ਪਟਿਆਲਾ : ਵੀਰਵਾਰ ਇਥੇ ਪਟਿਆਲਾ ਬੱਸ ਸਟੈਂਡ ਵਿਖੇ ਪੀ ਆਰ ਟੀ ਸੀ ਵਿੱਚ ਕੰਮ ਕਰਦੀਆਂ ਛੇ ਜਥੇਬੰਦੀਆਂ ਦੀ ਸਾਂਝੀ ਐਕਸ਼ਨ ਕਮੇਟੀ ਵੱਲੋਂ ਇੱਕ ਹਜ਼ਾਰ ਤੋਂ ਵੱਧ ਵਰਕਰਾਂ ਦਾ ਵਿਸ਼ਾਲ ਇਕੱਠ ਕਰਕੇ ਪੰਜਾਬ ਸਰਕਾਰ ਅਤੇ ਪੀ ਆਰ ਟੀ ਸੀ ਦੀ ਮੈਨੇਜਮੈਂਟ ਪ੍ਰਤੀ ਰੋਸ ਭਰਪੂਰ ਰੈਲੀ ਕੀਤੀ ਗਈ ਅਤੇ ਬਾਅਦ ਵਿੱਚ ਆਪਣੀਆਂ ਮੰਗਾਂ ਲਈ ਸਰਕਾਰ ਵਿਰੋਧੀ ਮਾਟੋ ਅਤੇ ਝੰਡੇ ਲੈ ਕੇ ਰੋਸ ਮਾਰਚ ਕੀਤਾ ਗਿਆ। ਵਿਸ਼ਾਲ ਰੈਲੀ ਅਤੇ ਰੋਸ ਮਾਰਚ ਦੀ ਅਗਵਾਈ ਐਕਸ਼ਨ ਕਮੇਟੀ ਦੇ ਕਨਵੀਨਰ ਨਿਰਮਲ ਸਿੰਘ ਧਾਲੀਵਾਲ ਅਤੇ ਮੈਂਬਰਾਨ ਬਲਦੇਵ ਰਾਜ ਬੱਤਾ, ਹਰਪ੍ਰੀਤ ਸਿੰਘ ਖਟੜਾ, ਰਕੇਸ਼ ਕੁਮਾਰ, ਤਰਸੇਮ ਸਿੰਘ ਅਤੇ ਮੁਹੰਮਦ ਖਲੀਲ ਕਰ ਰਹੇ ਸਨ। ਐਕਸ਼ਨ ਕਮੇਟੀ ਦੇ ਵੱਖ-ਵੱਖ ਬੁਲਾਰਿਆ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੀ ਆਰ ਟੀ ਸੀ ਦੇ ਵਰਕਰਾਂ ਨੂੰ ਅਤੇ ਸੇਵਾ ਮੁਕਤ ਕਰਮਚਾਰੀਆਂ ਨੂੰ ਜਦੋਂ ਤੋਂ ਆਪ ਸਰਕਾਰ ਹੋਂਦ ਵਿੱਚ ਆਈ ਹੈ, ਉਦੋਂ ਤੋਂ ਹੀ ਕਦੇ ਵੀ ਤਨਖਾਹ- ਪੈਨਸ਼ਨ ਸਮੇਂ ਸਿਰ ਨਹੀਂ ਮਿਲੀ, ਕਿਉਂਕਿ ਸਰਕਾਰ ਮੁਫਤ ਸਫਰ ਬਦਲੇ ਬਣਦੇ 250 ਕਰੋੜ ਰੁਪਏ ਦੀ ਅਦਾਇਗੀ ਪੀ ਆਰ ਟੀ ਸੀ ਨੂੰ ਨਹੀਂ ਕਰ ਰਹੀ। ਸਰਕਾਰ ਹੰਕਾਰ ਦੇ ਘੋੜੇ ’ਤੇ ਸਵਾਰ ਹੋਈ ਵਰਕਰਾਂ ਦੇ ਗੁਜ਼ਾਰੇ ਲਈ ਜ਼ਰੂਰੀ ਤਨਖਾਹ-ਪੈਨਸ਼ਨ ਦੇ ਬੁਨਿਆਦੀ ਹੱਕ ਨੂੰ ਵੀ ਕੁਚਲ ਰਹੀ ਹੈ। ਸਰਕਾਰ ਨੂੰ ਇਹ ਵੀ ਅਹਿਸਾਸ ਨਹੀਂ ਜਾਪਦਾ ਕਿ ਜੇਕਰ ਇਸ ਤਰ੍ਹਾਂ ਦੀਆਂ ਸਹੂਲਤਾਂ ਦੇ ਐਲਾਨ ਕਰਕੇ ਵੋਟਾਂ ਬਟੋਰ ਕੇ ਵਰਕਰਾਂ ਨੂੰ ਰੋਟੀ-ਰੋਜ਼ੀ ਦੇ ਸੰਕਟ ਵਿੱਚ ਪਾ ਦਿੱਤਾ ਹੈ ਤਾਂ ਸਰਕਾਰ ਦੀ ਇਖਲਾਕੀ ਜ਼ਿੰਮੇਵਾਰੀ ਕੀ ਹੈ, ਪੀ ਆਰ ਟੀ ਸੀ ਦੀ ਮੈਨੇਜਮੈਂਟ ਦੀ ਨੁਕਤਾਚੀਨੀ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਮੈਨੇਜਮੈਂਟ ਬਠਿੰਡਾ ਵਿਖੇ ਹੋਏ ਬਹੁਕਰੋੜੀ ਟਿਕਟ ਮਸ਼ੀਨਾਂ ਦੇ ਸਕੈਂਡਲ ਲਈ ਬਠਿੰਡਾ ਦੇ ਜਨਰਲ ਮੈਨੇਜਰ ਦੀ ਜ਼ਿੰਮੇਵਾਰੀ ਹੀ ਨਹੀਂ ਤਹਿ ਕਰ ਰਹੀ ਅਤੇ ਕੇਸ ਦੀ ਪੈਰਵਾਈ ਵੀ ਠੀਕ ਤਰੀਕੇ ਨਾਲ ਨਹੀਂ ਕੀਤੀ ਜਾ ਰਹੀ। ਪੁਲਸ ਰਾਹੀਂ ਬਣਦੀਆਂ ਧਾਰਾਵਾਂ ਲਵਾਉਣ ਲਈ ਵੀ ਮੈਨੇਜਮੈਂਟ ਕੋਈ ਯਤਨ ਨਹੀਂ ਕਰ ਰਹੀ। ਇਸ ਤਰ੍ਹਾਂ ਜਾਪਦਾ ਹੈ ਕਿ ਮੈਨੇਜਮੇਂਟ ਇਸ ਸਕੈਂਡਲ ਨੂੰ ਬਹੁਤ ਹੀ ਹਲਕੇ ਵਿੱਚ ਲੈ ਰਹੀ ਹੈ। ਆਗੂਆਂ ਵੱਲੋਂ ਟਾਟਾ ਬੱਸਾਂ ਖਰੀਦ ਕੇ ਮਹਿਕਮੇ ਦਾ ਵੱਡਾ ਮਾਲੀ ਨੁਕਸਾਨ ਕਰਾਉਣ ਦਾ ਵੀ ਨੋਟਿਸ ਲਿਆ ਗਿਆ ਅਤੇ ਕਿਹਾ ਕਿ ਇਹਨਾਂ ਬੱਸਾਂ ਦੀ ਤੁਲਨਾ ਲੇਲੈਂਡ ਗੱਡੀਆਂ ਨਾਲ ਕਰਕੇ ਤੱਥ ਜਨਤਕ ਕੀਤੇ ਜਾਣ। ਕਿਲੋਮੀਟਰ ਸਕੀਮ ਅਧੀਨ ਬੱਸਾਂ ਪਾਉਣ ਦੀ ਯੋਜਨਾ ਦਾ ਸਾਫ ਮਤਲਬ ਹੈ ਕਿ ਪੀ ਆਰ ਟੀ ਸੀ ਅੰਦਰ ਪ੍ਰਾਈਵੇਟ ਬੱਸ ਮਾਫੀਏ ਵਾਲਿਆਂ ਦੀ ਘੁਸਪੈਠ ਕਰਵਾ ਕੇ ਅਦਾਰੇ ਦਾ ਭਾਰੀ ਨੁਕਸਾਨ ਕਰਵਾਇਆ ਜਾਵੇਗਾ। ਟੈਂਡਰਾਂ ਦੀਆਂ ਨੁਕਸਦਾਰ ਸ਼ਰਤਾਂ ਦਾ ਖਮਿਆਜ਼ਾ ਪੀ ਆਰ ਟੀ ਸੀ ਨੂੰ ਪਹਿਲਾਂ ਵਾਂਗ ਲੰਮਾਂ ਸਮਾਂ ਭੁਗਤਣਾ ਪਵੇਗਾ। ਆਗੂਆਂ ਕਿਹਾ ਕਿ ਉਨ੍ਹਾਂ ਦਾ ਸਖਤ ਸਟੈਂਡ ਹੈ ਕਿ ਇਸ ਭਿ੍ਰਸ਼ਟ ਸਕੀਮ ਨੂੰ ਰੱਦ ਕੀਤਾ ਜਾਵੇ। ਬੁਲਾਰਿਆਂ ਕੰਟਰੈਕਟ /ਆਊਟਸੋਰਸ ਵਰਕਰਾਂ ਨੂੰ ਪੱਕੇ ਕਰਨ ਤੋਂ ਆਨਾਕਾਨੀ ਕਰਨ ਲਈ ਸਰਕਾਰ ਦੀ ਸਖਤ ਅਲੋਚਨਾ ਕੀਤੀ। 1992 ਦੀ ਪੈਨਸ਼ਨ ਸਕੀਮ ਸਾਰੇ ਵਰਕਰਾਂ ’ਤੇ ਲਾਗੂ ਕਰਨ ਦੀ ਜ਼ੋਰਦਾਰ ਮੰਗ ਕੀਤੀ ਗਈ। ਅਗਲੇ ਐਕਸ਼ਨ ਪ੍ਰੋਗਰਾਮ ਦਾ ਐਲਨ ਕਰਦਿਆਂ ਐਕਸ਼ਨ ਕਮੇਟੀ ਨੇ ਐਲਾਨ ਕੀਤਾ ਕਿ 25 ਅਗਸਤ ਤੋਂ ਇੱਕ ਹਫਤੇ ਲਈ ਪੀ ਆਰ ਟੀ ਸੀ ਦੇ ਸਾਰੇ ਬੱਸ ਸਟੈਂਡਾਂ ’ਤੇ ਸਾਰਾ ਦਿਨ ਹਰ ਰੋਜ਼ ਸਰਕਾਰ ਦੇ ਮੁਲਾਜ਼ਮ- ਮਜ਼ਦੂਰ ਵਿਰੋਧੀ ਕਿਰਦਾਰ ਖਿਲਾਫ ਅਤੇ ਮੈਨੇਜਮੈਂਟ ਦੀ ਵਰਕਰਾਂ ਦੀਆਂ ਮੰਗਾਂ ਪ੍ਰਤੀ ਬੇਰੁਖੀ ਵਿਰੁੱਧ ਜ਼ੋਰਦਾਰ ਪ੍ਰਚਾਰ ਮੁਹਿੰਮ ਚਲਾਈ ਜਾਵੇਗੀ।