ਖਡੂਰ ਸਾਹਿਬ : ਗੁਰੂ ਅੰਗਦ ਦੇਵ ਜੀ ਦੀ ਧਰਤੀ ਖਡੂਰ ਸਾਹਿਬ ਵਿਖੇ ਸੀ ਪੀ ਆਈ ਦੇ ਬਲਾਕ ਪੱਧਰੀ ਡੈਲੀਗੇਟ ਅਜਲਾਸ ਦੀ ਸ਼ੁਰੂਆਤ ਦਰਸ਼ਨ ਸਿੰਘ ਬਿਹਾਰੀਪੁਰ ਵੱਲੋਂ ਝੰਡਾ ਲਹਿਰਾਉਣ ਨਾਲ ਹੋਈ। ਡੈਲੀਗੇਟ ਅਜਲਾਸ ਦਾ ਉਦਘਾਟਨ ਕਰਦਿਆਂ ਸੀ ਪੀ ਆਈ ਪੰਜਾਬ ਦੇ ਮੀਤ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਦੇਸ਼ ਵਿੱਚ ਮੋਦੀ ਦੀ ਸਰਕਾਰ ਨੇ ਅਫ਼ਰਾਤਫ਼ਰੀ ਵਾਲਾ ਮਾਹੌਲ ਬਣਾਇਆ ਹੋਇਆ ਹੈ। ਇਸ ਮਾਹੌਲ ਵਿੱਚ ਦੇਸ਼ ਵਿੱਚ ਰਹਿ ਰਹੀਆਂ ਘੱਟ ਗਿਣਤੀਆਂ ਚਿੰਤਤ ਹਨ। ਖਾਸ ਕਰਕੇ ਮੁਸਲਿਮ ਭਾਈਚਾਰੇ ਨੂੰ ਇਹ ਸਰਕਾਰ ਬੇਗਾਨਾ ਸਮਝਦੀ ਹੈ। ਮੋਦੀ ਸਰਕਾਰ ਇਹ ਸਾਰਾ ਕੁਝ ਇਸ ਕਰਕੇ ਕਰ ਰਹੀ ਹੈ ਕਿ ਦੇਸ਼ ਦੇ ਲੋਕਾਂ ਦਾ ਮਹਿੰਗਾਈ ਵਾਲੇ ਪਾਸੇ ਧਿਆਨ ਨਾ ਜਾਵੇ। ਲੋਕ ਮਹਿੰਗਾਈ ਕਾਰਨ ਤਰਾਹ-ਤਰਾਹ ਕਰ ਰਹੇ ਹਨ। ਖਾਣ-ਪੀਣ ਵਾਲੀਆਂ ਵਸਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਡੀਜ਼ਲ, ਪੈਟਰੋਲ ਤੇ ਗੈਸ ਦੀਆਂ ਕੀਮਤਾਂ ਵੀ ਬਹੁਤ ਵਧ ਚੁੱਕੀਆਂ ਹਨ। ਉਤੋਂ ਦੇਸ਼ ਵਿੱਚ ਅੰਤਾਂ ਦੀ ਬੇਰੁਜ਼ਗਾਰੀ ਵਧ ਗਈ ਹੈ। ਲੋਕਾਂ ਨੂੰ ਰੁਜ਼ਗਾਰ ਦੇਣ ਦੀ ਥਾਂ ਕੰਮਾਂ ਤੋਂ ਫਾਰਗ ਕੀਤਾ ਜਾ ਰਿਹਾ ਹੈ। ਪੇਂਡੂ ਲੋਕ ਹਿੰਮਤ ਕਰਕੇ ਫ਼ੌਜ ਵਿੱਚ ਭਰਤੀ ਹੋ ਜਾਂਦੇ ਸਨ, ਪਰ ਮੋਦੀ ਦੀ ਸਰਕਾਰ ਨੇ ਇਹ ਦਰਵਾਜ਼ਾ ਵੀ ਬੰਦ ਕਰ ਦਿੱਤਾ ਹੈ ਤੇ ਫੌਜ ਦੀ ਭਰਤੀ ਵੀ ਠੇਕੇ ’ਤੇ ਚਾਰ ਸਾਲਾਂ ਲਈ ਸ਼ੁਰੂ ਕਰ ਦਿੱਤੀ ਹੈ। ਸੀ ਪੀ ਆਈ ਲੋਕਾਂ ਦੇ ਮਸਲਿਆਂ ਨੂੰ ਲੈ ਕੇ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਵਿੱਢੇਗੀ। ਗੁਰਦਿਆਲ ਸਿੰਘ ਨੇ ਪਿਛਲੇ ਕੰਮਾਂ ਦੀ ਰਿਪੋਰਟ ਪੇਸ਼ ਕੀਤੀ, ਜੋ ਸਰਬਸੰਮਤੀ ਨਾਲ ਪਾਸ ਹੋ ਗਈ।
ਅਜਲਾਸ ਨੇ ਸਰਬਸੰਮਤੀ ਨਾਲ 29 ਮੈਂਬਰੀ ਏਰੀਆ ਕਮੇਟੀ ਅਤੇ ਜ਼ਿਲ੍ਹਾ ਕਾਨਫਰੰਸ ਵਾਸਤੇ 12 ਡੈਲੀਗੇਟਾਂ ਦੀ ਚੋਣ ਵੀ ਕੀਤੀ। ਏਰੀਆ ਕਮੇਟੀ ਨੇ ਸਰਬਸੰਮਤੀ ਨਾਲ ਗੁਰਦਿਆਲ ਸਿੰਘ ਖਡੂਰ ਸਾਹਿਬ ਨੂੰ ਬਲਾਕ ਸਕੱਤਰ, ਬਲਦੇਵ ਸਿੰਘ ਧੂੰਦਾ ਤੇ ਗੁਰਚਰਨ ਸਿੰਘ ਕੰਡਾ ਫਤਿਆਬਾਦ ਨੂੰ ਮੀਤ ਸਕੱਤਰ ਚੁਣ ਲਿਆ।