ਚੰਡੀਗੜ੍ਹ (ਗੁਰਜੀਤ ਬਿੱਲਾ)-ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਫਰਵਰੀ/ਮਾਰਚ 2025 ਦੀ ਸਾਲਾਨਾ ਪ੍ਰੀਖਿਆ (ਸਮੇਤ ਓਪਨ ਸਕੂਲ) ਮਿਤੀ 19 ਫਰਵਰੀ ਤੋਂ ਸ਼ੁਰੂ ਕਰਵਾਈ ਜਾਣੀ ਹੈ।ਅੱਠਵੀਂ ਸ਼੍ਰੇਣੀ ਦੀ ਪ੍ਰੀਖਿਆ ਮਿਤੀ 19 ਫਰਵਰੀ ਤੋਂ 7 ਮਾਰਚ, ਦਸਵੀਂ ਸ਼੍ਰੇਣੀ ਦੀ ਪ੍ਰੀਖਿਆ 10 ਮਾਰਚ ਤੋਂ 4 ਅਪਰੈਲ ਤੱਕ ਅਤੇ ਬਾਰ੍ਹਵੀ ਸ਼੍ਰੇਣੀ ਦੀ ਪ੍ਰੀਖਿਆ 19 ਫਰਵਰੀ ਤੋਂ 4 ਅਪਰੈਲ ਤੱਕ ਬੋਰਡ ਵੱਲੋਂ ਸਥਾਪਤ ਪ੍ਰੀਖਿਆ ਕੇਂਦਰਾਂ ਵਿੱਚ ਕਰਵਾਈ ਜਾਵੇਗੀ। ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਲਈ ਪ੍ਰੀਖਿਆ ਸ਼ੁਰੂ ਹੋਣ ਦਾ ਸਮਾਂ ਸਵੇਰੇ 11.00 ਵਜੇ ਹੋਵੇਗਾ।
ਮੇਲਾ ਮਾਘੀ ਮੌਕੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ’ਚ ਛੁੱਟੀ
ਚੰਡੀਗੜ੍ਹ (ਗੁਰਜੀਤ ਬਿੱਲਾ)-ਪੰਜਾਬ ਸਰਕਾਰ ਨੇ ਮੇਲਾ ਮਾਘੀ ਮੌਕੇ 14 ਜਨਵਰੀ (ਮੰਗਲਵਾਰ) ਨੂੰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਦਫ਼ਤਰਾਂ, ਬੋਰਡਾਂ/ਕਾਰਪੋਰੇਸ਼ਨਾਂ ਅਤੇ ਸਰਕਾਰੀ ਵਿੱਦਿਅਕ ਅਦਾਰਿਆਂ ਵਿੱਚ ਸਥਾਨਕ ਛੁੱਟੀ ਘੋਸ਼ਿਤ ਕੀਤੀ ਹੈ।ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।
ਜਦ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਭੁੱਖ ਹੜਤਾਲ ਜਾਰੀ ਰਹੇਗੀ : ਪ੍ਰਸ਼ਾਂਤ ਕਿਸ਼ੋਰ
ਪਟਨਾ : ਬਿਹਾਰ ਲੋਕ ਸੇਵਾ ਕਮਿਸ਼ਨ ਦੀ 79ਵੀਂ ਸਿਵਲ ਸੇਵਾ ਪ੍ਰੀਖਿਆ ’ਚ ਕਥਿਤ ਬੇਨਿਯਮੀਆਂ ਖਿਲਾਫ਼ ਭੁੱਖ ਹੜਤਾਲ ਕਰ ਰਹੇ ਜਨ ਸੁਰਾਜ ਪਾਰਟੀ ਦੇ ਪ੍ਰਸ਼ਾਂਤ ਕਿਸ਼ੋਰ ਨੇ ਆਪਣੇ ਕਦਮ ਪਿੱਛੇ ਹਟਾਉਣ ਤੋਂ ਇਨਕਾਰ ਕਰ ਦਿੱਤਾ ਹੈ। ਪਟਨਾ ਦੇ ਮੇਦਾਂਤਾ ਹਸਪਤਾਲ ’ਚ ਭਰਤੀ ਪੀ ਕੇ ਨਾਲ ਬੀ ਪੀ ਐੱਸ ਸੀ ਦੇ ਇੱਕ ਪ੍ਰਤੀਨਿਧੀ ਮੰਡਲ ਨੇ ਬੁੱਧਵਾਰ ਮੁਲਾਕਾਤ ਕੀਤੀ। ਉਨ੍ਹਾ ਪੀ ਕੇ ਨੂੰ ਭੁੱਖ ਹੜਤਾਲ ਤੋੜਨ ਦੀ ਅਪੀਲ ਕੀਤੀ। ਹਾਲਾਂਕਿ ਪ੍ਰਸ਼ਾਂਤ ਨੇ ਉਨ੍ਹਾਂ ਦੀ ਅਪੀਲ ਨੂੰ ਠੁਕਰਾ ਦਿੱਤਾ। ਪੀ ਕੇ ਨੇ ਕਿਹਾ ਕਿ ਜਦ ਤੱਕ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ, ਉਦੋਂ ਤੱਕ ਉਹ ਭੁੱਖ ਹੜਤਾਲ ਜਾਰੀ ਰੱਖਣਗੇ। ਜਨ ਸੁਰਾਜ ਪਾਰਟੀ ਨੇ ਸੋਸ਼ਲ ਮੀਡੀਆ ਪੋਸਟ ਜ਼ਰੀਏ ਇਹ ਜਾਣਕਾਰੀ ਦਿੱਤੀ।




