ਓਟਵਾ : ਪਾਰਟੀ ’ਚ ਅੰਦਰੂਨੀ ਵਿਵਾਦ ਤੇ ਲੋਕਪਿ੍ਰਅਤਾ ਘਟਣ ਕਰਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਸ ਹਫਤੇ ਲਿਬਰਲ ਪਾਰਟੀ ਦੇ ਨੇਤਾ ਦੇ ਅਹੁਦੇ ਤੋਂ ਅਸਤੀਫਾ ਦੇ ਸਕਦੇ ਹਨ। ‘ਗਲੋਬ ਐਂਡ ਮੇਲ’ ਅਖਬਾਰ ਨੇ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਹ ਸਪੱਸ਼ਟ ਨਹੀਂ ਹੈ ਕਿ ਟਰੂਡੋ ਕਦੋਂ ਅਹੁਦਾ ਛੱਡਣਗੇ, ਪਰ ਬੁੱਧਵਾਰ ਨੂੰ ਹੋਣ ਵਾਲੀ ਇਕ ਅਹਿਮ ਮੀਟਿੰਗ ਤੋਂ ਪਹਿਲਾਂ ਉਨ੍ਹਾ ਦੇ ਅਸਤੀਫੇ ਦੀ ਆਸ ਹੈ। ਟਰੂਡੋ 2015 ਤੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਹਨ। ਹਾਲ ਹੀ ’ਚ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਨ ਵਾਲੇ ਇਕ ਸੂਤਰ ਨੇ ਕਿਹਾ ਕਿ 53 ਸਾਲਾ ਟਰੂਡੋ ਦਾ ਮੰਨਣਾ ਹੈ ਕਿ ਪਾਰਟੀ ਦੀ ਮੀਟਿੰਗ (ਲਿਬਰਲ ਕੌਕਸ) ਤੋਂ ਪਹਿਲਾਂ ਉਨ੍ਹਾ ਨੂੰ ਇਕ ਬਿਆਨ ਦੇਣ ਦੀ ਲੋੜ ਹੈ, ਤਾਂ ਜੋ ਅਜਿਹਾ ਨਾ ਲੱਗੇ ਕਿ ਉਨ੍ਹਾ ਨੂੰ ਆਪਣੇ ਹੀ ਸੰਸਦ ਮੈਂਬਰਾਂ ਵੱਲੋਂ ਜਬਰੀ ਹਟਾਇਆ ਗਿਆ ਹੈ। ਸੂਤਰਾਂ ਨੇ ਕਿਹਾ ਕਿ ਇਹ ਸਪੱਸ਼ਟ ਨਹੀਂ ਹੈ ਕਿ ਟਰੂਡੋ ਤੁਰੰਤ ਅਹੁਦਾ ਛੱਡ ਦੇਣਗੇ ਜਾਂ ਨਵਾਂ ਨੇਤਾ ਚੁਣੇ ਜਾਣ ਤੱਕ ਪ੍ਰਧਾਨ ਮੰਤਰੀ ਬਣੇ ਰਹਿਣਗੇ। ਰਿਪੋਰਟ ’ਚ ਕਿਹਾ ਗਿਆ ਹੈ ਕਿ ਲਿਬਰਲ ਪਾਰਟੀ ਦੀ ਕੌਮੀ ਕਾਰਜਕਾਰਨੀ ਲੀਡਰਸ਼ਿਪ ਦੇ ਮੁੱਦਿਆਂ ਬਾਰੇ ਫੈਸਲੇ ਲਵੇਗੀ ਅਤੇ ਇਸ ਹਫਤੇ ਉਸ ਦੀ ਮੀਟਿੰਗ ਪ੍ਰਸਤਾਵਤ ਹੈ। ਐਤਵਾਰ ਨੂੰ ਇਕ ਸੂਤਰ ਨੇ ਕਿਹਾ ਕਿ ਉਨ੍ਹਾਂ ਦਾ ਅਨੁਮਾਨ ਹੈ ਕਿ ਜਦੋਂ ਤੱਕ ਕੋਈ ਨਵਾਂ ਨੇਤਾ ਨਹੀਂ ਚੁਣਿਆ ਜਾਂਦਾ, ਟਰੂਡੋ ਉਦੋਂ ਤੱਕ ਆਪਣੇ ਅਹੁਦੇ ’ਤੇ ਕਾਇਮ ਰਹਿਣਗੇ। ਲਿਬਰਲ ਪਾਰਟੀ ਦੇ ਇਕ ਸੂਤਰ ਨੇ ਦੱਸਿਆ ਕਿ ਲੀਡਰਸ਼ਿਪ ਦਾ ਫੈਸਲਾ ਕਰਨ ’ਚ ਘੱਟੋ-ਘੱਟ ਤਿੰਨ ਮਹੀਨੇ ਲੱਗਣਗੇ, ਹਾਲਾਂਕਿ ਪਾਰਟੀ ਸੰਵਿਧਾਨ ’ਚ ਘੱਟੋ-ਘੱਟ ਚਾਰ ਮਹੀਨੇ ਦਾ ਪ੍ਰਬੰਧ ਹੈ। ਟਰੂਡੋ ਦੇ ਅਸਤੀਫੇ ਦੀ ਖਬਰ ਅਜਿਹੇ ਸਮੇਂ ’ਚ ਆਈ ਹੈ ਜਦੋਂ ਦੇਸ਼ ’ਚ ਉਨ੍ਹਾ ਦੀ ਲੋਕਪਿ੍ਰਅਤਾ ਲਗਾਤਾਰ ਘਟਦੀ ਜਾ ਰਹੀ ਹੈ ਅਤੇ ਅਕਤੂਬਰ ਦੇ ਅਖੀਰ ਤੱਕ ਦੇਸ਼ ’ਚ ਚੋਣਾਂ ਹੋਣੀਆਂ ਹਨ।





