ਸ਼ਾਹਕੋਟ (ਗਿਆਨ ਸੈਦਪੁਰੀ)
ਮਜ਼ਦੂਰ ਅਤੇ ਕਮਿਊੁਨਿਸਟ ਹਲਕਿਆਂ ਅੰਦਰ ਇਹ ਖਬਰ ਬੜੇ ਦੁੱਖ ਨਾਲ ਪੜ੍ਹੀ ਜਾਵੇਗੀ ਕਿ ਪੰਜਾਬ ਖੇਤ ਮਜ਼ਦੁਰ ਸਭਾ ਦੇ ਸਰਪ੍ਰਸਤ ਅਤੇ ਸਭਾ ਦੇ ਸੰਸਥਾਪਕਾਂ ’ਚ ਸ਼ੁਮਾਰ ਰਹੇ ਕਾਮਰੇਡ ਸਵਰਨ ਸਿੰਘ ਨਾਗੋਕੇ ਨਹੀਂ ਰਹੇ। ਉਨ੍ਹਾ ਚਾਰ ਜਨਵਰੀ ਨੂੰ ਸਵੇਰੇ ਚਾਰ ਵਜੇ ਆਖਰੀ ਸਾਹ ਲਿਆ।
ਕਾਮਰੇਡ ਨਾਗੋਕੇ ਨੇ 1947 ਦੀ ਦੇਸ਼ ਵੰਡ ਵੇਲੇ ਹੋਇਆ ਵੱਢ-ਵਢਾਂਗਾ ਵੀ ਅੱਖੀਂ ਦੇਖਿਆ। ਇਸ ਦਹਿਸ਼ਤੀ ਦੌਰ ’ਚ ਉਨ੍ਹਾ ਦੇ ਪਰਵਾਰ ਦਾ ਵੀ ਜਾਨੀ ਤੇ ਮਾਲੀ ਨੁਕਸਾਨ ਹੋਇਆ। ਪ੍ਰਸਥਿਤੀਆਂ ਦੀ ਕਰੂਰਤਾ ਹੀ ਆਖੀ ਜਾ ਸਕਦੀ ਹੈ ਕਿ ਉਨ੍ਹਾ ਦੇ ਬਾਪ ਨੂੰ ਯਤੀਮਖਾਨੇ ਦੇ ਵਾਸੀ ਬਣਨਾ ਪਿਆ। ਪੰਜਾਬ ’ਚ 80ਵਿਆਂ-90ਵਿਆਂ ’ਚ ਚੱਲੇ ਅੱਤਵਾਦ ਦੇ ਕਾਲੇ ਦੌਰ ’ਚ ਕਾਮਰੇਡ ਨਾਗੋਕੇ ਨੇ ਹਨੇਰਗਰਦੀ ਮਚਾ ਰਹੀਆਂ ਤਾਕਤਾਂ ਖਿਲਾਫ ਲਾਲ ਝੰਡਾ ਬੁਲੰਦ ਰੱਖਿਆ। ਇਸ ਦੇ ਇਵਜ਼ ’ਚ ਨਾਗੋਕੇ ਨੂੰ ਕਈ ਵਾਰ ਮੌਤ ਨੂੰ ਨੇੜਿਓਂ ਦੇਖਣਾ ਪਿਆ। ਇੱਕ ਵਾਰ ਤਾਂ ਇੱਕ ਹਮਲੇ ’ਚ ਦਹਿਸ਼ਤਗਸ਼ਤਾਂ ਨੇ ਇਹ ਸਮਝ ਲਿਆ ਸੀ ਕਿ ਉਨ੍ਹਾ ਨੂੰ ਮਾਰ-ਮੁਕਾ ਦਿੱਤਾ ਗਿਆ ਹੈ, ਪਰ ਉਹ ਬਚ ਗਏ।
ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਗੁਲਜ਼ਾਰ ਸਿੰਘ ਗੋਰੀਆ, ਪੰਜਾਬ ਖੇਤ ਮਜ਼ਦੂਰ ਸਭਾ ਦੇ ਪ੍ਰਧਾਨ ਪ੍ਰੀਤਮ ਸਿੰਘ ਨਿਆਮਤਪੁਰ, ਜਨਰਲ ਸਕੱਤਰ ਦੇਵੀ ਕੁਮਾਰੀ ਸਰਹਾਲੀ ਕਲਾਂ ਨੇ ਕਿਹਾ ਕਿ ਕਾਮਰੇਡ ਸਵਰਨ ਸਿੰਘ ਨਾਗੋਕੇ ਸ਼ਬਦ ਦੇ ਸਹੀ ਅਰਥਾਂ ’ਚ ਇਨਕਲਾਬੀ ਆਗੂ ਸਨ। ਉਹ ਥੁੜ੍ਹਾਂ ਮਾਰਿਆਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਜੂਝਦੇ ਰਹੇ। ਉਨ੍ਹਾ ਦੇ ਅੱਖਾਂ ਮੀਟ ਜਾਣ ਨਾਲ ਮਜ਼ਦੂਰ ਲਹਿਰ ਨੂੰ ਵੱਡਾ ਘਾਟਾ ਪਿਆ ਹੈ। ਕਾਮਰੇਡ ਨਾਗੋਕੇ ਦਾ ਉਨ੍ਹਾ ਦੇ ਜੱਦੀ ਪਿੰਡ ਨਾਗੋਕੇ ਦੇ ਸ਼ਮਸ਼ਾਨਘਾਟ ਵਿਖੇ ਅੰਤਮ ਸੰਸਕਾਰ ਕਰ ਦਿੱਤਾ ਗਿਆ। ਉਨ੍ਹਾ ਦੀ ਚਿਖਾ ਨੂੰ ਅਗਨੀ ਉਨ੍ਹਾ ਦੇ ਪੁੱਤਰ ਮੁਖਤਾਰ ਸਿੰਘ ਨੇ ਦਿਖਾਈ। ਇਸ ਮੌਕੇ ਅਮਰਜੀਤ ਸਿੰਘ ਆਸਲ, ਪਿ੍ਰਥੀਪਾਲ ਸਿੰਘ ਮਾੜੀਮੇਘਾ (ਦੋਵੇਂ ਕੌਮੀ ਕੌਂਸਲ ਮੈਂਬਰ ਸੀ ਪੀ ਆਈ), ਪੰਜਾਬ ਖੇਤ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਜੋਗਿੰਦਰ ਸਿੰਘ ਵਲਟੋਹਾ, ਜ਼ਿਲ੍ਹਾ ਸਕੱਤਰ ਸੁਖਦੇਵ ਸਿੰਘ ਕੋਟ ਧਰਮ ਚੰਦ ਕਲਾਂ, ਕਿਸਾਨ ਆਗੂ ਮਹਾਂਬੀਰ ਸਿੰਘ ਪੱਟੀ, ਏਟਕ ਆਗੂ ਮੁਕੰਦ ਸਿੰਘ, ਸੀ ਪੀ ਆਈ ਬਲਾਕ ਖਡੂਰ ਸਾਹਿਬ ਦੇ ਸਕੱਤਰ ਗੁਰਦਿਆਲ ਸਿੰਘ, ਪਰਮਜੀਤ ਕੌਰ ਨਾਗੋਕੇ, ਆਲ ਇੰਡੀਆ ਕਿਸਾਨ ਸਭਾ ਦੇ ਜ਼ਿਲ੍ਹਾ ਆਗੂ ਬਲਦੇਵ ਸਿੰਘ ਧੂੰਦਾ, ਮਾਸਟਰ ਅੰਮਿ੍ਰਤਪਾਲ ਸਿੰਘ ਬਾਕੀਪੁਰ, ਐਡਵੋਕੇਟ ਰਜਿੰਦਰ ਸਿੰਘ ਰਾਣਾ ਸੁਲਤਾਨਪੁਰ ਲੋਧੀ, ਚਰਨ ਸਿੰਘ ਤਰਨ ਤਾਰਨ, ਲਾਲ ਸਿੰਘ ਵਲਟੋਹਾ, ਮੇਜਰ ਸਿੰਘ ਦਾਰਾਪੁਰ, ਹੀਰਾ ਸਿੰਘ ਖਡੂਰ ਸਾਹਿਬ, ਸੁਖਦੇਵ ਸਿੰਘ ਭਲਾਈਪੁਰ, ਚਰਨ ਸਿੰਘ ਜਲਾਲਾਬਾਦ, ਸਤਪਾਲ ਕੌਰ ਤਰਨ ਤਾਰਨ, ਬੂਟਾ ਸਿੰਘ ਢੋਟੀਆਂ, ਆਮ ਆਦਮੀ ਪਾਰਟੀ ਦੇ ਸਰਕਲ ਪ੍ਰਧਾਨ ਨਿਰਵੈਲ ਸਿੰਘ ਧੂੰਦਾ ਤੇ ਪ੍ਰਦੀਪ ਸਿੰਘ ਸਰਪੰਚ ਭਲਾਈਪੁਰ ਆਦਿ ਮੌਜੂਦ ਸਨ।ਇਸ ਮੌਕੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਮਾੜੀਮੇਘਾ ਨੇ ਕਿਹਾ ਕਿ ਕਾਮਰੇਡ ਨਾਗੋਕੇ ਗਰੀਬ ਪਰਵਾਰ ’ਚ ਪੈਦਾ ਹੋਏ ਅਤੇ ਯਤੀਮਖਾਨੇ ਪੁਤਲੀਘਰ ਵਿੱਚ ਉਨ੍ਹਾ ਦੀ ਪਰਵਰਿਸ਼ ਹੋਈ। ਯਤੀਮਖਾਨੇ ’ਚ ਹੀ ਉਨ੍ਹਾ ਤਬਲਾ ਵਜਾਉਣਾ ਸਿੱਖਿਆ ।ਉਹ ਦਰਬਾਰ ਸਾਹਿਬ ਅੰਮਿ੍ਰਤਸਰ ਵਿਖੇ ਕੀਰਤਨ ਵੀ ਕਰਦੇ ਰਹੇ। ਫਿਰ ਉਨ੍ਹਾ ਪਿੰਡਾਂ ਵਿੱਚ ਫੇਰੀ ਲਾ ਕੇ ਚੂੜੀਆਂ ਵੇਚਣ ਦਾ ਕੰਮ ਵੀ ਕੀਤਾ। ਚੂੜੀਆਂ ਵੇਚਦਿਆਂ ਹੀ ਉਨ੍ਹਾ ਦਾ ਮੇਲ ਕਮਿਊਨਿਸਟ ਪਾਰਟੀ ਨਾਲ ਹੋ ਗਿਆ ਤੇ ਪਾਰਟੀ ਵਿੱਚ ਉਨ੍ਹਾ ਆਖਰੀ ਦਮ ਤੱਕ ਹੋਲਟਾਈਮਰ ਰਹਿ ਕੇ ਕੰਮ ਕੀਤਾ।ਉਨ੍ਹਾ ਦੀ ਮੌਤ ਨਾਲ ਪਰਵਾਰ ਨੂੰ ਤਾਂ ਘਾਟਾ ਪਿਆ ਹੀ ਹੈ, ਪਰ ਪਾਰਟੀ ਨੂੰ ਪਰਵਾਰ ਨਾਲੋਂ ਵੀ ਜ਼ਿਆਦਾ ਘਾਟਾ ਪਿਆ ਹੈ।




