ਨਵੀਂ ਦਿੱਲੀ : ਕੌਮੀ ਰਾਜਧਾਨੀ ’ਚ ਸ਼ੁੱਕਰਵਾਰ ਤੜਕਸਾਰ ਸੰਘਣੀ ਧੁੰਦ ਦੇਖਣ ਨੂੰ ਮਿਲੀ, ਜਿਸ ਕਾਰਨ ਵਿਜੀਬਿਲਟੀ ਘੱਟ ਰਹੀ। ਘੱਟ ਵਿਜੀਬਿਲਟੀ ਅਤੇ ਖਰਾਬ ਮੌਸਮ ਕਾਰਨ ਹਵਾਈ ਅੱਡੇ ’ਤੇ 100 ਤੋਂ ਵੱਧ ਉਡਾਣਾਂ ’ਚ ਦੇਰੀ ਹੋਈ।
ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ ਨੇ ਕਿਹਾ ਕਿ ਦਿੱਲੀ ਹਵਾਈ ਅੱਡੇ ’ਤੇ ਲੈਂਡਿੰਗ ਅਤੇ ਟੇਕਆਫ ਜਾਰੀ ਹੈ, ਪਰ ਉਹ ਉਡਾਣਾਂ, ਜੋ ਦੀ ਪਾਲਣਾ ਨਹੀਂ ਕਰਦੀਆਂ ਹਨ, ਪ੍ਰਭਾਵਤ ਹੋ ਸਕਦੀਆਂ ਹਨ। ਯਾਤਰੀਆਂ ਨੂੰ ਅਪਡੇਟ ਕੀਤੀ ਉਡਾਣ ਦੀ ਜਾਣਕਾਰੀ ਲਈ ਸੰਬੰਧਤ ਏਅਰਲਾਈਨ ਨਾਲ ਸੰਪਰਕ ਕਰਨ ਦੀ ਬੇਨਤੀ ਕੀਤੀ ਗਈ। ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡਾ ਰੋਜ਼ਾਨਾ ਲਗਭਗ 1,300 ਉਡਾਣਾਂ ਦੀ ਆਵਾਜਾਈ ਨੂੰ ਸੰਭਾਲਦਾ ਹੈ। ਚੰਡੀਗੜ੍ਹ ’ਚ ਵੀ ਸਵੇਰੇ ਲੋਕਾਂ ਨੇ ਸੰਘਣੀ ਧੁੰਦ ਦੇਖੀ ਅਤੇ ਤਾਪਮਾਨ 6 ਡਿਗਰੀ ਸੈਲਸ਼ੀਅਸ ਤੱਕ ਆ ਗਿਆ। ਰਾਹਗੀਰਾਂ ਨੂੰ ਸਫਰ ਦੌਰਾਨ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਤਾਂ ਵੀ, ਇਹ ਸਮੱਸਿਆ ਜਲਦ ਹੀ ਘੱਟ ਹੋ ਸਕਦੀ ਹੈ, ਕਿਉਕਿ ਮੌਸਮ ਵਿਭਾਗ ਨੇ ਤਾਜ਼ਾ ਪੱਛਮੀ ਗੜਬੜ ਦੇ ਪ੍ਰਭਾਵ ਕਾਰਨ ਆਉਣ ਵਾਲੇ ਦਿਨਾਂ ’ਚ ਤਾਪਮਾਨ ’ਚ ਮਾਮੂਲੀ ਵਾਧੇ ਦੀ ਭਵਿੱਖਬਾਣੀ ਕੀਤੀ ਹੈ। ਪੰਜਾਬ ਤੇ ਹਰਿਆਣਾ ਕੜਾਕੇ ਦੀ ਠੰਢ ਦੀ ਲਪੇਟ ਵਿੱਚ ਹਨ। ਦੋਹਾਂ ਸੂਬਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ ਆਮ ਸੀਮਾ ਤੋਂ ਬਹੁਤ ਹੇਠਾਂ ਹੈ ਅਤੇ ਸ਼ੁੱਕਰਵਾਰ ਸਵੇਰੇ ਧੁੰਦ ਕਾਰਨ ਵਿਜੀਬਿਲਟੀ ਵੀ ਘੱਟ ਰਹੀ। ਮੁਹਾਲੀ ਅਤੇ ਅੰਮਿ੍ਰਤਸਰ ’ਚ ਵੱਧ ਤੋਂ ਵੱਧ ਤਾਪਮਾਨ ਕ੍ਰਮਵਾਰ 10.7 ਅਤੇ 11 ਡਿਗਰੀ ਦਰਜ ਕੀਤਾ ਗਿਆ। ਲੁਧਿਆਣਾ ’ਚ 12 ਤੇ ਪਟਿਆਲਾ ’ਚ 14 ਡਿਗਰੀ ਦਰਜ ਕੀਤਾ ਗਿਆ। ਭਾਰਤ ਦੇ ਮੌਸਮ ਵਿਭਾਗ ਦੇ ਅਨੁਸਾਰ ‘ਠੰਢੇ ਦਿਨ’ ਦੀਆਂ ਸਥਿਤੀਆਂ ਉਦੋਂ ਐਲਾਨੀਆਂ ਜਾਂਦੀਆਂ ਹਨ ਜਦੋਂ ਵੱਧ ਤੋਂ ਵੱਧ ਤਾਪਮਾਨ 4.5 ਡਿਗਰੀ ਸੈਲਸ਼ੀਅਸ ਜਾਂ ਆਮ ਨਾਲੋਂ ਘੱਟ ਹੁੰਦਾ ਹੈ।




