ਬੀਜਾਪੁਰ : ਛੱਤੀਸਗੜ੍ਹ ਦੇ ਨਕਸਲ ਪ੍ਰਭਾਵਤ ਬੀਜਾਪੁਰ ਜ਼ਿਲ੍ਹੇ ’ਚ ਨਕਸਲੀਆਂ ਨੇ ਸੋਮਵਾਰ ਬਾਰੂਦੀ ਸੁਰੰਗ ਦਾ ਧਮਾਕਾ ਕਰ ਕੇ ਸੁਰੱਖਿਆ ਬਲਾਂ ਦੇ ਵਾਹਨ ਨੂੰ ਉਡਾ ਦਿੱਤਾ, ਜਿਸ ਨਾਲ 8 ਜਵਾਨਾਂ ਸਣੇ 9 ਵਿਅਕਤੀਆਂ ਦੀ ਮੌਤ ਹੋ ਗਈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਕੁਟਰੂ ਥਾਣਾ ਖੇਤਰ ਅਧੀਨ ਅੰਬੇਲੀ ਪਿੰਡ ਦੇ ਨੇੜੇ ਨਕਸਲੀਆਂ ਨੇ ਬਾਰੂਦੀ ਸੁਰੰਗ ’ਚ ਧਮਾਕਾ ਕੀਤਾ। ਇਸ ਘਟਨਾ ’ਚ ਦਾਂਤੇਵਾੜਾ ਡਿਸਟਿ੍ਰਕਟ ਰਿਜ਼ਰਵ ਗਾਰਡ (ਡੀ ਆਰ ਜੀ) ਦੇ 8 ਜਵਾਨ ਸ਼ਹੀਦ ਹੋ ਗਏ ਅਤੇ ਵਾਹਨ ਚਾਲਕ ਦੀ ਵੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦਾਂਤੇਵਾੜਾ, ਨਾਰਾਇਣਪੁਰਾ ਤੇ ਬੀਜਾਪੁਰ ਜ਼ਿਲ੍ਹਿਆਂ ਦੀ ਸਾਂਝੀ ਟੀਮ ਨੂੰ ਨਕਸਲ ਵਿਰੋਧੀ ਮੁਹਿੰਮ ਲਈ ਰਵਾਨਾ ਕੀਤਾ ਗਿਆ ਸੀ। ਟੀਮ ਜਦੋਂ ਮੁਹਿੰਮ ਤੋਂ ਵਾਪਸ ਪਰਤ ਰਹੀ ਸੀ ਤਾਂ ਦੁਪਹਿਰ ਕਰੀਬ 2.15 ਵਜੇ ਕੁਟਰੂ ਥਾਣਾ ਖੇਤਰ ਅਧੀਨ ਅੰਬੇਲੀ ਪਿੰਡ ਨੇੜੇ ਨਕਸਲੀਆਂ ਨੇ ਬਾਰੂਦੀ ਸੁਰੰਗ ’ਚ ਧਮਾਕਾ ਕਰ ਕੇ ਵਾਹਨ ਨੂੰ ਉਡਾ ਦਿੱਤਾ। 26 ਅਪਰੈਲ 2023 ਨੂੰ ਗੁਆਂਢੀ ਦਾਂਤੇਵਾੜਾ ਜ਼ਿਲ੍ਹੇ ’ਚ ਸੁਰੱਖਿਆ ਮੁਲਾਜ਼ਮਾਂ ਨੂੰ ਲੈ ਕੇ ਜਾ ਰਹੇ ਇਕ ਐੱਮ ਯੂ ਵੀ ਨੂੰ ਨਕਸਲੀਆਂ ਨੇ ਬੰਬ ਨਾਲ ਉਡਾ ਦਿੱਤਾ ਸੀ। ਇਸ ਘਟਨਾ ’ਚ 10 ਪੁਲਸ ਮੁਲਾਜ਼ਮਾਂ ਤੇ ਇਕ ਚਾਲਕ ਦੀ ਮੌਤ ਹੋ ਗਈ ਸੀ।




