ਅਜ਼ਾਦੀ ਤੋਂ ਪਹਿਲਾਂ ਤੇ ਬਾਅਦ ’ਚ ਸੀ ਪੀ ਆਈ ਦਾ ਕੁਰਬਾਨੀਆਂ ਦਾ ਸ਼ਾਨਾਮੱਤਾ ਇਤਿਹਾਸ : ਅਰਸ਼ੀ

0
214

ਫਰੀਦਕੋਟ, (ਐਲਿਗਜੈਂਡਰ ਡਿਸੂਜਾ, ਗੁਰਪ੍ਰੀਤ ਸਿੰਘ ਬੇਦੀ)-ਭਾਰਤੀ ਕਮਿਊਨਿਸਟ ਪਾਰਟੀ ਨੇ 26 ਦਸੰਬਰ 1925 ਨੂੰ ਕਾਨਪੁਰ ਵਿੱਚ ਆਪਣੀ ਸਥਾਪਨਾ ਤੋਂ ਲੈ ਕੇ ਦੇਸ਼ ਦੀ ਅਜ਼ਾਦੀ ਅਤੇ ਕਿਸਾਨਾਂ-ਮਜ਼ਦੂਰਾਂ ਦੇ ਹੱਕਾਂ ਦੀ ਰਾਖੀ ਲਈ ਪਹਿਲਾਂ ਬਰਤਾਨਵੀ ਸਾਮਰਾਜੀਆਂ ਅਤੇ ਬਾਅਦ ਵਿੱਚ ਸਮੇਂ ਦੀਆਂ ਵੱਖ-ਵੱਖ ਹਕੂਮਤਾਂ ਖਿਲਾਫ਼ ਅਨੇਕਾਂ ਲਹੂ-ਵੀਟਵੇਂ ਸੰਘਰਸ਼ ਲੜੇ, ਜਿਸ ਦੇ ਸ਼ਾਨਾਮੱਤੇ ਇਤਿਹਾਸ ’ਤੇ ਹਰ ਕਮਿਊਨਿਸਟ ਅਤੇ ਮਿਹਨਤਕਸ਼ ਇਨਸਾਨ ਨੂੰ ਮਾਣ ਹੋਣਾ ਚਾਹੀਦਾ ਹੈ। ਇਹ ਸ਼ਬਦ ਸੀ ਪੀ ਆਈ ਦੀ ਸਥਾਪਨਾ ਦੇ ਸੌਵੇਂ ਵਰ੍ਹੇ ਦੀ ਸ਼ੁਰੂਆਤ ਨੂੰ ਸਮਰਪਿਤ ਕੀਤੇ ‘ਪੁਰਾਣੇ ਕਮਿਊਨਿਸਟ ਪਰਵਾਰਾਂ ਦੇ ਸਨਮਾਨ ਸਮਾਰੋਹ’ ਨੂੰ ਸੰਬੋਧਨ ਕਰਦੇ ਹੋਏ ਪਾਰਟੀ ਦੇ ਸੀਨੀਅਰ ਸੂਬਾਈ ਆਗੂ ਅਤੇ ਸਾਬਕਾ ਵਿਧਾਇਕ ਹਰਦੇਵ ਅਰਸ਼ੀ ਨੇ ਕਹੇ। ਸਥਾਨਕ ਸ਼ਹੀਦ ਕਾਮਰੇਡ ਅਮੋਲਕ ਭਵਨ ਵਿਖੇ ਕੀਤੇ ਗਏ ਇਸ ਪ੍ਰਭਾਵਸ਼ਾਲੀ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਬਜ਼ੁਰਗ ਸਾਧੂ ਰਾਮ ਰੁਮਾਣਾ ਸਾਬਕਾ ਐੱਮ ਸੀ ਜੈਤੋ, ਸ਼ਾਮ ਸੁੰਦਰ, ਜਗਤਾਰ ਸਿੰਘ ਭਾਣਾ ਸਾਬਕਾ ਸਰਪੰਚ, ਬੀਬੀ ਮਨਜੀਤ ਕੌਰ ਨੱਥੇਵਾਲਾ ਅਤੇ ਔਲਖ ਦੇ ਸੁਖਦਰਸ਼ਨ ਰਾਮ ਸ਼ਰਮਾ ਸ਼ਾਮਿਲ ਸਨ। ਭਵਨ ’ਤੇ ਪਾਰਟੀ ਦਾ ਸੁਰਖ ਝੰਡਾ ਲਹਿਰਾਉਣ ਦੀ ਰਸਮ ਤੋਂ ਬਾਅਦ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਮੁੱਖ ਬੁਲਾਰੇ ਕਾਮਰੇਡ ਅਰਸ਼ੀ ਨੇ ਦੇਸ਼ ਦੀ ਸਭ ਤੋਂ ਵੱਡੀ ਰਿਆਸਤ ਦੇ ਮਾਲਕ ਨਿਜ਼ਾਮ ਹੈਦਰਾਬਾਦ ਦੀ ਰਜਵਾੜਾਸ਼ਾਹੀ ਖਿਲਾਫ਼ ਤਿਲੰਗਾਣਾ ਦੇ ਜ਼ਮੀਨੀ ਸੰਘਰਸ਼ ਵਿੱਚ ਉਸ ਦੀ ਗੁੰਡਾ ਫੌਜ ‘ਰਜਾਕਰਾਂ’ ਵੱਲੋਂ ਸ਼ਹੀਦ ਕੀਤੇ ਪਾਰਟੀ ਦੇ 4000 ਵਰਕਰਾਂ ਸਮੇਤ ਪੰਜਾਬ ਦੀ ਪੈਪਸੂ ਮੁਜ਼ਾਰਾ ਲਹਿਰ ਅਤੇ ਕੈਰੋਂ ਸਰਕਾਰ ਵੇਲੇ ਖੁਸ਼ਹੈਸੀਅਤੀ ਟੈਕਸ ਖਿਲਾਫ ਮੋਰਚੇ ਦੇ ਸ਼ਹੀਦਾਂ ਨੂੰ ਚੇਤੇ ਕੀਤਾ। ਇਨ੍ਹਾਂ ਕਿਸਾਨੀ ਘੋਲਾਂ ਤੋਂ ਇਲਾਵਾ ਪਾਰਟੀ ਨੇ ਮਜ਼ਦੂਰਾਂ-ਮੁਲਾਜ਼ਮਾਂ, ਔਰਤਾਂ, ਨੌਜਵਾਨਾਂ ਅਤੇ ਵਿਦਿਆਰਥੀਆਂ ਦੀਆਂ ਜਥੇਬੰਦੀਆਂ ਦਾ ਗਠਨ ਕਰਨ ਅਤੇ ਹੱਕਾਂ ਲਈ ਕੀਤੇ ਸੰਘਰਸ਼ਾਂ ਰਾਹੀਂ ਅਨੇਕ ਜੇਤੂ ਘੋਲਾਂ ਦੀ ਅਗਵਾਈ ਕੀਤੀ। ਗ਼ਰੀਬੀ, ਬੇਰੁਜ਼ਗਾਰੀ, ਮਹਿੰਗਾਈ ਆਦਿ ਲੋਕਾਂ ਦੀਆਂ ਅਸਲ ਮੁਸ਼ਕਲਾਂ ਵਿਰੁੱਧ ਲਗਾਤਾਰ ਸੰਘਰਸ਼ਸ਼ੀਲ ਰਹਿਣ ਤੋਂ ਇਲਾਵਾ ਸੀ ਪੀ ਆਈ ਨੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਭਾਈਚਾਰਕ ਸਾਂਝ ਦੀ ਰਾਖੀ ਦੀ ਹਰ ਮੁਸ਼ਕਲ ਘੜੀ ਵਿੱਚ ਡਟਵਾਂ ਸਟੈਂਡ ਲਿਆ। ਜ਼ਿਲਾ ਸਕੱਤਰ ਅਸ਼ੋਕ ਕੌਸ਼ਲ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਫਰੀਦਕੋਟ ਜ਼ਿਲ੍ਹੇ ਨੇ ਕਾਮਰੇਡ ਗੁਰਦੇਵ ਸਿੰਘ ਡੋਡ, ਕਾਮਰੇਡ ਮਿਤ ਸਿੰਘ ਮਚਾਕੀ ਕਲਾਂ, ਗਿਆਨੀ ਕਰਤਾਰ ਸਿੰਘ, ਸੰਤੋਸ਼ ਕੋਟ ਸੁਖੀਆ ਅਤੇ ਸੁਰਜੀਤ ਸਿੰਘ ਢੁੱਡੀ ਵਰਗੇ ਦਰਜਨਾਂ ਸ਼ਾਨਦਾਰ ਆਗੂ ਪੈਦਾ ਕੀਤੇ ਅਤੇ ਪੰਜਾਬ ਦੇ ਕਾਲੇ ਦਿਨਾਂ ਵਿੱਚ ਕਾਮਰੇਡ ਅਮੋਲਕ ਸਿੰਘ ਔਲਖ ਸਮੇਤ 7 ਸਾਥੀਆਂ ਦੀ ਸ਼ਹੀਦੀ ਵੀ ਦਿੱਤੀ, ਜੋ ਹਮੇਸ਼ਾ ਸਾਡਾ ਰਾਹ ਰੁਸ਼ਨਾਉਦੀ ਰਹੇਗੀ।
ਸਮਾਗਮ ਨੂੰ ਮੀਤ ਸਕੱਤਰ ਗੁਰਨਾਮ ਸਿੰਘ ਸਰਪੰਚ, ਪੈਨਸ਼ਨਰ ਆਗੂ ਬਲਦੇਵ ਸਿੰਘ ਸਹਿਦੇਵ, ਮਾਸਟਰ ਗੁਰਚਰਨ ਸਿੰਘ ਮਾਨ, ਕਿਸਾਨ ਆਗੂ ਸੁਖਜਿੰਦਰ ਸਿੰਘ ਤੂੰਬੜਭੰਨ, ਬਿਜਲੀ ਨਿਗਮ ਪੈਨਸ਼ਨਰ ਆਗੂ ਚੰਦ ਸਿੰਘ ਡੋਡ ਅਤੇ ਪੀ ਆਰ ਟੀ ਸੀ ਪੈਨਸ਼ਨਰ ਆਗੂ ਸੁਖਦੇਵ ਸਿੰਘ ਮੱਲ੍ਹੀ, ਨਰੇਗਾ ਮਜ਼ਦੂਰ ਯੂਨੀਅਨ ਦੇ ਗੋਰਾ ਸਿੰਘ ਪਿਪਲੀ ਤੋਂ ਇਲਾਵਾ ਵਪਾਰ ਮੰਡਲ ਦੇ ਆਗੂ ਚੰਦਨ ਕੁਮਾਰ ਨੇ ਵੀ ਸੰਬੋਧਨ ਕੀਤਾ। ਬੁਲਾਰਿਆਂ ਨੇ ਕੇਂਦਰ ਦੀ ਮੋਦੀ ਅਤੇ ਪੰਜਾਬ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਕਾਰਨ ਆਮ ਜਨਤਾ ਦੀ ਨਿਘਰ ਰਹੀ ਆਰਥਿਕ ਹਾਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਨਵੇਂ ਸਾਲ ਵਿੱਚ ਸੰਘਰਸ਼ਾਂ ਨੂੰ ਹੋਰ ਮਜ਼ਬੂਤ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਇਸ ਮੌਕੇ ਜ਼ਿਲ੍ਹੇ ਦੇ 20 ਵਿਛੜ ਚੁੱਕੇ ਪੁਰਾਣੇ ਕਮਿਊਨਿਸਟ ਆਗੂਆਂ ਦੇ ਪਰਵਾਰਾਂ ਨੂੰ ਸਨਮਾਨ ਪੱਤਰ ਦੇ ਕੇ ਉਨ੍ਹਾਂ ਨੂੰ ਆਪਣੇ ਵਡੇਰਿਆਂ ਦੀ ਵਿਰਾਸਤ ਨਾਲ ਜੁੜਣ ਦੀ ਅਪੀਲ ਕੀਤੀ। ਇੱਕ ਮਤੇ ਰਾਹੀਂ ਕੇਂਦਰ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਬਚਾਉਣ ਲਈ ਤੁਰੰਤ ਗੱਲਬਾਤ ਸ਼ੁਰੂ ਕੀਤੀ ਜਾਵੇ। ਇਸ ਮੌਕੇ ਬਜ਼ੁਰਗ ਆਗੂ ਮੁਖਤਿਆਰ ਸਿੰਘ ਉਕੰਦਵਾਲਾ, ਮਾਸਟਰ ਦਰਸ਼ਨ ਸਿੰਘ ਔਲਖ, ਕੇਵਲ ਰੁਮਾਣਾ ਜੈਤੋ, ਇੰਦਰਜੀਤ ਸਿੰਘ ਗਿੱਲ, ਮੁਖਤਿਆਰ ਸਿੰਘ ਭਾਣਾ, ਕੁਲਵੰਤ ਸਿੰਘ ਚਾਨੀ, ਮਾਸਟਰ ਗੁਲਵੰਤ ਸਿੰਘ, ਪੱਪੀ ਢਿਲਵਾਂ, ਸੁਖਵਿੰਦਰ ਸਿੰਘ, ਚਮਕੌਰ ਸਿੰਘ ਕੋਟ ਸੁਖੀਆ, ਭਲਵਿੰਦਰ ਸਿੰਘ, ਬੋਹੜ ਸਿੰਘ ਔਲਖ, ਮਾਸਟਰ ਸੋਮ ਨਾਥ ਅਰੋੜਾ, ਜਗਤਾਰ ਸਿੰਘ ਰਾਜੋਵਾਲਾ, ਕਿਸਾਨ ਆਗੂ ਭੁਪਿੰਦਰ ਸਿੰਘ ਚਾਹਲ, ਲਖਵਿੰਦਰ ਸਿੰਘ ਕਾਬਲਵਾਲਾ ਅਤੇ ਚਰਨਜੀਤ ਸਿੰਘ ਚੰਬੇਲੀ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਦੇ ਆਗੂ, ਮੈਂਬਰ ਅਤੇ ਹਮਦਰਦ ਸ਼ਾਮਲ ਹੋਏ।