ਮਾਰਕਸਵਾਦ ਤੇ ਅੰਬੇਡਕਰਵਾਦ ਦੀ ਸਾਂਝ ਦੇਸ਼ ਦੇ ਸੁਲੱਖਣੇ ਭਵਿੱਖ ਲਈ ਸਹਾਈ ਹੋਵੇਗੀ : ਡੀ ਰਾਜਾ

0
145

ਹੈਦਰਾਬਾਦ (ਗਿਆਨ ਸੈਦਪੁਰੀ)
‘ਮਾਰਕਸਵਾਦ ਅਤੇ ਅੰਬੇਡਕਰਵਾਦ ਦੀ ਸਾਂਝ ਭਾਰਤ ਦੇ ਭਵਿੱਖ ਨੂੰ ਸੁਲੱਖਣਾ ਕਰਨ ਲਈ ਸਹਾਈ ਸਿੱਧ ਹੋਵੇਗੀ।’ ਉਕਤ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਡੀ. ਰਾਜਾ ਨੇ ਕੀਤਾ। ਉਹ ਇੱਥੇ ‘ਕੁਲ ਹਿੰਦ ਦਲਿਤ ਅਧਿਕਾਰ ਅੰਦੋਲਨ’ ਦੀ ਦੂਸਰੀ ਕੌਮੀ ਕਾਨਫਰੰਸ ਦੌਰਾਨ ਇੰਦਰਾ ਪਾਰਕ ਵਿੱਚ ਹੋਈ ਵੱਡੀ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾ ਕਿਹਾ ਕਿ ਇਸ ਸਮੇਂ ਭਾਰਤ ਬੜੇ ਹੀ ਨਾਜ਼ਕ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਸੰਵਿਧਾਨ ਨੂੰ ਖਤਮ ਕੀਤਾ ਜਾ ਰਿਹਾ ਹੈ। ਦਲਿਤਾਂ ਅਤੇ ਆਦਿਵਾਸੀਆਂ ਨਾਲ ਪਹਿਲਾਂ ਤੋਂ ਹੋ ਰਹੇ ਅੱਤਿਆਚਾਰ ਅਤੇ ਵਿਤਕਰੇ ਦੇ ਵਰਤਾਰੇ ਵਿੱਚ ਹੋਰ ਵਾਧਾ ਹੋ ਰਿਹਾ ਹੈ। ਇਸ ਲਈ ਇਨ੍ਹਾਂ ਸਮਿਆਂ ਅੰਦਰ ਮਾਰਕਸ ਅਤੇ ਡਾ. ਅੰਬੇਡਕਰ ਦੇ ਮਨੁੱਖਵਾਦੀ ਫ਼ਲਸਫ਼ੇ ਨੂੰ ਲਾਗੂ ਕਰਵਾਉਣ ਲਈ ਦੋਵਾਂ ਦੀ ਸਾਂਝ ਜ਼ਰੂਰੀ ਹੈ। ਇਹ ਸਾਂਝ ਭਾਰਤ ਦੇ ਚਿਹਰੇ ਨੂੰ ਉਜਲਾ ਕਰੇਗੀ। ਡੀ. ਰਾਜਾ ਨੇ ਕਮਿਊਨਿਸਟ ਪਾਰਟੀ ਦੇ ਸੌ ਵਰ੍ਹੇ ਪੂਰੇ ਕਰਨ ਦੇ ਸੰਦਰਭ ਵਿੱਚ ਗੱਲ ਕਰਦਿਆਂ ਕਿਹਾ ਕਿ 1925 ਵਿੱਚ ਜਨਮ ਲੈਣ ਵਾਲੀ ਪਾਰਟੀ ਦੇ ਪਹਿਲੇ ਚੇਅਰਮੈਨ ਕਾਮਰੇਡ ਸੰਘੇਰਵੇਲੂ ਸਨ। ਉਹ ਉੱਚ ਦੁਮਾਲੜੇ ਆਗੂ ਸਨ ਤੇ ਉਹੀ ਪਹਿਲੇ ਸਨ, ਜਿਨ੍ਹਾ ਛੂਤ-ਛਾਤ ਵਿਰੁੱਧ ਗੰਭੀਰ ਚਿਤਾਵਨੀ ਦਿੱਤੀ ਸੀ। ਓਦੋਂ ਤੋਂ ਲੈ ਕੇ ਹੁਣ ਤੱਕ ਸੀ ਪੀ ਆਈ ਦਲਿਤਾਂ, ਆਦਿਵਾਸੀਆਂ ਅਤੇ ਹੋਰ ਥੁੜ੍ਹਾਂ ਮਾਰੇ ਲੋਕਾਂ ਲਈ ਸੰਘਰਸ਼ ਕਰ ਰਹੀ ਹੈ। ਹੁਣ ਇਸ ਵਿੱਚ ਹੋਰ ਸੰਜੀਦਾ ਹੋਣ ਦੀ ਲੋੜ ਹੈ। ਉਨ੍ਹਾ ਕਿਹਾ ਕਿ ਭਾਰਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕਾਂ ਨੂੰ ‘ਡਿਜੀਟਲ ਇੰਡੀਆ’ ਅਤੇ ਵਿਸ਼ਵ ਗੁਰੂ ਬਣ ਜਾਣ ਦੇ ਦੁਰਪ੍ਰਚਾਰ ਰਾਹੀਂ ਗੁੰਮਰਾਹ ਕਰ ਰਿਹਾ ਹੈ। ਇਸ ਦੇ ਨਾਲ ਹੀ ਮਨੂ ਸਿਮਰਤੀ ਲਾਗੂ ਕਰਵਾ ਕੇ ਲੋਕਾਂ ਅੰਦਰ ਵੰਡੀਆਂ ਨੂੰ ਹੋਰ ਪਕੇਰਾ ਕਰਨ ਦੇ ਰਾਹ ਪਿਆ ਹੋਇਆ ਹੈ। ਇਸ ਦੇ ਉਲਟ ਡਾ. ਅੰਬੇਡਕਰ ਜਾਤ ਦੇ ਭੂਤ ਨੂੰ ਮਾਰਨ ਦੀ ਕੋਸ਼ਿਸ਼ ਵਿੱਚ ਹਮੇਸ਼ਾ ਯਤਨਸ਼ੀਲ ਰਹੇ। ਉਨ੍ਹਾ ਕਿਹਾ ਕਿ ਆਧੁਨਿਕ ਛੂਤ-ਛਾਤ ਨੇ ਨਵਾਂ ਰੂਪ ਧਾਰਨ ਕਰ ਲਿਆ ਹੈ। ਇਸ ਰੂਪ ਨੇ ਹੋਰ ਘਿਰਣਾ ਪੈਦਾ ਕਰ ਦਿੱਤੀ ਹੈ।
ਕਮਿਊਨਿਸਟ ਪਾਰਟੀ ਦੇ ਸਿਖਰਲੇ ਆਗੂ ਡੀ. ਰਾਜਾ ਨੇ ਕਿਹਾ ਕਿ 19ਵੀਂ ਅਤੇ ਵੀਹਵੀਂ ਸਦੀ ਵਿੱਚ ਜਿਨ੍ਹਾਂ ਪ੍ਰਮੁੱਖ ਆਗੂਆਂ ਨੇ ਭਾਰਤੀ ਸਮਾਜ ਦੇ ਅਮਾਨਵੀਂ ਅਤੇ ਅਪਮਾਨਜਨਕ ਸਵਰੂਪ ਦੇ ਵਿਰੁੱਧ ਸੰਘਰਸ਼ ਕੀਤਾ, ਉਨ੍ਹਾਂ ਵਿੱਚ ਮਹਾਰਾਸ਼ਟਰ ਦੇ ਮਹਾਤਮਾ ਫੂਲੇ, ਕੇਰਲ ਦੇ ਨਰਾਇਣ ਗੁਰੂ ਤੇ ਅਧਿਅਨਕਾਲੀ, ਤਾਮਿਲਨਾਡੂ ਦੇ ਪੰਡਤ ਅਯੋਤੀ ਦਾਸ ਅਤੇ ਪੇਰੀਅਰ ਈ. ਵੀ. ਰਾਮਸਵਾਮੀ ਸ਼ਾਮਲ ਸਨ। ਭਾਰਤੀ ਸਮਾਜ ਵਿੱਚ ਡਾ. ਅੰਬੇਡਕਰ ਦਾ ਦਖਲ ਆਪਣੇ ਆਪ ਵਿੱਚ ਕ੍ਰਾਂਤੀਕਾਰੀ ਸਰੂਪ ਵਾਲਾ ਸੀ।
ਉਹਨਾ ਕਿਹਾ ਕਿ ਸੰਸਦ ਦੇ ਰਿਕਾਰਡ ਵਿੱਚ ਦਰਜ ਹੈ, ਜਦੋਂ ਉਨ੍ਹਾ ਕਿਹਾ ਸੀ ਕਿ ਦਲਿਤ ਹਮਦਰਦੀ ਨਹੀਂ ਚਾਹੁੰਦੇ, ਸਗੋਂ ਉਹ ਮਨੁੱਖਵਾਦੀ ਵਿਹਾਰ ਚਾਹੁੰਦੇ ਹਨ।
ਅੰਤ ਵਿੱਚ ਡੀ ਰਾਜਾ ਨੇ ‘ਭਾਰਤ ਬਚਾਓ, ਸੰਵਿਧਾਨ ਬਚਾਓ ਤੇ ਜਮਹੂਰੀਅਤ ਬਚਾਓ’ ਦਾ ਨਾਹਰਾ ਦਿੰਦਿਆਂ ਕਿਹਾ ਕਿ ਇਸ ਨੂੰ ਅਮਲੀ ਰੂਪ ਦੇਣ ਲਈ ਅਸੀਂ ਸੰਘਰਸ਼ਾਂ ਦੇ ਪਿੜ ਵਿੱਚ ਹਾਂ ਤੇ ਇਹ ਸੰਘਰਸ਼ ਜਿੱਤ ਤੱਕ ਜਾਰੀ ਰਹੇਗਾ। ਰੈਲੀ ਵਿੱਚ ਔਰਤਾਂ ਦੀ ਵੱਡੀ ਸ਼ਮੂਲੀਅਤ ਦੇਖ ਕੇ ਡੀ. ਰਾਜਾ ਨੇ ਪ੍ਰਸੰਨਤਾ ਪ੍ਰਗਟਾਈ।
ਰੈਲੀ ਦੌਰਾਨ ਇਪਟਾ ਦੀ ਟੀਮ ਨੇ ਇਨਕਲਾਬੀ ਗੀਤਾਂ ਰਾਹੀਂ ਜੋਸ਼ ਭਰ ਦਿੱਤਾ। ਰੈਲੀ ਨੂੰ ਵਿਜੇਂਦਰ ਸਿੰਘ ਜਨਰਲ ਸਕੱਤਰ ਕੁਲ ਹਿੰਦ ਦਲਿਤ ਅਧਿਕਾਰ ਅੰਦੋਲਨ, ਗੁਲਜ਼ਾਰ ਸਿੰਘ ਗੋਰੀਆ ਕੌਮੀ ਆਗੂ ਅਤੇ ਤਿਲੰਗਾਨਾ ਦੇ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ।