) ਬਹੁਜਨ ਸਮਾਜ ਪਾਰਟੀ (ਬਸਪਾ) ਪੰਜਾਬ ਦੇ ਸਾਬਕਾ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਬੁੱਧਵਾਰ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ। ਉਨ੍ਹਾ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ‘ਆਪ’ ਵਿਚ ਸ਼ਾਮਲ ਕਰਵਾਇਆ। ਗੜ੍ਹੀ ਨੂੰ ਬੀਤੇ ਨਵੰਬਰ ’ਚ ਬਸਪਾ ਸੁਪਰੀਮੋ ਕੁਮਾਰੀ ਮਾਇਆਵਤੀ ਦੇ ਹੁਕਮਾਂ ਤਹਿਤ ਬਸਪਾ ਪੰਜਾਬ ਦੇ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਨੇ ਸੂਬਾ ਪ੍ਰਧਾਨ ਦੇ ਅਹੁਦੇ ਤੋਂ ਹਟਾ ਕੇ ਪਾਰਟੀ ਵਿੱਚੋਂ ਕੱਢ ਦਿੱਤਾ ਸੀ। ਪਾਰਟੀ ਨੇ ਉਨ੍ਹਾ ਉਤੇ ਅਨੁਸ਼ਾਸਨਹੀਣਤਾ ਦਾ ਦੋਸ਼ ਲਾਇਆ ਸੀ। ਇਸ ਦੇ ਨਾਲ ਹੀ ਪਾਰਟੀ ਹਾਈਕਮਾਨ ਨੇ ਗੜ੍ਹੀ ਦੀ ਥਾਂ ਸਾਬਕਾ ਮੈਂਬਰ ਰਾਜ ਸਭਾ ਤੇ ਸਾਬਕਾ ਵਿਧਾਇਕ ਅਵਤਾਰ ਸਿੰਘ ਕਰੀਮਪੁਰੀ ਨੂੰ ਨਵਾਂ ਸੂਬਾ ਪ੍ਰਧਾਨ ਥਾਪ ਦਿੱਤਾ ਸੀ। ਕਰੀਮਪੁਰੀ ਪਹਿਲਾਂ ਵੀ ਕਈ ਸਾਲ ਬਸਪਾ ਪੰਜਾਬ ਦੇ ਪ੍ਰਧਾਨ ਰਹਿ ਚੁੱਕੇ ਹਨ। ਗੜ੍ਹੀ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜਨ ਤੋਂ ਪਹਿਲਾਂ ਸਵੇਰੇ ‘ਨਵਾਂ ਸਾਲ ਮੁਬਾਰਕ, ਨਵੇਂ ਰਸਤੇ ’ਤੇ ਚੱਲ ਕੇ ਪੁਰਾਣੀਆਂ ਮੰਜ਼ਲਾਂ ਸਰ ਕਰਾਂਗੇ’ ਸਿਰਲੇਖ ਤਹਿਤ ਫੇਸਬੁਕ ’ਤੇ ਬੜੀ ਜਜ਼ਬਾਤੀ ਲਾਈਵ ਵੀਡੀਓ ਪਾ ਕੇ ਨਵਾਂ ਰਾਹ ਅਖ਼ਤਿਆਰ ਕਰਨ ਦਾ ਸੰਕੇਤ ਦਿੱਤਾ।
ਉਨ੍ਹਾ ਇਸ ਵੀਡੀਓ ਵਿੱਚ ਮੌਜੂਦਾ ਬਸਪਾ ਪੰਜਾਬ ਪ੍ਰਧਾਨ ਸਮੇਤ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਉਤੇ ਕਈ ਤਰ੍ਹਾਂ ਦੇ ਦੋਸ਼ ਲਾਏ ਹਨ। ਉਨ੍ਹਾ ਅਤੀਤ ਵਿਚ ਪਾਰਟੀ ਨੂੰ ਛੱਡ ਕੇ ਗਏ ਪਾਰਟੀ ਦੇ ਪੁਰਾਣੇ ਕਾਰਕੁਨਾਂ ਤੇ ਆਗੂਆਂ ਦੇ ਪਾਰਟੀ ਛੱਡਣ ਦੇ ਫੈਸਲਿਆਂ ਲਈ ਵੀ ਪਾਰਟੀ ਲੀਡਰਸ਼ਿਪ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਬਸਪਾ ਲੀਡਰਸ਼ਿਪ ਉਤੇ ਆਪਣੇ ਸਮੇਤ ਹੋਰ ਆਗੂਆਂ ਦੇ ‘ਸਿਆਸੀ ਕਤਲ’ ਕਰਨ ਦੇ ਦੋਸ਼ ਲਾਏ ਹਨ।